ਅਮਰੀਕੀ ਆਰਮੀ ਨੇ ਫਾਈਜ਼ਰ ਨੂੰ ਕੋਰੋਨਾ ਵੈਕਸੀਨ ਲਈ ਦਿੱਤਾ ਲੱਖਾਂ ਡਾਲਰ ਦਾ ਕੰਟ੍ਰੈਕਟ
Tuesday, Aug 03, 2021 - 10:04 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਪੈਂਟਾਗਨ ਨੇ ਸੋਮਵਾਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂ. ਐੱਸ. ਆਰਮੀ ਨੇ ਫਾਈਜ਼ਰ ਨੂੰ ਅਗਲੇ ਸਾਲ ਦੇ ਅੰਤ ਤੱਕ ਦੁਨੀਆ ਭਰ ’ਚ ਵੰਡਣ ਲਈ ਆਪਣੀਆਂ ਕੋਵਿਡ-19 ਟੀਕੇ ਦੀਆਂ 500 ਮਿਲੀਅਨ ਖੁਰਾਕਾਂ ਬਣਾਉਣ ਲਈ 3.5 ਬਿਲੀਅਨ ਡਾਲਰ ਦਾ ਕੰਟ੍ਰੈਕਟ ਦਿੱਤਾ ਹੈ। ਪਿਛਲੇ ਮਹੀਨੇ ਫਾਈਜ਼ਰ ਨੇ ਅਮਰੀਕਾ ਨੂੰ 200 ਮਿਲੀਅਨ ਖੁਰਾਕਾਂ ਦਾ ਨਵਾਂ ਬੈਚ ਇਸ ਸਾਲ ਅਕਤੂਬਰ ਤੇ 2022 ਦੇ ਅਪ੍ਰੈਲ ਵਿਚਕਾਰ ਦੇਣ ਦਾ ਵੀ ਐਲਾਨ ਕੀਤਾ ਸੀ। ਫਾਈਜ਼ਰ ਦੇ ਚੇਅਰਮੈਨ ਅਤੇ ਸੀ. ਈ. ਓ. ਅਲਬਰਟ ਬੌਰਲਾ ਅਨੁਸਾਰ ਯੂ. ਐੱਸ. ਸਰਕਾਰ ਦੇ ਨਾਲ ਕੰਪਨੀ ਦੀ ਭਾਈਵਾਲੀ ਟੀਕੇ ਦੀਆਂ ਲੱਖਾਂ ਖੁਰਾਕਾਂ ਨੂੰ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ’ਚ ਜਲਦੀ ਤੋਂ ਜਲਦੀ ਲਿਆਉਣ ’ਚ ਸਹਾਇਤਾ ਕਰੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹਨੀ ਸਿੰਘ ਖ਼ਿਲਾਫ਼ ਪਤਨੀ ਨੇ ਦਰਜ ਕਰਵਾਇਆ ਘਰੇਲੂ ਹਿੰਸਾ ਦਾ ਕੇਸ, ਅਦਾਲਤ ਵੱਲੋਂ ਨੋਟਿਸ ਜਾਰੀ
ਉਨ੍ਹਾਂ ਕਿਹਾ ਕਿ ਕੋਵਿਡ-19 ਨੇ ਹਰ ਕਿਸੇ ਨੂੰ, ਹਰ ਜਗ੍ਹਾ ਪ੍ਰਭਾਵਿਤ ਕੀਤਾ ਹੈ ਅਤੇ ਇਸ ਮਹਾਮਾਰੀ ਵਿਰੁੱਧ ਲੜਾਈ ਜਿੱਤਣ ਲਈ ਟੀਕਿਆਂ ਦੀ ਤੇਜ਼ੀ ਨਾਲ ਪਹੁੰਚ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਪਿਛਲੇ ਮਹੀਨੇ ਪਬਲਿਕ ਹੈਲਥ ਇੰਗਲੈਂਡ ਵੱਲੋਂ ਫੰਡ ਕੀਤੇ ਗਏ ਅਤੇ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ’ਚ ਪ੍ਰਕਾਸ਼ਿਤ ਇੱਕ ਅਧਿਐਨ ’ਚ ਪਾਇਆ ਗਿਆ ਕਿ ਫਾਈਜ਼ਰ-ਬਾਇਓਨਟੈੱਕ ਟੀਕੇ ਦੀਆਂ ਦੋ ਖੁਰਾਕਾਂ ਕੋਵਿਡ-19 ਦੇ ਡੈਲਟਾ ਰੂਪ ਤੋਂ ਗੰਭੀਰ ਬੀਮਾਰੀ ਨੂੰ ਰੋਕਣ ’ਚ 88 ਫੀਸਦੀ ਪ੍ਰਭਾਵਸ਼ਾਲੀ ਹਨ ।