ਸ਼ਿਨਜਿਆਂਗ ਨਸਲਕੁਸ਼ੀ ਸੰਮੇਲਨ ਦਾ ਉਦੇਸ਼ ਚੀਨ ’ਤੇ ਦਬਾਅ ਵਧਾਉਣਾ

Wednesday, Sep 01, 2021 - 05:31 PM (IST)

ਸ਼ਿਨਜਿਆਂਗ ਨਸਲਕੁਸ਼ੀ ਸੰਮੇਲਨ ਦਾ ਉਦੇਸ਼ ਚੀਨ ’ਤੇ ਦਬਾਅ ਵਧਾਉਣਾ

ਲੰਡਨ (ਏ. ਪੀ.)-ਉੱਤਰ-ਪੱਛਮੀ ਸ਼ਿਨਜਿਆਂਗ ਖੇਤਰ ’ਚ ਉਈਗਰ ਜਾਤੀ ਸਮੂਹ ਖ਼ਿਲਾਫ਼ ਚੀਨੀ ਸਰਕਾਰ ਦੀ ਕਥਿਤ ਨਸਲਕੁਸ਼ੀ ਬਾਰੇ ਵਿਚਾਰ-ਵਟਾਂਦਰੇ ਲਈ ਬੁੱਧਵਾਰ ਨੂੰ ਪਹਿਲੀ ਵਾਰ ਵੱਡੀ ਪੱਧਰ ’ਤੇ ਹੋ ਰਹੇ ਸੰਮੇਲਨ ’ਚ ਸਿਆਸੀ ਤੇ ਮਨੁੱਖੀ ਅਧਿਕਾਰ ਸਮੂਹਾਂ ਦੇ ਨਾਲ-ਨਾਲ ਪ੍ਰਮੁੱਖ ਵਿਦਵਾਨ ਤੇ ਵਕੀਲ ਸ਼ਾਮਿਲ ਹੋ ਰਹੇ ਹਨ। ਨਿਊਕੈਸਲ ਯੂਨੀਵਰਸਿਟੀ ਵਿਖੇ ਹੋ ਰਹੇ ਤਿੰਨ ਰੋਜ਼ਾ ਸੰਮੇਲਨ ’ਚ ਸੀਨੀਅਰ ਬ੍ਰਿਟਿਸ਼ ਜੱਜ ਤੇ ਸੰਸਦ ਮੈਂਬਰਾਂ ਸਮੇਤ ਦਰਜਨਾਂ ਬੁਲਾਰੇ ਸ਼ਾਮਲ ਹੋ ਰਹੇ ਹਨ। ਇਹ ਪਹਿਲੀ ਵਾਰ ਹੈ, ਜਦੋਂ ਸ਼ਿਨਜਿਆਂਗ ਅਤੇ ਨਸਲਕੁਸ਼ੀ ਬਾਰੇ ਇੰਨੇ ਮਾਹਿਰ ਇਕੱਠੇ ਹੋਏ ਹਨ। ਤਾਜ਼ਾ ਕਦਮ ਦਾ ਉਦੇਸ਼ ਉਈਗਰਾਂ ਅਤੇ ਹੋਰ ਮੁਸਲਿਮ ਤੇ ਤੁਰਕੀ ਮੂਲ ਦੇ ਘੱਟਗਿਣਤੀਆਂ ਦੇ ਅਧਿਕਾਰਾਂ ਦੀ ਕਥਿਤ ਉਲੰਘਣਾ ਲਈ ਚੀਨ ਨੂੰ ਜਵਾਬਦੇਹ ਠਹਿਰਾਉਣਾ ਹੈ। ਬੁਲਾਰੇ ਜ਼ਬਰਦਸਤੀ ਮਜ਼ਦੂਰੀ, ਜਬਰੀ ਜਨਮ ਨਿਯੰਤਰਣ ਅਤੇ ਧਰਮ ਪਰਿਵਰਤਨ ਸਮੇਤ ਉਈਗਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਥਿਤ ਅੱਤਿਆਚਾਰਾਂ ਦੇ ਸਬੂਤ ਸ਼ਾਮਲ ਕਰਨਗੇ ਅਤੇ ਇਸ ਕਥਿਤ ਜ਼ਿਆਦਤੀ ਨੂੰ ਰੋਕਣ ਲਈ ਅੰਤਰਰਾਸ਼ਟਰੀ ਕਾਰਵਾਈ ਲਈ ਮਜਬੂਰ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ ਜਾਵੇਗੀ।

ਉਈਗਰ ਅਧਿਐਨਾਂ ’ਚ ਮੁਹਾਰਤ ਰੱਖਣ ਵਾਲੇ ਆਯੋਜਕ ਜੋ ਸਮਿਤ ਫਿਨਲੇ ਨੇ ਕਿਹਾ, ‘‘ਅਸੀਂ ਨਹੀਂ ਚਾਹੁੰਦੇ ਕਿ ਇਸ ਨੂੰ ਸਿਰਫ ਵਿਦਵਾਨਾਂ ਦੇ ਮਾਮਲੇ ’ਚ ਸੀਮਤ ਕੀਤਾ ਜਾਵੇ-ਅਸੀਂ ਇਨ੍ਹਾਂ ਸਾਰੇ ਲੋਕਾਂ ਨੂੰ ਇਕੱਠੇ ਕਰ ਰਹੇ ਹਾਂ ਤਾਂ ਜੋ ਚੀਨ ’ਤੇ ਦਬਾਅ ਵਧਾਉਣ ਲਈ, ਉਈਗਰਾਂ ’ਤੇ ਜ਼ੁਲਮ ਨੂੰ ਖਤਮ ਕਰਨ ਦੇ ਤਰੀਕਿਆਂ ਬਾਰੇ ਸੋਚਣ ਲਈ, ਉਨ੍ਹਾਂ ਦੀ ਮੁਹਾਰਤ ਅਤੇ ਪ੍ਰਭਾਵ ਨੂੰ ਇਕੱਠੇ ਲਿਆਂਦਾ ਜਾ ਸਕੇ।” ਉਨ੍ਹਾਂ ਕਿਹਾ, “ਇਹ ਇੱਕ ਵੱਡੀ ਮਨੁੱਖਤਾਵਾਦੀ ਤਬਾਹੀ ਹੈ, ਜੋ ਤੇਜ਼ੀ ਨਾਲ ਵਧ ਰਹੀ ਹੈ। ਕੀ ਇਹ ਨਸਲਕੁਸ਼ੀ ਜਾਂ ਸੱਭਿਆਚਾਰਕ ਨਸਲਕੁਸ਼ੀ ਜਾਂ ਮਨੁੱਖਤਾ ਦੇ ਵਿਰੁੱਧ ਅਪਰਾਧ ਹੈ ਅਤੇ ਅਸੀਂ ਇਸ ਦੇ ਵਿਰੁੱਧ ਕਿਵੇਂ ਮੁਕੱਦਮਾ ਚਲਾ ਸਕਦੇ ਹਾਂ। ਅਸੀਂ ਇਸ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਸ ਨੂੰ ਰੋਕਣ ਲਈ ਕੀ ਕਰ ਸਕਦੇ ਹਾਂ।’’ ਫਿਨਲੇ ਨੇ ਕਿਹਾ ਕਿ ਐਡਰੀਅਨ ਜ਼ੇਨਜ਼, ਜਿਨ੍ਹਾਂ ਦੀ ਉਈਗਰ ਔਰਤਾਂ ’ਚ ਜ਼ਬਰਦਸਤੀ ਨਸਬੰਦੀ ਬਾਰੇ ਖੋਜ ਨੇ ਇਸ ਮੁੱਦੇ ਵੱਲ ਵੱਡੀ ਪੱਧਰ ’ਤੇ ਧਿਆਨ ਖਿੱਚਿਆ, ਉਹ ਅਧਿਕਾਰਤ ਦਸਤਾਵੇਜ਼ ਪੇਸ਼ ਕਰਨਗੇ, ਜੋ ਦਾਅਵਾ ਕਰਦੇ ਹਨ ਕਿ ਬੀਜਿੰਗ ਉਈਗਰਾਂ ਦੀ ਆਬਾਦੀ ਨੂੰ ਜ਼ਬਰਦਸਤੀ ਘਟਾਉਣਾ ਚਾਹੁੰਦਾ ਹੈ। ਚੀਨੀ ਅਧਿਕਾਰੀ ਨਸਲਕੁਸ਼ੀ ਅਤੇ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸ ਰਹੇ ਹਨ।


author

Manoj

Content Editor

Related News