ਕੈਨੇਡਾ ''ਚ ਪੰਜਾਬੀਆਂ ਦੀ ਗੈਂਗਵਾਰ, ਜ਼ਖਮੀ ਨੌਜਵਾਨ ਵੀ ਨਿਕਲਿਆ ਪੰਜਾਬੀ
Thursday, Nov 02, 2017 - 03:32 PM (IST)

ਵੈਨਕੁਵਰ,(ਬਿਊਰੋ)— ਕੈਨੇਡਾ 'ਚ 27 ਅਕਤੂਬਰ ਨੂੰ ਰਾਤ 9 ਵਜੇ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਇਲਾਕੇ ਵੈਨਕੁਵਰ 'ਚ ਭਿਆਨਕ ਗੈਂਗਵਾਰ ਹੋਈ। ਇਸ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਸੀ ਤੇ ਦੂਜਾ ਜ਼ਖਮੀ ਹੋ ਗਿਆ ਸੀ। ਮ੍ਰਿਤਕ ਦੀ ਪਛਾਣ ਪੰਜਾਬੀ ਨੌਜਵਾਨ ਰਣਦੀਪ ਕੰਘ ਵਜੋਂ ਕੀਤੀ ਗਈ ਹੈ, ਜੋ ਗੈਂਗਸਟਰਾਂ ਨਾਲ ਸੰਬੰਧਤ ਦੱਸਿਆ ਗਿਆ ਹੈ। ਪਹਿਲਾਂ ਜ਼ਖਮੀ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਸੀ ਪਰ ਹੁਣ ਪਤਾ ਲੱਗਾ ਹੈ ਕਿ ਦੂਜਾ ਵਿਅਕਤੀ ਰਣਦੀਪ ਉਰਫ ਰੈਂਡੀ ਦਾ ਭਰਾ ਗੈਰੀ ਹੈ, ਜੋ ਫਿਲਹਾਲ ਹਸਪਤਾਲ 'ਚ ਹੈ।ਵੈਨਕੁਵਰ ਪੁਲਸ ਨੇ ਦੱਸਿਆ ਕਿ ਉਹ ਪਹਿਲਾਂ ਹੀ ਇਨ੍ਹਾਂ ਦੋਹਾਂ ਨੂੰ ਜਾਣਦੀ ਸੀ। ਇਹ ਵੀ ਦੱਸਿਆ ਗਿਆ ਕਿ ਇਹ ਗੈਂਗਵਾਰ ਦੋ ਗੈਂਗਸਟਰ ਧੜਿਆਂ ਦੀ ਨਫਰਤ ਕਾਰਨ ਹੋਈ ਹੈ। ਇਨ੍ਹਾਂ ਦੋਹਾਂ ਗੈਂਗਸਟਰ ਭਰਾਵਾਂ ਨੂੰ ਪੁਲਸ ਲੰਬੇ ਸਮੇਂ ਤੋਂ ਨਜ਼ਰਸਾਨੀ ਅਧੀਨ ਰੱਖ ਰਹੀ ਸੀ। ਰੈਂਡੀ ਸ਼ੱਕੀ ਕਾਰਵਾਈਆਂ ਕਾਰਨ ਦੋ ਵਾਰ ਸਜ਼ਾ ਵੀ ਭੁਗਤ ਚੁੱਕਾ ਹੈ।
ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਵਾਲੇ ਸਥਾਨ ਤੋਂ ਥੋੜੀ ਦੂਰ ਇਕ ਗੱਡੀ ਅੱਗ 'ਚ ਸੜਦੀ ਹੋਈ ਮਿਲੀ। ਇਸ ਦਾ ਸੰਬੰਧ ਹਮਲਾਵਰ ਧੜੇ ਨਾਲ ਹੋਣ ਦਾ ਸ਼ੱਕ ਹੈ। ਅੱਗ ਨੂੰ ਬੁਝਾਉਣ ਲਈ ਫਾਇਰ ਫਾਈਟਰਜ਼ ਨੂੰ ਸੱਦਿਆ ਗਿਆ ਸੀ। ਆਮ ਜਨਤਾ ਇਸ ਵਾਰਦਾਤ ਕਾਰਨ ਬੁਰੀ ਤਰ੍ਹਾਂ ਨਾਲ ਡਰ ਗਈ ਹੈ। ਪੁਲਸ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਹੈ ਪਰ ਡਰ ਕਾਰਨ ਕੋਈ ਵੀ ਸਾਹਮਣੇ ਨਹੀਂ ਆ ਰਿਹਾ। ਉਨ੍ਹਾਂ ਅਪੀਲ ਕੀਤੀ ਕਿ ਲੋਕ ਇਸ ਬਾਰੇ ਜਾਣਕਾਰੀ ਪੁਲਸ ਨਾਲ ਸਾਂਝੀ ਕਰਨ।