ਦੱ. ਅਫਰੀਕਾ ''ਚ 3 ਹਸਤੀਆਂ ਦੇ ਸਮਾਰਕ ਦੀ ਹੋਈ ਘੁੰਡ ਚੁਕਾਈ

Saturday, Nov 10, 2018 - 03:37 PM (IST)

ਦੱ. ਅਫਰੀਕਾ ''ਚ 3 ਹਸਤੀਆਂ ਦੇ ਸਮਾਰਕ ਦੀ ਹੋਈ ਘੁੰਡ ਚੁਕਾਈ

ਜੋਹਾਨਸਬਰਗ (ਭਾਸ਼ਾ)- ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ, ਜੁਲੂ ਦੇ ਰਾਜਾ ਗੁਡਵਿਲ ਜਵਾਲਿਥਿਨੀ ਅਤੇ ਅਧਿਆਤਮਕ ਗੁਰੂ ਸਵਾਮੀ ਸ਼ਿਵਾਨੰਦ ਦੇ ਸਨਮਾਨ ਵਿਚ ਡਰਬਨ ਦੇ ਇਕ ਜਨਤਕ ਪਾਰਕ 'ਚ ਵੀਰਵਾਰ ਨੂੰ ਤਿੰਨਾਂ ਹਸਤੀਆਂ ਦੇ ਇਕ ਸਮਾਰਕ ਦੀ ਘੁੰਡ ਚੁਕਾਈ ਕੀਤੀ ਗਈ। ਭਾਰਤੀ ਮੂਲ ਦੇ ਦੱਖਣੀ ਅਫਰੀਕੀ ਵਪਾਰੀ ਈਸ਼ਵਰ ਰਾਮ ਲੱਛਮਣ ਵਲੋਂ ਸ਼ੁਰੂ ਕੀਤੇ ਗਏ ਇਕ ਪ੍ਰਾਜੈਕਟ ਤਹਿਤ ਪਹਿਲਾਂ ਮੰਡੇਲਾ ਅਤੇ ਜਵੇਲਥਿਨੀ ਦੀਆਂ ਇਕੱਠੀਆਂ ਮੂਰਤੀਆਂ ਬਣਾਈਆਂ ਗਈਆਂ ਸਨ, ਜਿਸ ਤੋਂ ਬਾਅਦ ਸ਼ਿਵਾਨੰਦ ਸ਼ਾਂਤੀ ਬੁੱਤ ਵੀ ਜੋੜ ਦਿੱਤਾ ਗਿਆ।

ਰਾਮ ਲੱਛਮਣ ਨੂੰ ਵੀ ਜੁਲੂ ਕਿੰਗ ਦੇ ਇਕ ਦੱਤਕ ਪੁੱਤਰ ਵਜੋਂ ਮਾਨਤਾ ਮਿਲੀ ਹੈ, ਜਿਨ੍ਹਾਂ ਨੂੰ ਮਾਬੇਕਾ ਜੁਲੂ ਦੀ ਉਪਾਧੀ ਹਾਸਲ ਹੈ। ਇਸ ਮੌਕੇ ਰਾਮ ਲੱਛਮਣ ਨੇ ਕਿਹਾ ਕਿ ਮੈਂ 20 ਸਾਲ ਦੀ ਉਮਰ ਤੋਂ ਹੀ ਜੁਲੂ ਦੇ ਰਾਜਾ ਅਤੇ ਜੁਲੂ ਰਾਸ਼ਟਰ ਨਾਲ ਜੁੜਿਆ ਹੋਇਆ ਹਾਂ। ਮੈਨੂੰ ਡਾ. ਨੈਲਸਨ ਮੰਡੇਲਾ ਦੀ ਸਾਦਗੀ ਅਤੇ ਸਮਾਜ ਵਿਚ ਦਿੱਤੇ ਗਏ ਉਨ੍ਹਾਂ ਦੇ ਯੋਗਦਾਨ ਨੇ ਆਪਣੇ ਵੱਲ ਖਿੱਚਿਆ, ਜਿਸ ਸਦਕਾ ਉਨ੍ਹਾਂ ਨੇ ਸ਼ਾਂਤੀ ਦੇ ਇਸ ਸਮਾਰਕ ਨੂੰ ਬਣਾਉਣ ਅਤੇ ਨੈਲਸਨ ਮੰਡੇਲਾ ਦਾ ਸਨਮਾਨ ਕਰਨ ਦਾ ਫੈਸਲਾ ਕੀਤਾ। ਜਵੇਲਥਿਨੀ ਨੇ ਪੂਰੇ ਕਵਾਜੁਲੂ ਨੇਟਾਲ ਸੂਬੇ ਵਿਚ 13 ਸ਼ਿਵਾਨੰਦ ਸ਼ਾਂਤੀ ਬੁੱਤ ਸਥਾਪਿਤ ਕਰਨ ਲਈ ਰਾਮ ਲੱਛਮਣ ਦੀ ਪ੍ਰਸ਼ੰਸਾ ਕੀਤੀ ਸੀ। ਰਾਮ ਲੱਛਮਣ ਨੇ ਕਿਹਾ ਕਿ ਸ਼ਿਵਾਨੰਦ ਸ਼ਾਂਤੀ ਬੁੱਤ ਤਬਦੀਲੀ ਵਿਚ ਏਕਤਾ ਦਾ ਇਕ ਪ੍ਰਤੀਕ ਹੈ। ਉਹ ਪ੍ਰੇਰਣਾ ਦੇ ਸਰੋਤ ਹਨ ਅਤੇ ਇਸ ਗੱਲ ਨੂੰ ਯਾਦ ਦਿਵਾਉਣ ਵਾਲੇ ਦੀ ਸ਼ਾਂਤੀ ਅਤੇ ਪ੍ਰੇਮ ਨੂੰ ਆਪਣੀਆਂ ਮਨੁੱਖੀ ਸਰਹੱਦਾਂ ਤੋਂ ਉਪਰ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਪ੍ਰਾਜੈਕਟ ਦੀ ਹਮਾਇਤ ਲਈ ਦਲਾਈ ਲਾਮਾ ਦਾ ਵੀ ਧੰਨਵਾਦ ਕੀਤਾ।


author

Sunny Mehra

Content Editor

Related News