ਇਟਲੀ ''ਚ ਬਣੇਗਾ ਦੁਨੀਆ ਦਾ ਸਭ ਤੋਂ ਲੰਬਾ ਪੁਲ: ਸਰਕਾਰ ਨੇ ਦਿੱਤੀ ਮਨਜ਼ੂਰੀ

Friday, Mar 17, 2023 - 02:03 PM (IST)

ਰੋਮ (ਵਾਰਤਾ)- ਇਟਲੀ ਦੀ ਸਰਕਾਰ ਨੇ ਦੇਸ਼ ਦੀ ਮੁੱਖ ਭੂਮੀ ਅਤੇ ਭੂਮੱਧ ਸਾਗਰ ਵਿਚ ਸਥਿਤ ਸਿਸਲੀ ਟਾਪੂ ਵਿਚਕਾਰ ਦੁਨੀਆ ਦੇ ਸਭ ਤੋਂ ਲੰਬੇ ਪੁਲ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਿਰਮਾਣ ਅਤੇ ਟਰਾਂਸਪੋਰਟ ਮੰਤਰਾਲਾ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਪੁਲ ਇਟਾਲੀਅਨ ਇੰਜੀਨੀਅਰਿੰਗ ਗੁਣਵੱਤਾ ਦੀ ਵਿਲੱਖਣ ਮਿਸਾਲ ਹੋਵੇਗਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪੁਲ ਦੇ ਨਿਰਮਾਣ ਲਈ ਬਜਟ ਸ਼ੁਰੂ ਵਿੱਚ ਵਿੱਤ ਮੰਤਰਾਲਾ ਅਤੇ ਨਿਰਮਾਣ ਮੰਤਰਾਲਾ ਵੱਲੋਂ ਅਲਾਟ ਕੀਤਾ ਜਾਵੇਗਾ। ਪੁਲ ਬਣਨ ਤੋਂ ਬਾਅਦ ਇਹ ਪੈਸਾ ਕਈ ਸਾਲਾਂ ਵਿੱਚ ਟੋਲ ਫੀਸ ਰਾਹੀਂ ਵਸੂਲ ਕੀਤਾ ਜਾਵੇਗਾ।

ਇਟਲੀ ਦੇ ਉਪ ਪ੍ਰਧਾਨ ਮੰਤਰੀ ਮੈਟਿਓ ਸਾਲਵਿਨੀ ਨੇ ਕਿਹਾ ਕਿ ਇਹ ਪ੍ਰੋਜੈਕਟ ਪੂਰੀ ਤਰ੍ਹਾਂ ਵਾਤਾਵਰਣ ਪੱਖੀ ਹੋਵੇਗਾ ਅਤੇ ਇਸ ਨਾਲ ਆਵਾਜਾਈ ਦੌਰਾਨ ਵਾਹਨਾਂ ਤੋਂ ਹੋਣ ਵਾਲੀ ਕਾਰਬਨ ਨਿਕਾਸੀ ਵਿਚ ਵੀ ਕਮੀ ਆਏਗੀ। ਇਸ ਦੀ ਮਦਦ ਨਾਲ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ ਅਤੇ ਉਦਯੋਗ ਵੀ ਖੇਤਰ ਵੱਲ ਆਕਰਸ਼ਿਤ ਹੋਣਗੇ। ਸਿਸਲੀ ਦਾ ਟਾਪੂ ਕੈਲੇਬਰੀਆ ਦੇ ਪੱਛਮੀ ਸਿਰੇ ਤੋਂ ਸਪੱਸ਼ਟ ਤੌਰ 'ਤੇ ਦਿਖਾਈ ਦਿੰਦਾ ਹੈ, ਪਰ ਦੋ ਜ਼ਮੀਨੀ ਖੇਤਰਾਂ ਦੇ ਵਿਚਕਾਰ ਡੂੰਘੇ ਪਾਣੀ ਅਤੇ ਤੇਜ਼ ਪਾਣੀ ਦੀਆਂ ਧਾਰਾਵਾਂ ਇਸ ਪੁਲ ਨੂੰ ਬਣਾਉਣ ਲਈ ਇੰਜੀਨੀਅਰਾਂ ਦੇ ਸਾਹਮਣੇ ਇਖ ਮੁਸ਼ਕਲ ਚੁਣੌਤੀ ਦੇ ਰੂਪ ਵਿਚ ਮੌਜੂਦ ਹਨ।

ਪੁਲ ਸਬੰਧੀ ਤਕਨੀਕੀ ਅਨੁਮਾਨ ਅਨੁਸਾਰ ਇਹ ਪੁਲ 3666 ਮੀਟਰ ਲੰਬਾ ਹੋਵੇਗਾ, ਜਿਸ ਦਾ ਸਿੰਗਲ ਸਪੈਨ 3300 ਮੀਟਰ ਦਾ ਹੋਵੇਗਾ। ਹਾਲਾਂਕਿ ਇਟਲੀ ਮੇਸੀਨਾ ਬ੍ਰਿਜ ਪ੍ਰੋਜੈਕਟ ਦਾ ਬਜਟ ਅਤੇ ਮੁਕੰਮਲ ਹੋਣ ਦੀ ਤਾਰੀਖ਼ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ, ਪਰ ਅੰਦਾਜ਼ਾ ਹੈ ਕਿ ਇਹ ਪ੍ਰੋਜੈਕਟ 8.5 ਅਰਬ ਯੂਰੋ ਦੀ ਲਾਗਤ ਨਾਲ ਘੱਟੋ-ਘੱਟ 6 ਸਾਲਾਂ ਵਿਚ ਪੂਰਾ ਕੀਤਾ ਜਾ ਸਕੇਗਾ। ਬਿਆਨ 'ਚ ਕਿਹਾ ਗਿਆ ਹੈ ਕਿ ਇਹ ਪ੍ਰੋਜੈਕਟ 2011 'ਚ ਬਣੀ ਪੁਰਾਣੀ ਯੋਜਨਾ 'ਤੇ ਆਧਾਰਿਤ ਹੈ, ਜਿਸ ਵਿਚ ਨਵੀਂ ਤਕਨੀਕ, ਸੁਰੱਖਿਆ ਅਤੇ ਵਾਤਾਵਰਣ ਦੇ ਮਾਪਦੰਡਾਂ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਪੁਲ ਦੇ ਨਿਰਮਾਣ ਬਾਰੇ ਵਿਸਤ੍ਰਿਤ ਜਾਣਕਾਰੀ ਹਫ਼ਤਿਆਂ ਵਿਚ ਸਾਹਮਣੇ ਆਉਣ ਦੀ ਉਮੀਦ ਹੈ।


cherry

Content Editor

Related News