ਇਟਲੀ ਦਾ ਜੋੜਾ ਭਾਰਤੀ ਬੱਚੀ ਨੂੰ ਗਿਆ ਤਾਂ ਗੋਦ ਲੈਣ ਸੀ ਭਾਰਤ ਪਰ ਮੌਤ ਦਾ ਸਾਮਾਨ ਲੈ ਕੇ ਮੁੜਿਆ

Saturday, Aug 28, 2021 - 07:47 PM (IST)

ਇਟਲੀ ਦਾ ਜੋੜਾ ਭਾਰਤੀ ਬੱਚੀ ਨੂੰ ਗਿਆ ਤਾਂ ਗੋਦ ਲੈਣ ਸੀ ਭਾਰਤ ਪਰ ਮੌਤ ਦਾ ਸਾਮਾਨ ਲੈ ਕੇ ਮੁੜਿਆ

ਰੋਮ (ਕੈਂਥ)-ਕੋਵਿਡ-19 ਦੁਨੀਆ ਭਰ ’ਚ ਅਜਿਹਾ ਮੌਤ ਦਾ ਤਾਂਡਵ ਕਰ ਰਿਹਾ ਹੈ, ਜਿਸ ਨਾਲ ਜਿਥੇ ਕਰੋੜਾਂ ਲੋਕਾਂ ਦੇ ਭੱਵਿਖ ਉੱਪਰ ਖਤਰਾ ਮੰਡਰਾ ਰਿਹਾ ਹੈ, ਉੱਥੇ ਹੀ ਅਣਗਿਣਤ ਮਾਸੂਮ ਅਣਭੋਲ ਜ਼ਿੰਦਗੀਆਂ ਯਤੀਮ ਹੋ ਗਈਆਂ ਹਨ। ਅਜਿਹਾ ਹੀ ਇੱਕ ਦਿਲ ਪਸੀਜਦਾ ਵਾਕਿਆ ਇਟਲੀ ਦੇ ਫਿਰੈਂਸੇ ਇਲਾਕੇ ’ਚ ਦੇਖਣ ਨੂੰ ਮਿਲਿਆ, ਜਿੱਥੇ ਇੱਕ ਇਟਾਲੀਅਨ ਜੋੜੇ ਦੀ ਇੱਕ 2 ਸਾਲ ਦੀ ਭਾਰਤੀ ਬੱਚੀ ਗੋਦ ਲੈਣਾ ਸ਼ਲਾਘਾਯੋਗ ਨੇਕ ਉਪਰਾਲਾ ਜ਼ਿੰਦਗੀ ਬਦਲ ਗਿਆ । ਹੋਇਆ ਇੰਝ ਕਿ ਇੱਕ ਇਟਾਲੀਅਨ ਜੋੜਾ ਐਂਸੋ ਗਾਲੀ ਤੇ ਉਸ ਦੀ ਧਰਮ-ਪਤਨੀ ਸਿਮੋਨੇਤਾ ਫਿਲੀਪੀ ਦੇ ਕੋਈ ਔਲਾਦ ਨਹੀਂ ਸੀ ਤੇ ਇਨ੍ਹਾਂ ਇੱਕ ਸਮਾਜਸੇਵੀ ਸੰਸਥਾ ਨੂੰ ਬੱਚਾ ਗੋਦ ਲੈਣ ਦੀ ਗੁਜ਼ਾਰਿਸ਼ ਕੀਤੀ, ਜਿਸ ਤਹਿਤ ਇਸ ਜੋੜੇ ਨੂੰ ਇੱਕ ਦੋ ਸਾਲ ਦੀ ਭਾਰਤੀ ਕੁੜੀ ਗੋਦ ਲੈਣ ਲਈ ਮਿਲ ਗਈ ਪਰ ਇਸ ਬੱਚੀ ਨੂੰ ਉਨ੍ਹਾਂ ਨੂੰ ਭਾਰਤ ਤੋਂ ਲਿਆਉਣਾ ਹੋਵੇਗਾ।

PunjabKesari

ਇਸ ਖੁਸ਼ੀ ਵਾਲੀ ਖ਼ਬਰ ਨੂੰ ਅਮਲੀਜਾਮਾ ਪਹਿਨਾਉਂਦੇ ਹੋਏ ਇਟਾਲੀਅਨ ਜੋੜਾ ਇਸ ਸਾਲ ਅਪ੍ਰੈਲ ’ਚ ਭਾਰਤ ਨਵੀਂ ਦਿੱਲੀ ਚਲਾ ਗਿਆ, ਜਿੱਥੇ ਜਾ ਕੇ ਉਨ੍ਹਾਂ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਪਰ ਅਫ਼ਸੋਸ ਇਸ ਦੌਰਾਨ ਹੀ ਸਿਮੋਨੇਤਾ ਫਿਲੀਪੀ ਨੂੰ ਇੱਕ ਪਾਸੇ ਕੋਵਿਡ-19 ਹੋ ਗਿਆ ਤੇ ਦੂਜੇ ਪਾਸੇ ਦਿੱਲੀ ’ਚ ਕੋਵਿਡ-19 ਕਾਰਨ ਤਾਲਾਬੰਦੀ ਹੋ ਗਈ, ਭਾਰਤ ਤੋਂ ਇਟਲੀ ਹਵਾਈ ਜਹਾਜ਼ ਉਡਾਣਾਂ ਬੰਦ ਹੋ ਗਈਆਂ । ਸਿਮੋਨੇਤਾ ਫਿਲੀਪੀ ਨੂੰ ਕੋਵਿਡ-19 ਦੇ ਕੈਂਪ ’ਚ ਭਰਤੀ ਕੀਤਾ ਗਿਆ ਤੇ ਐਂਸੋ ਗਾਲੀ ਬੱਚੀ ਲੈ ਕੇ ਹੋਟਲ ’ਚ ਰੁਕ ਗਿਆ ਤੇ ਪਤਨੀ ਦੇ ਠੀਕ ਹੋਣ ਦੀ ਉਡੀਕ ਕਰਨ ਲੱਗਾ ਪਰ ਸਿਮੋਨੇਤਾ ਫਿਲੀਪੀ ਦੀ ਤਬੀਅਤ ਠੀਕ ਹੋਣ ਦੀ ਬਜਾਏ ਹੋਰ ਵਿਗੜਦੀ ਚਲੀ ਗਈ, ਜਿਸ ਨੂੰ ਦੇਖ ਐਂਸੋ ਡਰ ਗਿਆ ਤੇ ਉਸ ਨੇ ਇਟਲੀ ਵਿਸ਼ੇਸ਼ ਜਹਾਜ਼ ਰਾਹੀਂ ਜਾਣ ਦੀ ਸਲਾਹ ਬਣਾ ਲਈ ਤਾਂ ਜੋ ਪਤਨੀ ਨੂੰ ਜਲਦ ਸਹੀ ਇਲਾਜ ਮਿਲ ਸਕੇ ।

ਭਾਰਤ ’ਚ ਚੱਲ ਰਹੇ ਇਲਾਜ ਤੋਂ ਐਂਸੋ ਨਾਖੁਸ਼ ਸੀ। ਉਸ ਨੇ ਸਰਕਾਰੇ- ਦਰਬਾਰੇ ਸਭ ਤੋਂ ਵਿਸ਼ੇਸ਼ ਉਡਾਣ ਭਾਰਤ ਤੋਂ ਇਟਲੀ ਲਈ ਲਿਜਾਣ ਦੀ ਇਜਾਜ਼ਤ ਲੈ ਲਈ, ਜਿਸ ਦਾ ਖਰਚ ਕਰੀਬ 1 ਲੱਖ 30 ਹਜ਼ਾਰ ਯੂਰੋ ਸੀ । ਬੇਸ਼ੱਕ ਕਿ ਐਂਸੋ ਕੋਲ ਇੰਨੀ ਰਾਸ਼ੀ ਨਹੀਂ ਸੀ ਪਰ ਉਸ ਦੇ ਇਰਾਦੇ ਬੁਲੰਦ ਸਨ । ਉਸ ਨੇ ਇਟਲੀ ’ਚ ਆਪਣੇ ਯਾਰਾਂ-ਦੋਸਤਾਂ ਤੇ ਹੋਰ ਸਾਕ-ਸਬੰਧੀਆਂ ਤੋਂ ਮਦਦ ਮੰਗੀ ਤੇ ਉਸ ਕੋਲ 80 ਹਜ਼ਾਰ ਯੂਰੋ ਦੀ ਰਾਸ਼ੀ ਇਕੱਠੀ ਹੋ ਗਈ । ਜਹਾਜ਼ ਦੇ ਖਰਚ ਨੂੰ ਹੇਠ-ਉੱਤੇ ਕਰ ਐਂਸੋ ਮਈ ’ਚ ਆਪਣੀ ਪਤਨੀ ਨੂੰ ਵਿਸ਼ੇਸ਼ ਉਡਾਣ ਰਾਹੀਂ ਇਟਲੀ ਲਿਆਉਣ ’ਚ ਕਾਮਯਾਬ ਹੋ ਗਿਆ ਇਸ ਨੱਠ-ਭੱਜ ਦੌਰਾਨ ਹੀ ਉਹ ਆਪ ਵੀ ਬੀਮਾਰ ਹੋ ਗਿਆ ਪਰ ਉਸ ਨੇ ਆਪਣਾ ਦੁੱਖ ਕਿਸੇ ਨੂੰ ਨਾ ਦੱਸਿਆ। ਦੋ ਸਾਲ ਦੀ ਭਾਰਤੀ ਬੱਚੀ ਨੂੰ ਆਪਣੇ ਪਰਿਵਾਰ ਦਾ ਮੈਂਬਰ ਬਣਾ ਇਹ ਇਟਾਲੀਅਨ ਜੋੜਾ ਬਹੁਤ ਖੁਸ਼ ਸੀ ਪਰ ਇਨ੍ਹਾਂ ਦੀਆਂ ਖੁਸ਼ੀ ਜ਼ਿਆਦਾ ਦੇਰ ਟਿਕ ਨਹੀਂ ਸਕੀਆਂ।

ਭਾਰਤ ਤੋਂ ਇਟਲੀ ਆ ਕੇ ਜਦੋ ਐਂਸੋ ਦਾ ਕੋਵਿਡ-19 ਦਾ ਟੈਸਟ ਕੀਤਾ ਗਿਆ ਤਾਂ ਉਹ ਵੀ ਕੋਵਿਡ-19 ਪੀੜਤ ਪਾਇਆ ਗਿਆ । ਸਿਹਤ ਵਿਭਾਗ ਵੱਲੋਂ ਉਸ ਨੂੰ ਹਸਤਪਾਲ ਭਰਤੀ ਕਰ ਲਿਆ ਗਿਆ ਤੇ ਬਹੁਤ ਹੀ ਸੁੱਚਜੇ ਢੰਗ ਨਾਲ ਉਸ ਦਾ ਇਲਾਜ ਸ਼ੁਰੂ ਦਿੱਤਾ ਗਿਆ। ਇਸ ਦੌਰਾਨ ਸਿਮੋਨੇਤਾ ਫਿਲੀਪੀ ਵੀ ਕਾਫ਼ੀ ਠੀਕ ਹੋ ਗਈ।ਸਾਰਾ ਫਿਰੈਂਸੇ ਦਾ ਇਲਾਕਾ ਇਸ ਜੋੜੀ ਦੀ ਦਰਿਆਦਿਲੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਤੇ ਖੁਸ਼ ਸੀ ਤੇ ਇਸ ਦੌਰਾਨ ਹੀ ਇੱਕ ਅਜਿਹੀ ਮਨਹੂਸ ਖ਼ਬਰ ਆਈ ਕਿ ਸਭ ਦੇ ਦਿਲ ਪਸੀਜ ਗਈ। ਹਸਪਤਾਲ ’ਚ ਦਾਖਲ ਐਂਸੋ ਗਾਲੀ ਦੀ 3-4 ਮਹੀਨਿਆਂ ਦੇ ਇਲਾਜ ਤੋਂ ਬਾਅਦ ਵੀ ਮੌਤ ਹੋ ਗਈ। ਮਰਹੂਮ ਐਂਸੋ ਨੇ ਆਪਣੀ ਧਰਮਪਤਨੀ ਨੂੰ ਭੇਜੇ ਆਪਣੇ ਆਖਰੀ ਫੋਨ ਸੁਨੇਹੇ ’ਚ ਇਹੀ ਕਿਹਾ ਕਿ ਉਹ ਘਬਰਾਉਣ ਨਾ ਰੱਬ ਦੇ ਆਸਰੇ ਉਸ ਨੂੰ ਛੱਡ ਕੇ ਜਾ ਰਿਹਾ ਹਾਂ। ਇਸ ਘਟਨਾ ਨਾਲ ਇਲਾਕੇ ’ਚ ਮਾਤਮ ਭਰਿਆ ਮਾਹੌਲ ਹੈ ਤੇ ਇਟਲੀ ਦਾ ਰਾਸ਼ਟਰੀ ਮੀਡੀਆ ਇਸ ਘਟਨਾ ਦੀ ਜ਼ੋਰਾਂ ਨਾਲ ਚਰਚਾ ਕਰ ਰਿਹਾ ਹੈ। ਕੁਝ ਕੁ ਇਟਾਲੀਅਨ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਜੋੜਾ ਭਾਰਤ ਗਿਆ ਤਾਂ ਬੱਚੀ ਗੋਦ ਲੈਣ ਸੀ ਪਰ ਉੱਥੋਂ ਮੌਤ ਦਾ ਸਾਮਾਨ ਲੈ ਮੁੜਿਆ ਹੈ।


author

Manoj

Content Editor

Related News