ਇਸਰਾਈਲੀ ਫੌਜ ਵੱਲੋਂ ‘ਗਾਜ਼ਾ ਸਿਟੀ’ ਨੂੰ ਖਾਲੀ ਕਰਨ ਦਾ ਹੁਕਮ

Thursday, Jul 11, 2024 - 11:51 AM (IST)

ਯੇਰੂਸ਼ਲਮ (ਭਾਸ਼ਾ) - ਇਜ਼ਰਾਈਲੀ ਫੌਜ ਨੇ ਸਾਰੇ ਫਿਲਸਤੀਨੀਆਂ ਨੂੰ ‘ਗਾਜ਼ਾ ਸਿਟੀ’ ਖਾਲੀ ਕਰ ਕੇ ਦੱਖਣ ਵੱਲ ਜਾਣ ਦੇ ਹੁਕਮ ਦਿੱਤੇ ਹਨ। ਇਜ਼ਰਾਈਲੀ ਫੌਜ ਨੇ ਜੰਗ ਪ੍ਰਭਾਵਿਤ ਖੇਤਰ ਦੇ ਉੱਤਰ, ਦੱਖਣ ਅਤੇ ਕੇਂਦਰ ’ਚ ਤਾਜ਼ਾ ਹਮਲੇ ਕੀਤੇ ਹਨ, ਜਿਸ ’ਚ ਪਿਛਲੇ 48 ਘੰਟਿਆਂ ’ਚ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਹੈ।

ਫੌਜੀ ਸਰਗਰਮੀਆਂ ’ਚ ਵਾਧਾ ਉਦੋਂ ਹੋਇਆ ਹੈ ਜਦੋਂ ਅਮਰੀਕਾ, ਮਿਸਰ ਅਤੇ ਕਤਰ ਦੇ ਆਗੂ ਕਤਰ ਦੀ ਰਾਜਧਾਨੀ ਦੋਹਾ ’ਚ ਇਜ਼ਰਾਈਲੀ ਅਧਿਕਾਰੀਆਂ ਨਾਲ ਮੁਲਾਕਾਤ ਕਰ ਰਹੇ ਸਨ ਤਾਂ ਜੋ ਗਾਜ਼ਾ ਦੇ ਹਮਾਸ ਦੇ ਅੱਤਵਾਦੀ ਸਮੂਹ ਨਾਲ ਲੰਬੇ ਸਮੇਂ ਤੋਂ ਪੈਂਡਿੰਗ ਜੰਗਬੰਦੀ ਸਮਝੌਤੇ ਨੂੰ ਅੱਗੇ ਵਧਾਇਆ ਜਾ ਸਕੇ।

ਫੌਜ ਨੇ ਸ਼ਹਿਰ ’ਚ ਪਰਚੇ ਸੁੱਟੇ, ਜਿਨ੍ਹਾਂ ’ਚ ਲੋਕਾਂ ਨੂੰ ਦੱਖਣ ਵੱਲ ਜਾਣ ਲਈ ਕਿਹਾ ਗਿਆ ਅਤੇ ਕਿਹਾ, ‘ਗਾਜ਼ਾ ਸ਼ਹਿਰ ਇਕ ਖ਼ਤਰਨਾਕ ਜੰਗੀ ਖੇਤਰ ਬਣਿਆ ਰਹੇਗਾ।’

ਇਸ ਤੋਂ ਪਹਿਲਾਂ ਬੁੱਧਵਾਰ ਤੜਕੇ ਮੱਧ ਗਾਜ਼ਾ ’ਚ ਇਜ਼ਰਾਈਲੀ ਹਵਾਈ ਹਮਲੇ ’ਚ 6 ਬੱਚਿਆਂ ਅਤੇ 3 ਔਰਤਾਂ ਸਮੇਤ 20 ਫਿਲਸਤੀਨੀ ਮਾਰੇ ਗਏ, ਜਿਨ੍ਹਾਂ ’ਚੋਂ ਕੁਝ ਇਜ਼ਰਾਈਲੀ ਫੌਜ ਵੱਲੋਂ ਐਲਾਨੇ ਅਖੌਤੀ ‘ਸੁਰੱਖਿਅਤ ਜ਼ੋਨ’ ਦੇ ਅੰਦਰ ਸਨ।

ਇਹ ਜਾਨਲੇਵਾ ਹਮਲੇ ਕੇਂਦਰੀ ਸ਼ਹਿਰ ਦੀਰ ਅਲ-ਬਲਾਹ ਨੇੜੇ ਸ਼ਰਨਾਰਥੀ ਕੈਂਪਾਂ ’ਤੇ ਲਗਾਤਾਰ ਦੂਜੀ ਰਾਤ ਕੀਤੇ ਗਏ।

ਗਾਜ਼ਾ ਨੇ ਨਿਵਾਸੀਆਂ ਨੂੰ ਦੇਸ਼ ਛੱਡਣ ਦਾ ਦਿੱਤਾ ਸੀ ਹੁਕਮ

ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਹਮਾਸ ਦੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ, ਜੋ 9 ਮਹੀਨਿਆਂ ਦੇ ਫੌਜੀ ਹਮਲੇ ਤੋਂ ਬਾਅਦ ਗਾਜ਼ਾ ਦੇ ਵੱਖ-ਵੱਖ ਹਿੱਸਿਆਂ ਵਿਚ ਮੁੜ ਇਕੱਠੇ ਹੋ ਰਹੇ ਹਨ ਪਰ ਹਾਲ ਹੀ ਦੇ ਦਿਨਾਂ ਵਿਚ ਪੂਰੇ ਖੇਤਰ ਵਿਚ ਭਾਰੀ ਹਮਲਿਆਂ ਦਾ ਮੰਤਵ ਜੰਗਬੰਦੀ ਦੀਆਂ ਕੋਸ਼ਿਸ਼ਾਂ ਵਿਚਕਾਰ ਹਮਾਸ ’ਤੇ ਦਬਾਅ ਵਧਾਉਣਾ ਵੀ ਹੋ ਸਕਦਾ ਹੈ।

ਇਜ਼ਰਾਈਲ ਨੇ ਗਾਜ਼ਾ ਸ਼ਹਿਰ ਸਮੇਤ ਉੱਤਰੀ ਗਾਜ਼ਾ ਦੇ ਵਸਨੀਕਾਂ ਨੂੰ ਕੁਝ ਮਹੀਨੇ ਪਹਿਲਾਂ ਦੱਖਣ ਵੱਲ ਜਾਣ ਦਾ ਹੁਕਮ ਦਿੱਤਾ ਸੀ ਕਿਉਂਕਿ ਉਹ ਉੱਤਰੀ ਖੇਤਰ ਵਿਚ ਇਕ ਫੌਜੀ ਕਾਰਵਾਈ ਕਰ ਰਿਹਾ ਸੀ।

ਇਸ ਦੇ ਬਾਵਜੂਦ ਲੱਖਾਂ ਫਿਲਸਤੀਨੀ ਬੁਰੀ ਤਰ੍ਹਾਂ ਪ੍ਰਭਾਵਤ ਹਨ ਤੇ ਉੱਤਰੀ ਖੇਤਰ ’ਚ ਰਹਿੰਦੇ ਹਨ । ਕਈ ਫਿਲਸਤੀਨੀ ਕਹਿੰਦੇ ਹਨ ਕਿ ਉਨ੍ਹਾਂ ਕੋਲ ਹੋਰ ਕਿਤੇ ਜਾਣ ਦੀ ਜਗ੍ਹਾ ਨਹੀਂ ਹੈ।

ਗਾਜ਼ਾ ਸ਼ਹਿਰ ਉਨ੍ਹਾਂ ਖੇਤਰਾਂ ’ਚੋਂ ਇਕ ਹੈ, ਜਿਸ ਨੂੰ ਜੰਗ ਦੀ ਸ਼ੁਰੂਆਤ ’ਚ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਹੁਣ ਦੁਬਾਰਾ ਹਮਲੇ ਕੀਤੇ ਜਾ ਰਹੇ ਹਨ।


Harinder Kaur

Content Editor

Related News