ਅਮਰੀਕਾ ਦੇ ਮਿਸ਼ੀਗਨ ’ਚ ਤੂਫਾਨ ਨੇ ਹਜ਼ਾਰਾਂ ਘਰਾਂ ਦੀ ਬਿਜਲੀ ਕੀਤੀ ਗੁੱਲ
Tuesday, Jul 27, 2021 - 01:13 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਮਿਸ਼ੀਗਨ ’ਚ ਕਈ ਖੇਤਰਾਂ ਨੇ ਸ਼ਨੀਵਾਰ ਰਾਤ ਨੂੰ ਭਾਰੀ ਮੀਂਹ ਤੇ ਤੂਫਾਨ ਦਾ ਸਾਹਮਣਾ ਕੀਤਾ। ਇਸ ਤੂਫਾਨੀ ਮੌਸਮ ਨੇ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਨੂੰ ਪ੍ਰਭਾਵਿਤ ਕੀਤਾ। ਰਿਪੋਰਟਾਂ ਅਨੁਸਾਰ ਡੀਟ੍ਰੋਇਟ ਇਲਾਕੇ ’ਚ ਸ਼ਨੀਵਾਰ ਰਾਤ ਨੂੰ ਤੂਫਾਨ ਆਉਣ ਤੋਂ ਬਾਅਦ ਮਿਸ਼ੀਗਨ ’ਚ ਤਕਰੀਬਨ 140,000 ਲੋਕਾਂ ਨੇ ਬੰਦ ਬਿਜਲੀ ਦਾ ਸਾਹਮਣਾ ਕੀਤਾ। ਇਸ ਸਬੰਧੀ Poweroutage.us ਦੀ ਰਿਪੋਰਟ ਅਨੁਸਾਰ ਸਟੇਟ ਦੇ ਤਕਰੀਬਨ 138,990 ਲੋਕ ਬਿਜਲੀ ਤੋਂ ਵਾਂਝੇ ਰਹੇ।
ਇਹ ਵੀ ਪੜ੍ਹੋ : ਅਮਰੀਕਾ-ਚੀਨ ਵਿਚਾਲੇ ਗੱਲਬਾਤ ਸ਼ੁਰੂ, Dragon ਨੇ ਕਿਹਾ-ਗੁੰਮਰਾਹਕੁੰਨ ਸੋਚ ਤੇ ਖਤਰਨਾਕ ਨੀਤੀ ਬਦਲੇ ਅਮਰੀਕਾ
ਇਸ ਦੌਰਾਨ ਭਿਆਨਕ ਤੂਫਾਨਾਂ ਨੇ ਡੀਟ੍ਰੋਇਟ ਮੈਟਰੋ ਖੇਤਰ ’ਚ ਆਪਣਾ ਪ੍ਰਭਾਵ ਦਿਖਾਇਆ ਅਤੇ ਆਰਮਾਡਾ ਸਮੇਤ ਕਈ ਹੋਰ ਇਲਾਕਿਆਂ ’ਚ ਵੀ ਤੂਫਾਨ ਨੇ ਦਸਤਕ ਦਿੱਤੀ। ਇਸ ਤੂਫਾਨ ਨੇ ਰੁੱਖਾਂ, ਘਰਾਂ ਅਤੇ ਕਾਰੋਬਾਰਾਂ ਆਦਿ ਦਾ ਵੱਡਾ ਨੁਕਸਾਨ ਕੀਤਾ। ਅਧਿਕਾਰੀਆਂ ਅਨੁਸਾਰ ਇਸ ਤੂਫਾਨ ਕਰਕੇ ਬਿਜਲੀ ਦੀਆਂ ਲਾਈਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਇਸ ਦੌਰਾਨ ਡੀਟ੍ਰੋਇਟ ਪੁਲਸ ਵਿਭਾਗ ਨੇ ਇਲਾਕਾ ਨਿਵਾਸੀਆਂ ਲਈ ਇੱਕ ਅਲਰਟ ਜਾਰੀ ਕਰਦਿਆਂ ਸੜਕਾਂ ’ਤੇ ਭਰੇ ਪਾਣੀ ਕਾਰਨ ਉਨ੍ਹਾਂ ਨੂੰ ਸੜਕਾਂ ’ਤੇ ਨਾ ਜਾਣ ਦੀ ਅਪੀਲ ਕੀਤੀ ਸੀ।