ਕਰਾਚੀ ਪ੍ਰਸ਼ਾਸਨ ਦੀ ਜ਼ਿੱਦ ਕਾਰਨ ਸਾਲਾਂ ਤੋਂ ਬੰਦ ਪਿਐ ਇਤਿਹਾਸਕ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ
Wednesday, Jun 23, 2021 - 07:13 PM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਸ਼ਹਿਰ ਕਰਾਚੀ ਦੇ ਸਮੁੰਦਰ ਕਿਨਾਰੇ ਬਣਿਆ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ, ਜੋ ਹਿੰਦੂਆਂ ਲਈ ਆਸਥਾ ਦਾ ਪ੍ਰਤੀਕ ਹੈ, ਉੱਥੇ ਇਹ ਮੰਦਿਰ ਮੁਸਲਮਾਨ ਨੌਜਵਾਨਾਂ ਲਈ ਆਮਦਨ ਦਾ ਸਾਧਨ ਵੀ ਹੈ ਪਰ ਮੰਦਿਰ ਨੂੰ ਕੁਝ ਸਾਲਾਂ ਦੇ ਲਈ ਪ੍ਰਸ਼ਾਸਨ ਦੀ ਜ਼ਿੱਦ ਕਾਰਨ ਬੰਦ ਕਰ ਦਿੱਤੇ ਜਾਣ ਕਾਰਨ ਹਿੰਦੂਆਂ ਦੇ ਨਾਲ-ਨਾਲ ਮੁਸਲਮਾਨ ਨੌਜਵਾਨਾਂ ਨੂੰ ਵੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਇਸ ਮੰਦਿਰ ਦੇ ਨਾਲ ਲੱਗਦੀ ਜ਼ਮੀਨ ’ਤੇ ਸ਼ਮਸ਼ਾਨਘਾਟ ਹੋਣ ਕਾਰਨ ਹੁਣ ਪ੍ਰਸ਼ਾਸਨ ਦੀ ਜ਼ਿੱਦ ਕਾਰਨ ਸ਼ਮਸ਼ਾਨਘਾਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਕਰਾਚੀ ਦੇ ਬਾਹਰੀ ਇਲਾਕੇ ’ਚ ਸਮੁੰਦਰ ਕਿਨਾਰੇ ਜੈਤੀ ਪੁਲ ਕੋਲ ਬਣੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ’ਚ ਪਹਿਲਾਂ ਤਾਂ ਬਹੁਤ ਲੋਕ ਆਉਂਦੇ ਸਨ।
ਗਰਮੀ ਦੇ ਮੌਸਮ ’ਚ ਲੋਕ ਸਮੁੰਦਰ ’ਚ ਨਹਾਉਣ ਲਈ ਵੀ ਆਉਂਦੇ ਸਨ ਅਤੇ ਹਿੰਦੂ ਫਿਰਕੇ ਦੇ ਲੋਕ ਇਸ ਮੰਦਿਰ ’ਚ ਨਤਮਸਤਕ ਹੋਣ ਲਈ ਆਉਂਦੇ ਸਨ। ਇਸ ਮੰਦਿਰ ਦੇ ਕੁਝ ਹਿੱਸੇ ’ਚ ਹਿੰਦੂਆਂ ਦਾ ਸ਼ਮਸ਼ਾਨਘਾਟ ਵੀ ਹੈ, ਜੋ ਲੋਕ ਸਮੁੰਦਰ ’ਚ ਆਪਣੇ ਪੂਰਵਜਾਂ ਦੇ ਨਾਂ ’ਤੇ ਜਾਂ ਅੰਤਿਮ ਸੰਸਕਾਰ ਤੋਂ ਬਾਅਦ ਪੈਸੇ, ਸੋਨਾ ਅਤੇ ਹੋਰ ਸਾਮਾਨ ਸੁੱਟਦੇ ਸਨ, ਉਹ ਮੁਸਲਮਾਨ ਨੌਜਵਾਨ ਪਾਣੀ ’ਚ ਛਲਾਂਗ ਲਗਾ ਕੇ ਕੱਢਦੇ ਸਨ, ਜੋ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਸਾਧਨ ਵੀ ਸੀ ਪਰ ਕੁਝ ਸਾਲ ਪਹਿਲਾਂ ਇਸ ਕਰੀਕ ’ਚ ਸੈਲਾਨੀਆਂ ਦੀ ਸਹੂਲਤ ਲਈ ਮੰਦਿਰ ਦੀ ਜ਼ਮੀਨ ’ਚ ਪਖਾਨਾ ਬਣਾਉਣ ਦਾ ਹਿੰਦੂ ਫਿਰਕੇ ਦੇ ਲੋਕਾਂ ਨੇ ਵਿਰੋਧ ਕੀਤਾ ਅਤੇ ਬਣ ਰਹੇ ਪਖਾਨੇ ਨੂੰ ਡੇਗ ਦਿੱਤਾ। ਇਸ ਗੱਲ ਤੋਂ ਖਫ਼ਾ ਕਰਾਚੀ ਪ੍ਰਸ਼ਾਸਨ ਨੇ ਇਸ ਮੰਦਿਰ ਨੂੰ ਬੰਦ ਕਰ ਦਿੱਤਾ ਅਤੇ ਸ਼ਮਸ਼ਾਨਘਾਟ ਦੀ ਵਰਤੋਂ ’ਤੇ ਵੀ ਰੋਕ ਲਗਾ ਦਿੱਤੀ ਹੈ, ਜਿਸ ਕਾਰਨ ਇਸ ਮੰਦਿਰ ’ਚ ਹੁਣ ਹਿੰਦੂ ਫਿਰਕੇ ਦੇ ਲੋਕ ਮੱਥਾ ਨਹੀਂ ਟੇਕ ਸਕਦੇ ਅਤੇ ਨਾ ਹੀ ਆਪਣੇ ਮ੍ਰਿਤਕ ਰਿਸ਼ਤੇਦਾਰਾਂ ਦਾ ਅੰਤਿਮ ਸੰਸਕਾਰ ਕਰ ਸਕਦੇ ਹਨ।
ਮੰਦਿਰ ਬੰਦ ਹੋਣ ਕਾਰਨ ਅਤੇ ਕੋਰੋਨਾ ਕਾਰਨ ਜਿਥੇ ਇਹ ਸਮੁੰਦਰ ਕਿਨਾਰੇ ਲੋਕਾਂ ਦਾ ਆਉਣਾ ਲੱਗਭਗ ਬੰਦ ਹੈ, ਜਿਸ ਕਾਰਨ ਮੁਸਲਮਾਨ ਨੌਜਵਾਨਾਂ ਦੀ ਆਮਦਨ ਦਾ ਸਾਧਨ ਵੀ ਖਤਮ ਹੋ ਚੁੱਕਾ ਹੈ। ਜੋ ਰੇਹੜੀ ਤੇ ਚਪਾਟੀ ਵਾਲੇ ਇੱਥੇ ਰੋਜ਼ਗਾਰ ਕਰਦੇ ਸਨ, ਉਹ ਵੀ ਬੰਦ ਹੋ ਚੁੱਕਾ ਹੈ। ਪਾਕਿਸਤਾਨ ਹਿੰਦੂ ਕੌਂਸਲ ਦੇ ਚੇਅਰਮੈਨ ਰਮੇਸ ਬੰਕਵਾਨੀ ਦੇ ਅਨੁਸਾਰ ਇਹ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਹਿੰਦੂਆਂ ਲਈ ਬਹੁਤ ਮਹੱਤਵ ਰੱਖਦਾ ਹੈ। ਸਦੀਆਂ ਪੁਰਾਣਾ ਇਹ ਮੰਦਿਰ ਬੰਦ ਹੋਣ ਕਾਰਨ ਮੰਦਿਰ ’ਚ ਪਿਆ ਸਾਮਾਨ ਖਰਾਬ ਹੋ ਰਿਹਾ ਹੈ। ਸਭ ਤੋਂ ਜ਼ਿਆਦਾ ਮੁਸ਼ਕਿਲ ਤਾਂ ਹਿੰਦੂ ਫਿਰਕੇ ਦੇ ਲੋਕਾਂ ਨੂੰ ਕਿਸੇ ਦੀ ਮੌਤ ਹੋਣ ’ਤੇ ਅੰਤਿਮ ਸੰਸਕਾਰ ਕਰਨ ਲਈ ਆਉਂਦੀ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੰਦਿਰ ਨੂੰ ਖੋਲ੍ਹਿਆ ਜਾਵੇ ਅਤੇ ਪ੍ਰਸ਼ਾਸਨ ਨੂੰ ਆਪਣੀ ਜ਼ਿੱਦ ਛੱਡ ਦੇਣੀ ਹੋਵੇਗੀ ਕਿਉਂਕਿ ਮੰਦਿਰ ਦੀ ਜ਼ਮੀਨ ’ਚ ਪਖਾਨਾ ਕਿਸੇ ਹਾਲਤ ’ਚ ਨਹੀਂ ਬਣਨ ਦਿਆਂਗੇ। ਪਾਕਿਸਤਾਨ ’ਚ ਲੱਗਭਗ 90 ਲੱਖ ਹਿੰਦੂ ਰਹਿੰਦੇ ਹਨ ਅਤੇ ਮੰਦਿਰ ਦੇ ਬੰਦ ਹੋਣ ਨਾਲ ਉਨ੍ਹਾਂ ਦੀ ਆਸਥਾਂ ਨੂੰ ਠੇਸ ਪਹੁੰਚ ਰਹੀ ਹੈ।