'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ'; ਬੰਦ ਹੋ ਗਈ ਸੀ ਦਿਲ ਦੀ ਧੜਕਣ, 50 ਮਿੰਟਾਂ ਬਾਅਦ ਇੰਝ ਦਿੱਤੀ ਮੌਤ ਨੂੰ ਮਾਤ
Friday, Mar 01, 2024 - 03:32 PM (IST)

ਲੰਡਨ- 'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ', ਇਸ ਕਹਾਵਤ ਨੂੰ ਸੱਚ ਸਾਬਤ ਕਰਦਿਆਂ ਇਕ ਵਿਅਕਤੀ ਕਰੀਬ 50 ਮਿੰਟ ਤੱਕ ਦਿਲ ਦੀ ਧੜਕਣ ਬੰਦ ਹੋਣ ਤੋਂ ਬਾਅਦ ਵੀ ਬਚ ਗਿਆ। ਇਹ ਮਾਮਲਾ ਇੰਗਲੈਂਡ ਦਾ ਹੈ, ਜਿੱਥੇ 31 ਸਾਲਾ ਬੇਨ ਵਿਲਸਨ ਨਾਂ ਦੇ ਵਿਅਕਤੀ ਨੇ 2 ਵਾਰ ਦਿਲ ਦੀ ਧੜਕਣ ਬੰਦ ਹੋਣ ਤੋਂ ਬਾਅਦ ਨਾ ਸਿਰਫ਼ ਮੌਤ ਨੂੰ ਮਾਤ ਦਿੱਤੀ, ਸਗੋਂ ਉਹ ਪੂਰੀ ਤਰ੍ਹਾਂ ਠੀਕ ਵੀ ਹੋਇਆ। ਅੰਗ੍ਰੇਜੀ ਵੈੱਬਸਾਈਟ ਦਿ ਮੈਟਰੋ ਦੀ ਰਿਪੋਰਟ ਮੁਤਾਬਕ ਬਾਰਨਸਲੇ ਦੇ ਰਹਿਣ ਵਾਲੇ 31 ਸਾਲਾ ਬੇਨ ਵਿਲਸਨ ਨੂੰ ਪਿਛਲੇ ਜੂਨ ਮਹੀਨੇ ਘਰ ਵਿੱਚ ਦਿਲ ਦਾ ਦੌਰਾ ਪੈ ਗਿਆ ਸੀ। ਉਸ ਦਿਨ ਵਿਲਸਨ ਆਪਣੇ ਘਰ 'ਚ ਬੈਠਾ ਹੋਇਆ ਸੀ, ਉਦੋਂ ਅਚਾਨਕ ਉਸ ਨੂੰ ਛਾਤੀ 'ਚ ਦਰਦ ਮਹਿਸੂਸ ਹੋਇਆ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦਾ, ਉਹ ਡਿੱਗ ਪਿਆ। ਆਵਾਜ਼ ਸੁਣ ਕੇ ਦੌੜੀ ਆਈ ਉਸ ਦੀ ਮੰਗੇਤਰ ਰੇਬੇਕਾ ਹੋਮਜ਼ ਨੇ ਤੁਰੰਤ ਉਸ ਨੂੰ ਸੀ.ਪੀ.ਆਰ. ਦਿੱਤੀ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ। ਇਸ ਦੌਰਾਨ ਬੇਨ ਦਾ ਦਿਲ ਧੜਕਣਾ ਬੰਦ ਹੋ ਗਿਆ।
ਰੇਬੇਕਾ ਮੁਤਾਬਕ ਜਦੋਂ ਐਂਬੂਲੈਂਸ ਪਹੁੰਚੀ ਤਾਂ ਸਥਿਤੀ ਠੀਕ ਨਹੀਂ ਸੀ। 40 ਮਿੰਟਾਂ 'ਚ 11 ਵਾਰ ਡੀਫਿਬ੍ਰਿਲੇਟਰ ਦੀ ਵਰਤੋਂ ਕਰਨ ਤੋਂ ਬਾਅਦ ਉਸ ਦੇ ਦਿਲ ਦੀ ਧੜਕਣ ਫਿਰ ਤੋਂ ਸ਼ੁਰੂ ਹੋ ਗਈ ਪਰ ਜਿਵੇਂ ਹੀ ਉਹ ਉਸ ਨੂੰ ਬਗੀਚੇ 'ਚ ਲੈ ਕੇ ਗਏ ਤਾਂ ਉਸ ਦਾ ਦਿਲ ਫਿਰ ਤੋਂ ਧੜਕਣਾ ਬੰਦ ਹੋ ਗਿਆ, ਜਿਸ ਤੋਂ ਬਾਅਦ 10 ਮਿੰਟਾਂ ਵਿੱਚ 6 ਵਾਰ ਹੋਰ ਡੀਫਿਬ੍ਰਿਲਟਰ ਦੀ ਵਰਤੋਂ ਕੀਤੀ ਗਈ ਅਤੇ ਉਸ ਧੜਕਣ ਫਿਰ ਵਾਪਸ ਆ ਗਈ। ਇਸ ਮਗਰੋਂ ਵਿਲਸਨ ਨੂੰ ਤੁਰੰਤ ਹਸਪਤਾਲ ਲਿਜਾਂਦਾ ਗਿਆ, ਜਿੱਥੇ ਡਾਕਟਰਾਂ ਨੇ ਕਿਸੇ ਵੀ ਹੋਰ ਨੁਕਸਾਨ ਤੋਂ ਬਚਣ ਲਈ ਉਸ ਨੂੰ ਤੁਰੰਤ ਕੋਮਾ ਸੈਕਸ਼ਨ ਵਿੱਚ ਪਾ ਦਿੱਤਾ। ਜਾਂਚ ਕਰਨ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਵਿਲਸਨ ਦੇ ਦਿਲ ਵਿਚ ਖੂਨ ਦਾ ਥੱਕਾ ਜੰਮ ਗਿਆ ਸੀ, ਜਿਸ ਕਾਰਨ ਉਸ ਦੇ ਦਿਲ ਦੀ ਧੜਕਣ ਬੰਦ ਹੋ ਗਈ ਸੀ। ਇਸ ਨਾਲ ਉਸ ਦੀ ਕਿਡਨੀ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਸ ਦੇ ਫੇਫੜਿਆਂ ਵਿੱਚ ਵੀ ਸਮੱਸਿਆ ਆਈ। ਬਾਅਦ ਵਿੱਚ ਵਿਲਸਨ ਦੀ ਸਰਜਰੀ ਹੋਈ ਅਤੇ ਸਟੈਂਟ ਪਾਇਆ ਗਿਆ। ਡਾਕਟਰਾਂ ਨੇ ਰੇਬੇਕਾ ਨੂੰ ਦੱਸਿਆ ਕਿ ਆਪਰੇਸ਼ਨ ਸਫਲ ਰਿਹਾ, ਪਰ ਉਹ ਕੋਮਾ ਵਿੱਚ ਰਹੇਹਾ। ਉਸ ਦੇ ਦਿਮਾਗ ਵਿਚ 2 ਦਿਨਾਂ ਤੱਕ ਸੋਜ ਸੀ। ਹਸਪਤਾਲ ਵਿੱਚ ਸੱਤਵੇਂ ਦਿਨ, ਬੇਨ ਨੂੰ ਕਈ ਦਿਲ ਦੇ ਦੌਰੇ ਪਏ, ਪਰ ਇਸ ਦੇ ਬਾਵਜੂਦ ਚਮਤਕਾਰ ਹੋਇਆ ਅਤੇ ਉਹ ਬਚ ਗਿਆ।
ਇਹ ਵੀ ਪੜ੍ਹੋ: ਅਮਰੀਕਾ 'ਚ ਇੱਕ ਸਾਲ 'ਚ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ 'ਚ 31 ਫ਼ੀਸਦੀ ਹੋਇਆ ਵਾਧਾ
ਰੇਬੇਕਾ ਨੇ ਅੱਗੇ ਕਿਹਾ, "ਮੈਂ ਹਰ ਸਮੇਂ ਉਸਦੇ ਨਾਲ ਰਹੀ, ਉਸਨੂੰ ਦੱਸਿਆ ਕਿ ਮੈਂ ਉਸਨੂੰ ਪਿਆਰ ਕਰਦੀ ਹਾਂ। ਮੈਂ ਉਸ ਲਈ ਮੇਰਾ ਗੀਤ 'ਡ੍ਰੀਮ ਏ ਲਿਟਲ ਡ੍ਰੀਮ ਆਫ ਮੀ' ਗਾਇਆ, ਉਸਦੇ ਸਿਰਹਾਣੇ 'ਤੇ ਆਪਣਾ ਫਰਫਿਊਮ ਛਿੜਕਿਆ। ਮੈਨੂੰ ਵਿਸ਼ਵਾਸ ਹੈ ਕਿ ਉਸ ਪ੍ਰਤੀ ਮੇਰੇ ਪਿਆਰ ਨੇ ਉਸ ਨੂੰ ਜ਼ਿੰਦਾ ਰੱਖਿਆ। ਇਹ ਚਮਤਕਾਰ ਹੈ ਕਿ ਉਹ ਬੱਚ ਗਿਆ। ਜਦੋਂ ਵਿਲਸਨ ਆਖ਼ਰਕਾਰ ਕੋਮਾ ਤੋਂ ਬਾਹਰ ਆਇਆ ਤਾਂ ਉਸਨੇ ਸਭ ਤੋਂ ਪਹਿਲਾਂ ਜੋ ਸ਼ਬਦ ਬੋਲਿਆ ਉਹ ਸੀ: 'ਰਿਬੇਕਾ।' ਅੰਤ ਵਿੱਚ 14 ਹਫ਼ਤਿਆਂ ਦੇ ਪੁਨਰਵਾਸ ਅਤੇ ਦਿਲ ਦੇ ਦੌਰਾ ਪੈਣ ਤੋਂ ਬਾਅਦ ਕੁੱਲ ਸਾਢੇ ਅੱਠ ਮਹੀਨਿਆਂ ਮਗਰੋਂ ਵਿਲਸਨ ਪਿਛਲੇ ਹਫ਼ਤੇ ਹੀ ਪੱਕੇ ਤੌਰ 'ਤੇ ਘਰ ਆਇਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।