ਅਮਰੀਕਾ ਵੱਲੋਂ ਭੇਜੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਮਾਲਡੋਵਾ ਪਹੁੰਚੀ
Wednesday, Jul 14, 2021 - 02:19 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਵੱਲੋਂ ਵਿਸ਼ਵ ਪੱਧਰ ’ਤੇ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਨੂੰ ਦਾਨ ਕਰਨ ਦੀ ਲੜੀ ਤਹਿਤ ‘ਜਾਨਸਨ ਐਂਡ ਜਾਨਸਨ’ ਕੰਪਨੀ ਦੇ ਕੋਰੋਨਾ ਵਾਇਰਸ ਟੀਕਿਆਂ ਦੀਆਂ 5,00,000 ਖੁਰਾਕਾਂ ਦਾਨ ਕਰਨ ਦੇ ਹਿੱਸੇ ਵਜੋਂ 1,50,000 ਖੁਰਾਕਾਂ ਦੀ ਪਹਿਲੀ ਖੇਪ ਸੋਮਵਾਰ ਨੂੰ ਮਾਲਡੋਵਾ ਦੀ ਰਾਜਧਾਨੀ ਪਹੁੰਚੀ । ਅਮਰੀਕਾ ਵੱਲੋਂ ਬਣਾਈ ਗਈ ਜਾਨਸਨ ਐਂਡ ਜਾਨਸਨ ਕੋਰੋਨਾ ਵੈਕਸੀਨ ਦੀ ਸਿਰਫ ਇੱਕ ਖੁਰਾਕ ਦੀ ਲੋੜ ਹੈ। ਅਮਰੀਕਾ ਵਿਸ਼ਵ ਪੱਧਰ ’ਤੇ ਕੋਵੈਕਸ ਪ੍ਰੋਗਰਾਮ ਦੇ ਇੱਕ ਹਿੱਸੇ ਵਜੋਂ ਗਲੋਬਲ ਦੇਸ਼ਾਂ ’ਚ ਕੋਰੋਨਾ ਵਾਇਰਸ ਦੇ ਟੀਕਿਆਂ ਦੀ ਸ਼ਿਪਿੰਗ ਕਰ ਰਿਹਾ ਹੈ ਤਾਂ ਜੋ ਵਿਸ਼ਵਵਿਆਪੀ ਮਹਾਮਾਰੀ ਦਾ ਮੁਕਾਬਲਾ ਕਰਨ ’ਚ ਸਹਾਇਤਾ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਭਾਰਤੀ ਮੂਲ ਦਾ ਜਸਟਿਨ ਬਣਿਆ ‘ਮਾਸਟਰਸ਼ੈੱਫ ਆਸਟਰੇਲੀਆ ਸੀਜ਼ਨ 13’ ਦਾ ਜੇਤੂ, ਮਾਂ ਨੂੰ ਦੱਸਿਆ ਸਭ ਤੋਂ ਵੱਡੀ ਪ੍ਰੇਰਣਾ
ਟੀਕਿਆਂ ਦੀ ਖੇਪ ਮਾਲਡੋਵਾ ਦੀ ਰਾਜਧਾਨੀ ਚਿਸੀਨੌ ਪਹੁੰਚਣ ਤੋਂ ਬਾਅਦ ਰਾਸ਼ਟਰਪਤੀ ਮੀਆਂ ਸੈਂਡੂ ਨੇ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਬੇਨਤੀ ਕੀਤੀ ਹੈ। ਸੈਂਡੂ ਨੇ ਇਸ ਦਾਨ ਲਈ ਅਮਰੀਕਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਟੀਕਾ ਲੋਕਾਂ ਦੀਆਂ ਜਾਨਾਂ ਬਚਾਉਣ ’ਚ ਸਹਾਇਤਾ ਕਰੇਗਾ। ਮਾਲਦੋਵਾ, ਜੋ ਯੂਰਪ ਦਾ ਗਰੀਬ ਦੇਸ਼ ਹੈ, ਨੇ ਅਜੇ ਤੱਕ ਸਿਰਫ 3,13,000 ਲੋਕਾਂ ਨੂੰ ਕੋਰੋਨਾ ਵਾਇਰਸ ਵਿਰੁੱਧ ਪੂਰੀ ਤਰ੍ਹਾਂ ਟੀਕਾ ਲਗਵਾਉਣ ਲਈ ਲੋੜੀਂਦੀਆਂ ਖੁਰਾਕਾਂ ਪ੍ਰਾਪਤ ਕੀਤੀਆਂ ਹਨ । ਮਾਲਡੋਵਾ ’ਚ ਸਥਿਤ ਅਮਰੀਕੀ ਅੰਬੈਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਇਸ ਦੇਸ਼ ਨੂੰ ਮਹਾਮਾਰੀ ਕਾਰਨ 4 ਮਿਲੀਅਨ ਡਾਲਰ ਤੋਂ ਵੱਧ (3.3 ਮਿਲੀਅਨ ਯੂਰੋ) ਦੀ ਸਹਾਇਤਾ ਦਿੱਤੀ ਹੈ। ਮਹਾਮਾਰੀ ਦੀ ਸ਼ੁਰੂਆਤ ਹੋਣ ਤੋਂ ਬਾਅਦ ਮਾਲਡੋਵਾ ’ਚ 2,57,000 ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਅਤੇ ਕੋਵਿਡ-19 ਦੀ ਵਜ੍ਹਾ ਨਾਲ 6,200 ਤੋਂ ਵੱਧ ਮੌਤਾਂ ਦਰਜ ਹੋਈਆਂ ਹਨ।