ਮੈਲਬੌਰਨ 'ਚ ਪਹਿਲਾ 'ਕਬੱਡੀ ਕੱਪ' ਸਫਲਤਾਪੂਰਵਕ ਸੰਪੰਨ, ਸਰਵੋਤਮ ਧਾਵੀ ਤੇ ਜਾਫੀ ਸੋਨੇ ਦੇ ਕੈਂਠੇ ਦੇ ਨਾਲ ਸਨਮਾਨਿਤ

Wednesday, May 03, 2023 - 04:59 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)- ਨੈਸ਼ਨਲ ਕੱਬਡੀ ਫੈਡਰੇਸ਼ਨ ਆਸਟ੍ਰੇਲੀਆ ਦੀ ਸਰਪ੍ਰਸਤੀ ਹੇਠ ਬੀਤੇ ਐਤਵਾਰ ਮੀਰੀ ਪੀਰੀ ਸਪੋਰਟਸ ਅਤੇ ਕਲਚਰਲ ਕਲੱਬ ਵਲੋਂ ਪਹਿਲਾ ਕਬੱਡੀ ਕੱਪ ਤੇ ਸਭਿਆਚਾਰਕ ਮੇਲਾ ਮੈਲਬੌਰਨ ਦੇ ਪੱਛਮ ਵਿੱਚ ਸਥਿਤ ਵੈਰਿਬੀ ਇਲਾਕੇ ਦੇ ਵਿਕਟੋਰੀਆ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ ਕਰਵਾਇਆ ਗਿਆ। ਗੁਰਪ੍ਰੀਤ ਸਿੰਘ ਸ਼ੋਕਰ, ਮੋਂਟੀ ਬੈਨੀਪਾਲ, ਸੁਖਰਾਜ ਰੋਮਾਣਾ ਤੇ ਜੋਧਾ ਝੂਟੀ ਦੀ ਸੁੱਚਜੀ ਅਗਵਾਈ ਵਿੱਚ ਕਰਵਾਏ ਗਏ ਇਸ ਕਬੱਡੀ ਕੱਪ ਦੇ ਵਿੱਚ ਛੇ ਦੇ ਕਰੀਬ ਟੀਮਾਂ ਨੇ ਭਾਗ ਲਿਆ। ਕਬੱਡੀ ਕੱਪ ਸ਼ੁਰੂ ਕਰਨ ਤੋ ਪਹਿਲਾਂ ਅਰਦਾਸ ਕੀਤੀ ਗਈ ਤੇ ਕਰੀਬ ਸੱਤ ਘੰਟੇ ਤੱਕ ਚੱਲੇ ਇਨਾਂ ਮੈਚਾਂ ਦੌਰਾਨ ਤਕਰੀਬਨ ਸਾਰੇ ਹੀ ਮੈਚ ਰੋਚਕ ਤੇ ਫਸਵੇਂ ਸੀ।

PunjabKesari

ਇਸ ਮੌਕੇ ਦਰਸ਼ਕਾ ਨੇ ਖਿਡਾਰੀਆਂ ਦੀ ਖੂਬ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਕਈ ਸਮਾਜਿਕ ਤੇ ਸਿਆਸੀ ਹਸਤੀਆਂ ਨੇ ਵੀ ਹਾਜਰੀ ਭਰੀ। ਇਸ ਮੌਕੇ ਭੰਗੜਾ ਰੂਟਸ ਦੇ ਬੱਚਿਆਂ ਵਲੋਂ ਭੰਗੜੇ ਦੇ ਜੌਹਰ ਵੀ ਦਿਖਾਏ ਗਏ ਤੇ ਕਬੱਡੀ ਕੱਪ ਵਿੱਚ ਹਿੱਸਾ ਪਾਉਣ ਵਾਲੀਆਂ ਵਿਸ਼ੇਸ਼ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਫਸਵੇਂ ਮੁਕਾਬਲੇ ਵਿੱਚ ਮੀਰੀ ਕਲੱਬ ਦੀ ਟੀਮ ਜੇਤੂ ਰਹੀ ਤੇ ਅਜਾਦ ਕਬੱਡੀ ਕਲੱਬ ਦੀ ਟੀਮ ਦੂਜੇ ਨੰਬਰ 'ਤੇ ਰਹੀ। ਇਸ ਮੌਕੇ ਸਰਵੋਤਮ ਜਾਫੀ ਅਰਸ਼ ਚੌਹਲਾ ਸਾਹਿਬ ਤੇ ਵਧੀਆ ਧਾਵੀ ਹਰਮਨ ਬੁੱਲਟ ਖੀਰਾਂਵਾਲੀ ਦਾ ਦੁਬਈ ਜਿਊਲਰਜ਼ ਸੰਗਰੂਰ ਵਾਲਿਆਂ ਵਲੋ ਸੋਨੇ ਦੇ ਕੈਂਠੇ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਬੱਚਿਆਂ ਦੀ ਦੌੜਾਂ ਵੀ ਕਰਵਾਈਆਂ ਗਈਆਂ। ਇਸ ਮੌਕੇ ਪ੍ਰਸਿੱਧ ਖਿਡਾਰੀ ਯਾਦਵਿੰਦਰ ਸਿੰਘ ਯਾਦਾ ਸਰਪੰਚ ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਅਲਬਾਨੀਜ਼ ਨੇ ਤਾਜਪੋਸ਼ੀ ਤੋਂ ਪਹਿਲਾਂ ਕਿੰਗ ਚਾਰਲਸ ਨਾਲ ਕੀਤੀ ਮੁਲਾਕਾਤ, ਆਸਟ੍ਰੇਲੀਆ ਆਉਣ ਦਾ ਦਿੱਤਾ ਸੱਦਾ

ਇਸ ਮੌਕੇ ਪ੍ਰਸਿੱਧ ਕੁੰਮੈਂਟੇਟਰ ਪ੍ਰੋ ਹਾਕਮ ਸਿੰਘ ਹਕੀਮਪੁਰਾ, ਜਸਵਿੰਦਰ ਸਿੰਘ ਬਰਾੜ ਰਿਟਾਃ ਡੀਪੀਈ, ਪ੍ਰਸਿੱਧ ਗੀਤਕਾਰ ਮੰਗਲ ਹਠੂਰ ਵਿਸ਼ੇਸ਼ ਤੌਰ 'ਤੇ ਆਏ ਹੋਏ ਸਨ। ਕਬੱਡੀ ਮੈਚਾਂ ਉਪਰੰਤ ਸਭਿਅਚਾਰਕ ਮੇਲੇ ਦੌਰਾਨ ਜਿੱਥੇ ਕਰਮਜੀਤ ਅਨਮੋਲ ਤੇ ਨਿਸ਼ਾ ਬਾਨੋ ਦੀ ਜੋੜੀ ਨੇ ਨਵੇਂ-ਪੁਰਾਣੇ ਗੀਤਾਂ ਨਾਲ ਚੰਗਾ ਰੰਗ ਬੰਨ੍ਹਿਆ, ਉੱਥੇ ਹੀ ਸਰਬਜੀਤ ਚੀਮਾਂ, ਗੁਰਵਿੰਦਰ ਬਰਾੜ ਤੇ ਬਾਗੀ ਭੰਗੂ ਨੇ ਆਪਣੀ ਬੁਲੰਦ ਅਵਾਜ਼ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਕੱਬਡੀ ਕੱਪ ਨੂੰ ਕਾਮਯਾਬ ਕਰਨ ਦੇ ਲਈ ਨੈਸ਼ਨਲ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਬਲਜਿੰਦਰ ਸਿੰਘ ਬਾਸੀ,ਸੁਰਜੀਤ ਪਾਂਗਲੀ,ਨਵ ਭਦੋੜ,ਰਾਣਾ ਨੰਬਰਦਾਰ ਤੇ ਚੂਹੜ ਸਿੰਘ ਪਾਂਗਲੀ ਦਾ ਵਿਸ਼ੇਸ਼ ਯੋਗਦਾਨ ਰਿਹਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News