ਐੱਫ.ਡੀ.ਏ. ਨੇ ਦਿੱਤੀ ਫਾਈਜ਼ਰ ਦੇ ਕੋਰੋਨਾ ਵਾਇਰਸ ਟੀਕੇ ਨੂੰ ਅਮਰੀਕਾ ''ਚ ਟੀਕਾਕਰਣ ਲਈ ਮਨਜ਼ੂਰੀ
Sunday, Dec 13, 2020 - 10:23 AM (IST)
ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ): ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਜੂਝ ਰਹੇ ਅਮਰੀਕਾ ਨੂੰ ਲੰਮੇ ਇੰਤਜਾਰ ਤੋਂ ਬਾਅਦ ਇਸ ਦੇ ਇਲਾਜ ਸੰਬੰਧੀ ਆਸ ਦੀ ਕਿਰਨ ਮਿਲੀ ਹੈ। ਅਮਰੀਕੀ ਸੰਸਥਾ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ(ਐੱਫ. ਡੀ. ਏ) ਨੇ ਸ਼ੁੱਕਰਵਾਰ ਨੂੰ ਫਾਈਜ਼ਰ ਦੇ ਕੋਰੋਨਾ ਵਾਇਰਸ ਟੀਕੇ ਨੂੰ ਐਮਰਜੈਂਸੀ ਵਰਤੋਂ ਲਈ ਅਧਿਕਾਰਤ ਕੀਤਾ ਹੈ, ਜਿਸ ਨਾਲ ਦੇਸ਼ ਭਰ 'ਚ ਲਗਭਗ 3 ਮਿਲੀਅਨ ਖੁਰਾਕਾਂ ਨੂੰ ਦੇਸ਼ ਭਰ 'ਚ ਦੇਣ ਲਈ ਵੱਡੇ ਪੱਧਰ 'ਤੇ ਕੋਸ਼ਿਸ਼ਾਂ ਦੀ ਸ਼ੁਰੂਆਤ ਹੋ ਗਈ ਹੈ। ਇਸ ਟੀਕੇ ਦੀ ਪ੍ਰਵਾਨਗੀ ਐੱਫ. ਡੀ.ਏ. ਦੇ ਸਲਾਹਕਾਰ ਪੈਨਲ ਦੁਆਰਾ ਟੀਕੇ ਨੂੰ ਮਨਜ਼ੂਰੀ ਦੇਣ ਦੇ ਹੱਕ 'ਚ ਵੋਟਾਂ ਪਾਉਣ ਦੇ ਇਕ ਦਿਨ ਬਾਅਦ ਮਿਲੀ ਹੈ।
ਕੋਰੋਨਾ ਵਾਇਰਸ ਦੇ ਇਸ ਟੀਕੇ ਦੀ ਮਨਜ਼ੂਰੀ ਨਾਲ ਦੇਸ਼ ਦੇ ਫਰੰਟਲਾਈਨ ਮੈਡੀਕਲ ਵਰਕਰ ਅਤੇ ਦੇਖਭਾਲ ਸਹੂਲਤਾਂ ਦੇ ਵਸਨੀਕ ਇਹ ਟੀਕਾ ਲਗਵਾਉਣ ਵਾਲੇ ਪਹਿਲੇ ਹੋਣਗੇ ਜੋ ਕਿ ਟੀਕੇ ਨੂੰ ਸੋਮਵਾਰ ਤੱਕ ਪ੍ਰਾਪਤ ਕਰ ਸਕਦੇ ਹਨ। ਇਹ ਟੀਕਾ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਗਾਉਣ ਲਈ ਅਧਿਕਾਰਤ ਕੀਤਾ ਗਿਆ ਹੈ। ਫਾਈਜ਼ਰ ਦੇ ਸੀ. ਈ. ਓ. ਐਲਬਰਟ ਬੌਲਾ ਅਨੁਸਾਰ ਇਹ ਟੀਕਾ ਸੇਂਟ ਲੂਯਿਸ, ਮਿਸੂਰੀ, ਐਂਡਵਰ, ਮੈਸਾਚਿਸੇਟਸ, ਅਤੇ ਮਿਸ਼ੀਗਨ ਆਦਿ 'ਚ ਨਿਰਮਾਣ ਸਥਾਨਾਂ 'ਤੇ ਤਿਆਰ ਕੀਤਾ ਜਾਵੇਗਾ ਅਤੇ ਕੰਪਨੀ ਤੁਰੰਤ ਖੁਰਾਕਾਂ ਦੀ ਸਿਪਿੰਗ ਸ਼ੁਰੂ ਕਰੇਗੀ। ਰਾਸ਼ਟਰਪਤੀ ਟਰੰਪ ਨੇ ਵੀ ਟੀਕੇ ਦੀ ਮਨਜ਼ੂਰੀ ਮਿਲਣ 'ਤੇ ਖੁਸ਼ੀ ਪ੍ਰਗਟ ਕਰਨ ਦੇ ਨਾਲ ਟੀਕੇ ਦੀ ਪਹਿਲੀ ਖੁਰਾਕ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਦੇਣ ਬਾਰੇ ਕਿਹਾ ਹੈ। ਇਸ ਟੀਕੇ ਦੇ ਕਲੀਨਿਕਲ ਪ੍ਰੀਖਣਾਂ ਦੇ ਅਨੁਸਾਰ ਫਾਈਜ਼ਰ ਟੀਕਾ 18 ਤੋਂ 64 ਦੇ ਬਾਲਗਾਂ ਲਈ ਲਗਭਗ 95% ਪ੍ਰਭਾਵਸ਼ਾਲੀ ਹੈ ਜਦਕਿ ਕਮਜ਼ੋਰ ਇਮਿਊਨਿਟੀ, ਗੰਭੀਰ ਐਲਰਜੀ ਵਾਲੇ ਲੋਕ ਅਤੇ ਗਰਭਵਤੀ ਔਰਤਾਂ ਨੂੰ ਟੀਕਾ ਲੱਗਣ ਤੋਂ ਰੋਕਿਆ ਜਾ ਸਕਦਾ ਹੈ।