ਨਿਕਾਹ ਤੋਂ ਇਨਕਾਰ ਕਰਨ ਦੀ ਖ਼ੌਫ਼ਨਾਕ ਸਜ਼ਾ, ਪਰਿਵਾਰ ਨੇ ਕੁੜੀ ਦਾ ਕਤਲ ਕਰ ਲਾਸ਼ ਖੁਰਦ-ਬੁਰਦ ਕੀਤੀ
Tuesday, Jun 01, 2021 - 12:55 PM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਰਿਵਾਰ ਦੀ ਮਰਜ਼ੀ ਅਨੁਸਾਰ ਲੜਕੀ ਵੱਲੋਂ ਨਿਕਾਹ ਕਰਨ ਤੋਂ ਇਨਕਾਰ ਕਰਨ ’ਤੇ ਲੜਕੀ ਦੀ ਹੱਤਿਆ ਕਰ ਕੇ ਮੁਸਲਿਮ ਪਰਿਵਾਰ ਇਟਲੀ ਤੋਂ ਪਾਕਿਸਤਾਨ ਚਲਾ ਗਿਆ। ਇਟਲੀ ਪੁਲਸ ਜਿਥੇ ਉਕਤ 18 ਸਾਲਾ ਲੜਕੀ ਸਮਨ ਅੱਬਾਸ ਦੀ ਲਾਸ਼ ਦੀ ਭਾਲ ਕਰ ਰਹੀ ਹੈ, ਉੱਥੇ ਆਪਣੀ ਹੀ ਲੜਕੀ ਦੀ ਹੱਤਿਆ ਕਰਨ ਵਾਲੇ ਲੜਕੀ ਦੇ ਮਾਤਾ-ਪਿਤਾ ਅਤੇ ਦੋ ਚਰੇਰੇ ਭਰਾਵਾਂ ਨੂੰ ਪਾਕਿਸਤਾਨ ਤੋਂ ਇਟਲੀ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਮ੍ਰਿਤਕਾ ਸਮਨ ਅੱਬਾਸ ਨਿਵਾਸੀ ਨੋਵੇਲਰਾ ਦੇ ਮਾਤਾ-ਪਿਤਾ ਉਸ ਦਾ ਨਿਕਾਹ ਪਾਕਿਸਤਾਨ ’ਚ ਰਹਿਣ ਵਾਲੇ ਉਸ ਦੇ ਚਰੇਰੇ ਭਰਾ ਨਾਲ ਕਰਨਾ ਚਾਹੁੰਦੇ ਸਨ, ਜਦਕਿ ਸਮਨ ਅੱਬਾਸ ਇਸ ਤੋਂ ਇਨਕਾਰ ਕਰ ਰਹੀ ਸੀ ਅਤੇ ਇਸ ਜ਼ਬਰਦਸਤੀ ਦੇ ਖਿਲਾਫ ਦਸੰਬਰ 2020 ’ਚ ਉਸ ਨੇ ਪੁਲਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਸੀ।
ਇਹ ਵੀ ਪੜ੍ਹੋ : ਅਮਰੀਕਾ : ਐਰੀਜ਼ੋਨਾ ’ਚ ਕਈ ਮਹੀਨਿਆਂ ਤੋਂ ਬੈਗ ’ਚ ਲੁਕੋ ਕੇ ਰੱਖੀ ਲਾਸ਼ ਮਿਲੀ, ਕਾਤਲ ਗ੍ਰਿਫ਼ਤਾਰ
ਇਸ ਗੱਲ ਤੋਂ ਖਫ਼ਾ ਉਸ ਦੇ ਮਾਤਾ-ਪਿਤਾ ਨੇ ਆਪਣੇ ਰਿਸ਼ਤੇਦਾਰਾਂ ਦੀ ਮਦਦ ਨਾਲ 5 ਮਈ ਨੂੰ ਸਮਨ ਅੱਬਾਸ ਦਾ ਕਤਲ ਕਰ ਕੇ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਅਤੇ ਪਹਿਲਾਂ ਤੋਂ ਬਣਾਈ ਯੋਜਨਾ ਅਨੁਸਾਰ ਉਹ ਚਾਰੇ ਪਾਕਿਸਤਾਨ ਭੱਜ ਗਏ ਕਿਉਂਕਿ ਜਦੋਂ ਇਟਲੀ ਤੋਂ ਮ੍ਰਿਤਕ ਦੇ ਮਾਤਾ-ਪਿਤਾ ਸਮੇਤ ਦੋ ਚਰੇਰੇ ਭਰਾ ਪਾਕਿਸਤਾਨ ਗਏ ਤਾਂ ਸਮਨ ਅੱਬਾਸ ਉਨ੍ਹਾਂ ਦੇ ਨਾਲ ਨਹੀਂ ਸੀ। ਸਮਨ ਅੱਬਾਸ ਇਸ ਸਾਲ 11 ਅਪ੍ਰੈਲ ਨੂੰ ਬਾਲਗ ਹੋਈ ਸੀ ਅਤੇ ਉਸ ਨੂੰ ਨਿਕਾਹ ਆਪਣੀ ਮਰਜ਼ੀ ਨਾਲ ਕਰਨ ਦਾ ਅਧਿਕਾਰ ਪ੍ਰਾਪਤ ਹੋ ਗਿਆ ਸੀ। ਇਸ ਰੰਜਿਸ਼ ਦੇ ਚਲਦਿਆਂ ਉਸ ਦੀ ਹੱਤਿਆ ਕੀਤੀ ਗਈ। ਪੁਲਸ ਇਸ ਸਬੰਧੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।