ਚੀਨ ਨਹੀਂ ਆ ਰਿਹਾ ਬਾਜ਼, ਪੂਰਬੀ ਲੱਦਾਖ ਨੇੜੇ ਲੜਾਕੂ ਜਹਾਜ਼ਾਂ ਨਾਲ ਵੱਡੀ ਪੱਧਰ ’ਤੇ ਕੀਤਾ ਅਭਿਆਸ

Wednesday, Jun 09, 2021 - 02:10 PM (IST)

ਚੀਨ ਨਹੀਂ ਆ ਰਿਹਾ ਬਾਜ਼, ਪੂਰਬੀ ਲੱਦਾਖ ਨੇੜੇ ਲੜਾਕੂ ਜਹਾਜ਼ਾਂ ਨਾਲ ਵੱਡੀ ਪੱਧਰ ’ਤੇ ਕੀਤਾ ਅਭਿਆਸ

ਇੰਟਰਨੈਸ਼ਨਲ ਡੈਸਕ : ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਚੀਨੀ ਹਵਾਈ ਫੌਜ ਨੇ ਹਾਲ ਹੀ ’ਚ ਪੂਰਬੀ ਲੱਦਾਖ ਦੇ ਦੂਜੇ ਪਾਸੇ ਵੱਡੀ ਪੱਧਰ ’ਤੇ ਅਭਿਆਸ ਕੀਤਾ। ਭਾਰਤੀ ਫੌਜ ਨੇ ਵੀ ਇਸ ਅਭਿਆਸ ’ਤੇ ਤਿੱਖੀ ਨਜ਼ਰ ਰੱਖੀ। ਭਾਰਤੀ ਫੌਜ ਲੱਦਾਖ ਦੇ ਖੇਤਰ ’ਚ ਵੀ ਹਵਾਈ ਗਸ਼ਤ ਜਾਰੀ ਰੱਖਦੀ ਹੈ। ਇਕ ਨਿਊਜ਼ ਏਜੰਸੀ ਦੇ ਸੂਤਰਾਂ ਅਨੁਸਾਰ ਚੀਨੀ ਹਵਾਈ ਫੌਜ ਦੇ ਤਕਰੀਬਨ 21-22 ਲੜਾਕੂ ਜਹਾਜ਼ ਇਥੇ ਉਤਰ ਚੁੱਕੇ ਹਨ। ਇਸ ’ਚ ਜੇ-11 ਅਤੇ ਜੇ-16 ਲੜਾਕੂ ਜਹਾਜ਼ ਸ਼ਾਮਲ ਸਨ। ਹਾਲਾਂਕਿ ਇਹ ਜਹਾਜ਼ ਚੀਨੀ ਸਰਹੱਦ ਦੇ ਅੰਦਰ ਉਡਾਣ ਭਰ ਰਹੇ ਸਨ। ਇਥੇ ਕੰਕਰੀਟ ਦੇ ਢਾਂਚੇ ਵੀ ਬਣਾਏ ਗਏ ਹਨ ਤਾਂ ਜੋ ਇਥੇ ਮੌਜੂਦ ਹਵਾਈ ਜਹਾਜ਼ਾਂ ਦੀ ਗਿਣਤੀ ਨੂੰ ਗੁਪਤ ਰੱਖਿਆ ਜਾ ਸਕੇ।

 ਇਹ ਵੀ ਪੜ੍ਹੋ : ਅਫਗਾਨਿਸਤਾਨ ’ਚੋਂ ਫੌਜੀਆਂ ਦੀ ਵਾਪਸੀ ਸਬੰਧੀ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਦਿੱਤਾ ਵੱਡਾ ਬਿਆਨ

ਸੂਤਰਾਂ ਨੇ ਦੱਸਿਆ ਕਿ ਲੱਦਾਖ ’ਚ ਹੋਈ ਡਿਸਇੰਗੇਜਮੈਂਟ ਤੋਂ ਬਾਅਦ ਭਾਰਤੀ ਹਵਾਈ ਫੌਜ ਦੀ ਸਰਗਰਮੀ ਵੀ ਵਧੀ ਹੈ। ਚੀਨੀ ਜਹਾਜ਼ਾਂ ਨੇ ਉਥੋਂ ਦੇ ਹੋਟਾਨ, ਗਾਰ ਗੁੰਸਾ ਅਤੇ ਕਸ਼ਗਰ ਏਅਰਬੇਸਾਂ ਤੋਂ ਉਡਾਣਾਂ ਭਰੀਆਂ। ਇਨ੍ਹਾਂ ਏਅਰਬੇਸਾਂ ਨੂੰ ਹਰ ਕਿਸਮ ਦੇ ਲੜਾਕੂ ਜਹਾਜ਼ਾਂ ਦੇ ਅਨੁਕੂਲ ਕਰਨ ਲਈ ਅਪਡੇਟ ਕੀਤਾ ਗਿਆ ਹੈ। ਭਾਰਤੀ ਲੜਾਕੂ ਜਹਾਜ਼ ਇਨ੍ਹਾਂ ਖੇਤਰਾਂ ’ਚ ਨਿਰੰਤਰ ਅਭਿਆਸ ਕਰਦੇ ਹਨ। ਇਨ੍ਹਾਂ ’ਚ ਹਾਲ ਹੀ ’ਚ 24 ਰਾਫੇਲ ਜਹਾਜ਼ਾਂ ਦਾ ਇੱਕ ਬੇੜਾ ਵੀ ਸ਼ਾਮਲ ਹੈ, ਜੋ ਹਾਲ ਹੀ ’ਚ ਭਾਰਤ ਆਇਆ ਸੀ, ਜਿਸ ਕਾਰਨ ਅਸਲ ਕੰਟਰੋਲ ਰੇਖਾ ਉੱਤੇ ਸਾਡੀ ਤਾਕਤ ਵਧੀ ਹੈ।

ਪੈਂਗੋਂਗ ਤੋਂ ਫ਼ੌਜਾਂ ਬੁਲਾਈਆਂ ਵਾਪਸ ਪਰ ਰੱਖਿਆ ਪ੍ਰਣਾਲੀ ਮੌਜੂਦ
ਸੂਤਰਾਂ ਨੇ ਦੱਸਿਆ ਕਿ ਚੀਨ ਨੇ ਪੈਂਗੋਂਗ ਤੋਂ ਆਪਣੀਆਂ ਫੌਜਾਂ ਵਾਪਸ ਬੁਲਾ ਲਈਆਂ ਹਨ ਪਰ HQ-9 ਅਤੇ HQ-16 ’ਤੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਹਟਾਇਆ ਨਹੀਂ ਹੈ। ਇਹ ਹਵਾਈ ਰੱਖਿਆ ਪ੍ਰਣਾਲੀ ਲੰਬੀ ਲੜੀ ’ਤੇ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਸਕਦੀ ਹੈ। ਇਸੇ ਕਰਕੇ ਅਪ੍ਰੈਲ-ਮਈ ਵਿਚ ਭਾਰਤ ਨੇ ਆਪਣੇ ਮੂਹਰਲੀਆਂ ਏਅਰਬੇਸਾਂ ’ਤੇ ਸੁਖੋਈ-30 ਅਤੇ ਮਿਗ-29 ਨੂੰ ਵੀ ਤਾਇਨਾਤ ਕੀਤਾ ਹੈ, ਜੋ ਕਿਸੇ ਵੀ ਖਤਰੇ ਦਾ ਜਵਾਬ ਦੇਣ ਦੇ ਸਮਰੱਥ ਹਨ। ਸੂਤਰਾਂ ਨੇ ਦੱਸਿਆ ਕਿ ਚੀਨੀ ਜਹਾਜ਼ਾਂ ਨੂੰ ਉਚਾਈ ਵਾਲੇ ਇਲਾਕਿਆਂ ਤੋਂ ਉਡਾਣ ਭਰਨੀ ਪੈਂਦੀ ਹੈ, ਜਦਕਿ ਭਾਰਤੀ ਲੜਾਕੂ ਜਹਾਜ਼ ਜ਼ਮੀਨੀ ਆਧਾਰ ਤੋਂ ਉਡਾਣ ਭਰਦੇ ਹਨ ਅਤੇ ਬਹੁਤ ਹੀ ਥੋੜ੍ਹੇ ਸਮੇਂ ’ਚ ਅੱਗੇ ਵਾਲੇ ਸਥਾਨ ’ਤੇ ਪਹੁੰਚਣ ਦੇ ਸਮਰੱਥ ਹਨ।

ਕਈ ਦੌਰ ਦੀ ਗੱਲਬਾਤ ਤੋਂ ਬਾਅਦ ਇਸ ਸਾਲ ਫਰਵਰੀ ’ਚ ਦੋਵੇਂ ਦੇਸ਼ ਵਿਵਾਦਗ੍ਰਸਤ ਸਰਹੱਦ ਨੇੜੇ ਕੁਝ ਇਲਾਕਿਆਂ ਤੋਂ ਆਪਣੀਆਂ ਫੌਜਾਂ ਅਤੇ ਫੌਜੀ ਉਪਕਰਣ ਵਾਪਸ ਲਿਜਾ ਰਹੇ ਹਨ। ਦੋਵਾਂ ਧਿਰਾਂ ਨੇ ਪਹਿਲਾਂ ਪੈਂਗੋਂਗ ਤਸੋ ਦੇ ਆਲੇ-ਦੁਆਲੇ ਤੋਂ ਆਪਣੀ ਫੌਜ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਪਰ ਪੂਰਬੀ ਲੱਦਾਖ ਦੇ ਹੌਟ ਸਪਰਿੰਗਜ਼, ਗੋਗਰਾ ਅਤੇ ਡੇਪਸਾਂਗ ਵਰਗੇ ਖੇਤਰ ਅਜੇ ਵੀ ਟਕਰਾਅ ਤੋਂ ਬਾਹਰ ਨਹੀਂ ਆ ਸਕੇ ਹਨ। ਇਸ ਨੂੰ ਵਿਵਾਦ ਦਾ ਅੰਤ ਨਹੀਂ ਕਿਹਾ ਜਾ ਸਕਦਾ। ਇਹ ਭਵਿੱਖ ’ਚ ਫਿਰ ਤੋਂ ਇੱਕ ਮੋੜ ਲੈ ਸਕਦਾ ਹੈ।


author

Manoj

Content Editor

Related News