ਵਿਰਸੇ ਦੀਆਂ ਬਾਤਾਂ ਪਾ ਗਿਆ ''ਰੂਹ ਪੰਜਾਬ ਦੀ'' ਵੱਲੋਂ ਕਰਵਾਇਆ ਗਿਆ ਸੱਭਿਆਚਾਰਕ ਪ੍ਰੋਗਰਾਮ

10/11/2017 8:09:19 AM

ਮੈਲਬੋਰਨ,( ਮਨਦੀਪ ਸਿੰਘ ਸੈਣੀ)— ਬੀਤੇ ਸ਼ਨੀਵਾਰ ਨੂੰ ਸਿਡਨੀ ਦੇ ਸਿਲਵਰ ਵਾਟਰ ਇਲਾਕੇ ਵਿੱਚ 'ਰੂਹ ਪੰਜਾਬ ਦੀ' ਭੰਗੜਾ ਅਕਾਦਮੀ ਵੱਲੋਂ ਕਰਵਾਇਆ ਗਿਆ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ਸਫਲ ਹੋ ਨਿਬੜਿਆ। ਪੰਜਾਬ ਦੇ ਰਵਾਇਤੀ ਲੋਕ ਨਾਚ ਗਿੱਧੇ ਅਤੇ ਭੰਗੜੇ ਨੂੰ ਵਿਦੇਸ਼ਾਂ ਵਿੱਚ ਜਿਊਂਦਾ ਰੱਖਣ ਦੇ ਮੰਤਵ ਨਾਲ ਕਰਵਾਏ ਗਏ ਇਸ ਮੇਲੇ ਵਿੱਚ 200 ਦੇ ਕਰੀਬ ਛੋਟੇ ਬੱਚਿਆਂ,ਨੌਜਵਾਨਾਂ ਅਤੇ ਮੁਟਿਆਰਾਂ ਨੇ ਭਾਗ ਲਿਆ।ਪੰਜਾਬੀ ਪਹਿਰਾਵੇ ਵਿੱਚ ਸਜੇ ਪ੍ਰਤੀਯੋਗੀਆਂ ਨੇ ਪੰਜਾਬੀ ਗੀਤਾਂ,ਲੋਕ ਬੋਲੀਆਂ, ਗਿੱਧਾ-ਭੰਗੜਾ ਅਤੇ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੀਆਂ ਵੱਖ-ਵੱਖ ਵੰਨਗੀਆਂ ਤੇ ਪੇਸ਼ਕਾਰੀ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਜ਼ਿਕਰਯੋਗ ਹੈ ਕਿ ਸਿਡਨੀ ਵਿੱਚ ਪਿਛਲੇ ਅੱਠ ਸਾਲਾਂ ਤੋਂ ਕਾਰਜ਼ਸ਼ੀਲ 'ਰੂਹ ਪੰਜਾਬ ਦੀ' ਭੰਗੜਾ ਅਕਾਦਮੀ ਰਵਾਇਤੀ ਲੋਕ ਨਾਚਾਂ ਨੂੰ ਸਜੀਵ ਰੱਖਣ ਵਿੱਚ ਕਾਮਯਾਬ ਹੋਈ ਹੈ ।
ਭੰਗੜਾ ਕੋਚ ਅਜੀਤ ਪਾਲ ਸਿੰਘ, ਦਲਜੀਤ ਲਾਲੀ (ਕੈਨੇਡਾ),ਪਵਿੱਤਰ ਸਿੰਘ,ਇਕਬਾਲ ਕਾਲਕਟ,ਅਮਰੀਕ ਸਿੰਘ ਅਤੇ ਹੋਰ ਪ੍ਰਬੰਧਕਾਂ ਦੀ ਦੇਖ-ਰੇਖ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਕੁਝ ਬੱਚਿਆਂ ਦੇ ਮਾਪਿਆਂ ਨੇ ਵੀ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਲੋਕ ਗਾਇਕ ਜਸਵੰਤ ਸੰਦੀਲਾ ਨੇ ਆਪਣੇ ਗੀਤਾਂ ਨਾਲ ਹਾਜ਼ਰੀ ਲਗਵਾਉਦਿਆਂ ਸਮੂਹ ਪ੍ਰਬੰਧਕਾਂ ਨੂੰ ਇਸ ਨਿਵੇਕਲੇ ਉੱਦਮ ਲਈ ਮੁਬਾਰਕਬਾਦ ਦਿੱਤੀ।ਮੰਚ ਸੰਚਾਲਨ ਦੀ ਜ਼ਿੰਮੇਵਾਰੀ ਰਣਜੀਤ ਖੈੜਾ ਅਤੇ ਹਰਲੀਨ ਕੌਰ ਵੱਲੋਂ ਬਾਖੂਬੀ ਨਿਭਾਈ ਗਈ।'ਰੂਹ ਪੰਜਾਬ ਦੀ' ਮੈਲਬੋਰਨ ਅਤੇ ਐਡੀਲੇਡ ਦੇ ਪ੍ਰਬੰਧਕਾਂ ਵੱਲੋਂ ਵੀ ਇਸ ਮੇਲੇ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਸਮੂਹ ਪ੍ਰਬੰਧਕਾਂ ਵੱਲੋਂ ਹਾਜ਼ਰ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ।


Related News