ਇਟਲੀ 'ਚ ਅਥਾਹ ਸ਼ਰਧਾ ਨਾਲ ਮਨਾਇਆ ਗਿਆ ਸਤਿਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ
Tuesday, Oct 18, 2022 - 04:09 PM (IST)
ਰੋਮ (ਕੈਂਥ) ਮਹਾਨ ਸਿੱਖ ਧਰਮ ਦੇ ਚੌਥੇ ਪਾਤਿਸ਼ਾਹ ਸਤਿਗੁਰੂ ਰਾਮਦਾਸ ਮਹਾਰਾਜ ਜੀ ਦਾ 588ਵਾਂ ਆਗਮਨ ਪੂਰੀ ਦੁਨੀਆ ਵਿੱਚ ਰਹਿਣ ਬਸੇਰਾ ਕਰਦੀ ਸਿੱਖ ਸੰਗਤ ਵੱਲੋਂ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਇਟਲੀ ਵਿੱਚ ਵੀ ਇਸ ਆਗਮਨ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਤੇ ਹੋਰ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ, ਜਿਸ ਤਹਿਤ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਕਰਵਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਦੀ ਸੰਸਦ ਨੇ ਮੋਮਬੱਤੀਆਂ ਜਗਾ ਕੇ ਮਨਾਈ ਦੀਵਾਲੀ, ਕੀਤੀਆਂ ਪ੍ਰਾਰਥਨਾਵਾਂ
ਇਸ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿੱਚ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆ ਦੇ ਵਜ਼ੀਰ ਭਾਈ ਮਨਿੰਦਰ ਸਿੰਘ ਖਾਲਸਾ ਵੱਲੋਂ ਸਤਿਗੁਰਾਂ ਦੀ ਉਚਾਰੀ ਇਲਾਹੀ ਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਗਿਆ। ਭਾਈ ਮਨਿੰਦਰ ਸਿੰਘ ਖਾਲਸਾ ਹੁਰਾਂ ਨੇ ਸਤਿਗੁਰੂ ਰਾਮਦਾਸ ਜੀ ਦੀ ਬਾਣੀ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬ ਦੇ 638 ਸ਼ਬਦ 30 ਰਾਗਾਂ ਵਿੱਚ ਸੁਸ਼ੋਭਿਤ ਹਨ, ਜਿਹੜੇ ਕਿ ਸਾਨੂੰ ਅਕਾਲ ਪੁਰਖ ਦੀ ਉਸਤਤਿ ਕਰਨ ਦੀ ਸਲਾਹ ਦਿੰਦੇ ਹਨ।ਆਓ ਆਪਾਂ ਸਾਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਲੜ ਲੱਗ ਕੇ ਆਪਣਾ ਲੋਕ ਸੁਖੀ ਤੇ ਪ੍ਰਲੋਕ ਸੁਹੇਲਾ ਕਰਨ ਲਈ ਇੱਕ ਮਨ ਇੱਕ ਚਿੱਤ ਹੋ ਤੁਰੀਏ।ਇਸ ਪ੍ਰਕਾਸ਼ ਦਿਵਸ ਸਮਾਗਮ ਵਿੱਚ ਇਲਾਕੇ ਭਰ ਤੋਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਕਰਤ ਕੀਤੀ। ਆਈਆਂ ਸਮੂਹ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਿਆ।
