ਬਿਲ ਗੇਟਸ ਸਬੰਧੀ ਵੱਡਾ ਖੁਲਾਸਾ : 20 ਸਾਲਾਂ ਤੋਂ ਕੰਪਨੀ ਦੀ ਮਹਿਲਾ ਕਰਮਚਾਰੀ ਨਾਲ ਸਨ ਸਬੰਧ
Tuesday, May 18, 2021 - 04:21 PM (IST)
ਇੰਟਰਨੈਸ਼ਨਲ ਡੈਸਕ : ਬਿਲ ਗੇਟਸ ਤੇ ਮੇਲਿਡਾ ਗੇਟਸ ਦਾ ਤਲਾਕ ਪਿਛਲੇ ਦਿਨੀਂ ਕਾਫ਼ੀ ਚਰਚਾ ’ਚ ਰਿਹਾ। ਵਿਸ਼ਵ ਦੇ ਸਭ ਤੋਂ ਅਮੀਰ ਕਾਰੋਬਾਰੀਆਂ ’ਚ ਬਿਲ ਗੇਟਸ ਦੇ ਨਿੱਜੀ ਜੀਵਨ ਦੀਆਂ ਗੱਲਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਆਪਣੀ ਕੰਪਨੀ ਦੀ ਮਹਿਲਾ ਕਰਮਚਾਰੀ ਨਾਲ ਕਈ ਸਾਲਾਂ ਤਕ ਛੁੱਟੀਆਂ ਮਨਾਉਣ ਦੇ ਖੁਲਾਸੇ ਤੋਂ ਬਾਅਦ ਇਕ ਹੋਰ ਰਿਪੋਰਟ ਸਾਹਮਣੇ ਆਈ ਹੈ। ਇਸ ’ਚ ਕਿਹਾ ਗਿਆ ਹੈ ਕਿ ਬਿਲ ਗੇਟਸ ਦੇ ਆਪਣੀ ਕੰਪਨੀ ਮਾਈਕ੍ਰੋਸਾਫਟ ਦੀ ਇਕ ਔਰਤ ਇੰਜੀਨੀਅਰ ਨਾਲ ਵੀ 20 ਸਾਲ ਤਕ ਨੇੜਲੇ ਸਬੰਧ ਸਨ। ਮਹਿਲਾ ਕਰਮਚਾਰੀ ਨੇ 2019 ’ਚ ਇਕ ਚਿੱਠੀ ’ਚ ਇਸ ਗੱਲ ਦਾ ਖੁਲਾਸਾ ਕੀਤਾ ਸੀ। ਉਸ ਨੇ ਦੱਸਿਆ ਸੀ ਕਿ ਉਸ ਦੇ ਸਾਲ 2000 ਤੋਂ ਬਿਲ ਗੇਟਸ ਨਾਲ ਸਬੰਧ ਰਹੇ ਹਨ। ਇਸ ਚਿੱਠੀ ਦੀ ਜਾਂਚ ਮਾਈਕ੍ਰੋਸਾਫਟ ਨੇ ਵੀ ਸ਼ੁਰੂ ਕੀਤੀ ਸੀ ਪਰ ਉਹ ਪੂਰੀ ਹੁੰਦੀ, ਇਸ ਤੋਂ ਪਹਿਲਾਂ ਹੀ ਮਾਰਚ 2020 ’ਚ ਗੇਟਸ ਨੇ ਬੋਰਡ ਛੱਡ ਦਿੱਤਾ। ਰਿਪੋਰਟ ਮੁਤਾਬਕ ਦੋਵਾਂ ਦੀ ਸਹਿਮਤੀ ਨਾਲ ਰਿਸ਼ਤਾ ਖਤਮ ਹੋਇਆ।
ਜ਼ਿਕਰਯੋਗ ਹੈ ਕਿ ਗੇਟਸ ਤੇ ਉਨ੍ਹਾਂ ਦੀ ਪਤਨੀ ਮੇਲਿੰਡਾ ਨੇ ਆਪਣਾ 27 ਸਾਲ ਪੁਰਾਣਾ ਵਿਆਹ ਖਤਮ ਕਰਨ ਦਾ ਫੈਸਲਾ ਕੀਤਾ ਹੈ ਪਰ ਦੋਵੇਂ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਲਈ ਇਕੱਠੇ ਕੰਮ ਕਰਦੇ ਰਹਿਣਗੇ। ਗੇਟਸ ਦੀ ਬੁਲਾਰਨ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਬੋਰਡ ਛੱਡਣ ਦੇ ਫੈਸਲੇ ਦਾ ਔਰਤ ਦੇ ਨਾਲ ਸਬੰਧਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਸਬੰਧ ਆਪਸੀ ਸਹਿਮਤੀ ਨਾਲ ਖਤਮ ਕੀਤਾ ਗਿਆ ਸੀ। ਉਥੇ ਹੀ ਕੰਪਨੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਗੇਟਸ 2008 ਦੇ ਬਾਅਦ ਤੋਂ ਹੀ ਸਰਗਰਮ ਨਹੀਂ ਹਨ। ਉਹ ਲੋਕ ਭਲਾਈ ਦੇ ਕੰਮਾਂ ’ਤੇ ਧਿਆਨ ਲਾਉਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੇ ਅਹੁਦਾ ਛੱਡਿਆ।