ਅਫਗਾਨ ਕਰੰਸੀ ਦਾ ਸੰਸਾਰ ’ਚ ਵਧੀਆ ਪ੍ਰਦਰਸ਼ਨ, ਸਤੰਬਰ ਤਿਮਾਹੀ ’ਚ ਕਈ ਦੇਸ਼ਾਂ ਨੂੰ ਪਛਾੜਿਆ
Thursday, Sep 28, 2023 - 02:41 PM (IST)
ਜਲੰਧਰ (ਇੰਟ.) - ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਦੀ ਕਰੰਸੀ ਨੇ ਸੰਸਾਰ ਵਿਚ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਅਰਬਾਂ ਡਾਲਰ ਦੀ ਮਨੁੱਖੀ ਸਹਾਇਤਾ ਅਤੇ ਏਸ਼ੀਆਈ ਗੁਆਂਢੀ ਦੇਸ਼ਾਂ ਨਾਲ ਵਧਦੇ ਵਪਾਰ ਕਾਰਨ ਅਫਗਾਨਿਸਤਾਨ ਦੀ ਕਰੰਸੀ ‘ਅਫਗਾਨ ਅਫਗਾਨੀ’ ਵਿਚ ਤੇਜ਼ੀ ਦੇਖੀ ਜਾ ਰਹੀ ਹੈ। ਸਤੰਬਰ ਦੀ ਤਿਮਾਹੀ ਵਿਚ ਇਹ ਅਮਰੀਕੀ ਡਾਲਰ ਨੂੰ ਵੀ ਮਾਤ ਦੇ ਚੁੱਕੀ ਹੈ। ਇਹੀ ਨਹੀਂ ਯੂਰੋ ਤੋਂ ਲੈ ਕੇ ਪੌਂਡ ਤੱਕ ਅਤੇ ਰੁਪਏ ਤੋਂ ਲੈ ਕੇ ਯੁਆਨ ਤਕ ਦੁਨੀਆ ਦੀਆਂ ਸਾਰੀਆਂ ਕਰੰਸੀਆਂ ਪਿੱਛੇ ਛੱਡ ਚੁੱਕੀ ਹੈ। ਬਲੂਮਬਰਗ ਦੀ ਇਕ ਰਿਪੋਰਟ ਅਨੁਸਾਰ ਅਫਗਾਨੀ ਸਤੰਬਰ ਤਿਮਾਹੀ ਦੌਰਾਨ ਪੂਰੀ ਦੁਨੀਆ ਵਿਚ ਬਿਹਤਰ ਪ੍ਰਦਰਸ਼ਨ ਕਰਨ ਵਾਲੀ ਕਰੰਸੀ ਬਣ ਕੇ ਉਭਰੀ ਹੈ। 26 ਸਤੰਬਰ ਤੱਕ ਅੰਕੜਿਆਂ ਅਨੁਸਾਰ ਹਾਲੇ ਡਾਲਰ ਦੇ ਮੁਕਾਬਲੇ ਅਫਗਾਨੀ ਦੀ ਕੀਮਤ 78.25 ਹੈ। ਮਤਲਵ ਇਕ ਡਾਲਰ ਅਤੇ 78.25 ਅਫਗਾਨੀ ਦੀ ਕੀਮਤ (ਵੈਲਿਊ) ਬਰਾਬਰ ਹੈ।
ਇਹ ਵੀ ਪੜ੍ਹੋ : 30 ਸਤੰਬਰ ਤੋਂ ਪਹਿਲਾਂ ਨਿਪਟਾ ਲਓ ਪੈਸਿਆਂ ਨਾਲ ਜੁੜੇ ਇਹ ਜ਼ਰੂਰੀ ਕੰਮ, ਨਹੀਂ ਤਾਂ ਹੋਵੇਗੀ ਪਰੇਸ਼ਾਨੀ
ਅਫਗਾਨੀ ਦੀ ਵੈਲਿਊ ਵਿਚ ਵੀ 9 ਫੀਸਦੀ ਦੀ ਤੇਜ਼ੀ
ਭਾਰਤੀ ਰੁਪਏ ਦੀ ਗੱਲ ਕਰੀਏ ਤਾਂ ਬੀਤੇ ਸੋਮਵਾਰ ਨੂੰ ਬਾਜ਼ਾਰ ਬੰਦ ਹੋਣ ਤੋਂ ਬਾਅਦ ਇਹ ਡਾਲਰ ਦੇ ਮੁਕਾਬਲੇ 83.27 ’ਤੇ ਰਹੀ ਸੀ। ਮਤਲਵ ਇਕ ਅਮਰੀਕੀ ਡਾਲਰ ਅਤੇ 83.27 ਭਾਰਤੀ ਰੁਪਏ ਦੀ ਕੀਮਤ ਇਕ ਬਰਾਬਰ ਹੈ। ਇਸ ਦਾ ਮਤਲਵ ਇਹ ਹੋਇਆ ਕਿ ਅਫਗਾਨੀ ਦੀ ਵੈਲਿਊ ਰੁਪਏ ਤੋਂ ਠੀਕ-ਠਾਕ ਜਿਆਦਾ ਹੈ। ਐਕਸਚੇਂਜ ਦਰ ਦੇ ਹਿਸਾਬ ਨਾਲ ਅਜੇ ਇਕ ਅਫਗਾਨੀ ’ਚ 1.06 ਭਾਰਤੀ ਰੁਪਏ ਆ ਜਾਣਗੇ। ਸਤੰਬਰ ਤਿਮਾਹੀ ਵਿਚ ਅਫਗਾਨੀ ਦੀ ਵੈਲਿਊ ਵਿਚ 9 ਫੀਸਦੀ ਦੀ ਤੇਜ਼ੀ ਆਈ ਹੈ। ਇਹ ਦੁਨੀਆ ਦੀ ਕਿਸੇ ਹੋਰ ਕਰੰਸੀ ਦੇ ਮੁਕਾਬਲੇ ਜਿਆਦਾ ਹੈ। ਬਲੂਮਬਰਗ ਦੇ ਅੰਕੜਿਆਂ ਮੁਤਾਬਕ ਸਤੰਬਰ ਤਿਮਾਹੀ ’ਚ ਕੋਲੰਬੀਆ ਦੀ ਕਰੰਸੀ ਪੇਸੋ ਦੂਜੇ ਸਥਾਨ ’ਤੇ ਹੈ। ਸਤੰਬਰ ਤਿਮਾਹੀ ’ਚ ਪੇਸੋ ਦੇ ਮੁੱਲ ’ਚ ਕਰੀਬ 3 ਫੀਸਦੀ ਦਾ ਵਾਧਾ ਹੋਇਆ ਹੈ। ਜੇਕਰ ਸਾਲਾਨਾ ਆਧਾਰ ’ਤੇ ਦੇਖਿਆ ਜਾਵੇ ਤਾਂ ਪਿਛਲੇ ਇਕ ਸਾਲ ’ਚ ਸਭ ਤੋਂ ਮਜ਼ਬੂਤ ਕਰੰਸੀ ਪੇਸੋ ਰਹੀ ਹੈ। ਸ਼੍ਰੀਲੰਕਾ ਦੀ ਕਰੰਸੀ ਦੂਜੇ ਸਥਾਨ ’ਤੇ ਹੈ ਅਤੇ ਇਸ ਮਾਮਲੇ ’ਚ ਅਫਗਾਨੀ ਤੀਜੇ ਸਥਾਨ ’ਤੇ ਹਨ।
ਇਹ ਵੀ ਪੜ੍ਹੋ : ਮਹਿੰਗੀ ਕਣਕ ਨੇ ਵਧਾਈ ਸਰਕਾਰ ਦੀ ਚਿੰਤਾ, ਕੀਮਤਾਂ 'ਤੇ ਕਾਬੂ ਪਾਉਣ ਲਈ ਕੀਤੇ ਕਈ ਵੱਡੇ ਐਲਾਨ
ਲਿਥੀਅਮ ਸਮੇਤ ਕਈ ਕੁਦਰਤੀ ਸੋਮੇ
ਦੱਸ ਦਈਏ ਕਿ ਇਸ ਸਮੇਂ ਅਫਗਾਨਿਸਤਾਨ ਦੀ ਆਰਥਿਕਤਾ ਨੂੰ ਚਲਾਉਣ ਲਈ ਵਿਦੇਸ਼ੀ ਮਦਦ ਸਭ ਤੋਂ ਵੱਡਾ ਕਾਰਨ ਸਾਬਤ ਹੋ ਰਹੀ ਹੈ। ਤਾਲਿਬਾਨ ਨੇ ਅਗਸਤ 2021 ਵਿਚ ਅਫਗਾਨਿਸਤਾਨ ’ਤੇ ਕਬਜ਼ਾ ਕਰ ਲਿਆ ਸੀ। ਉਦੋਂ ਤੋਂ ਸੰਯੁਕਤ ਰਾਸ਼ਟਰ ਇਕੱਲੇ ਅਫਗਾਨਿਸਤਾਨ ਨੂੰ 5.8 ਬਿਲੀਅਨ ਡਾਲਰ ਦੀ ਸਹਾਇਤਾ ਪ੍ਰਦਾਨ ਕਰ ਚੁੱਕਾ ਹੈ। ਇਸ ਵਿਚੋਂ 4 ਬਿਲੀਅਨ ਡਾਲਰ ਸਿਰਫ 2022 ਵਿਚ ਦਿੱਤੇ ਗਏ ਸਨ। ਦੂਜੇ ਪਾਸੇ ਅਫਗਾਨਿਸਤਾਨ ਨੂੰ ਕੁਦਰਤੀ ਸੋਮਿਆਂ ਤੋਂ ਵਿਦੇਸ਼ੀ ਕਰੰਸੀ ਇਕੱਠਾ ਕਰਨ ਵਿਚ ਮਦਦ ਮਿਲ ਰਹੀ ਹੈ। ਅਫਗਾਨਿਸਤਾਨ ਕੋਲ ਲਿਥੀਅਮ ਸਮੇਤ ਕੁਦਰਤੀ ਸੋਮਿਆਂ ਦੇ ਵੱਡੇ ਭੰਡਾਰ ਹਨ, ਲਿਥੀਅਮ ਦੀ ਵਰਤੋਂ ਬੈਟਰੀਆਂ ਬਣਾਉਣ ਵਿਚ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਮਗਰੋਂ ਜਾਣੋ ਦੋਹਾਂ ਦੇਸ਼ਾਂ ਦੇ ਵਪਾਰ 'ਤੇ ਕੀ ਪਵੇਗਾ ਅਸਰ
ਦੁਨੀਆ ਦੀ ਮਦਦ ਨਾਲ ਮਜ਼ਬੂਤ ਹੋਈ ਕਰੰਸੀ
ਅਫਗਾਨਿਸਤਾਨ ਦੀ ਕਰੰਸੀ ਦਾ ਮਜ਼ਬੂਤ ਹੋਣਾ ਬਿਨਾਂ ਕਾਰਨ ਨਹੀਂ ਹੈ। ਇਸ ਦੇ ਦੋ ਵੱਡੇ ਕਾਰਨ ਹਨ। ਪਹਿਲਾ ਕਾਰਨ ਇਹ ਹੈ ਕਿ ਅਫਗਾਨਿਸਤਾਨ ਵਿਚ ਇਸ ਸਮੇਂ ਤਾਲਿਬਾਨ ਦਾ ਰਾਜ ਹੈ ਅਤੇ ਤਾਲਿਬਾਨ ਸ਼ਾਸਨ ਨੇ ਅਫਗਾਨ ਕਰੰਸੀ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ ਹਨ। ਦੂਜਾ ਕਾਰਨ ਇਹ ਹੈ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦੀ ਸਮਾਜਿਕ-ਆਰਥਿਕ ਸਥਿਤੀ ਹੋਰ ਵਿਗੜ ਗਈ ਹੈ। ਅਜਿਹੇ ਮੌਕੇ ਅਫਗਾਨਿਸਤਾਨ ਨੂੰ ਵਿਸ਼ਵ ਭਾਈਚਾਰੇ ਤੋਂ ਵੱਡੀ ਮਦਦ ਮਿਲ ਰਹੀ ਹੈ, ਜਿਸ ਨਾਲ ਅਫਗਾਨ ਕਰੰਸੀ ਦੀ ਕੀਮਤ ’ਚ ਵਾਧਾ ਹੋ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8