ਕੋਰੋਨਾ ਖਿਲਾਫ ਲੜ ਰਹੀਆਂ ਨਰਸਾਂ ਨੂੰ ਮਿਲ ਰਹੀਆਂ ਗਾਲ੍ਹਾਂ ਤੇ ਹੋ ਰਹੀ ਕੁੱਟਮਾਰ
Sunday, Mar 22, 2020 - 05:43 PM (IST)
ਲੰਡਨ (ਏਜੰਸੀ)- ਇਕ ਪਾਸੇ ਜਿੱਥੇ ਅੱਧੀ ਦੁਨੀਆ ਕੋਰੋਨਾ ਵਾਇਰਸ ਦੇ ਡਰ ਕਾਰਨ ਆਪਣੇ ਘਰਾਂ ਵਿਚ ਬੰਦ ਰਹਿਣ ਨੂੰ ਮਜਬੂਰ ਹੈ, ਡਾਕਟਰ ਅਤੇ ਮੈਡੀਕਲ ਸਟਾਫ ਜਾਨ ਜੋਖਮ ਵਿਚ ਪਾ ਕੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਹਾਲਾਂਕਿ, ਉਨ੍ਹਾਂ ਦੀ ਰਾਤ-ਦਿਨ ਜਾਰੀ ਇਸ ਮਿਹਨਤ 'ਤੇ ਸਵਾਲ ਚੁੱਕਣ ਵਾਲਿਆਂ ਦੀ ਕਮੀ ਨਹੀਂ ਹੈ। ਕੋਵਿਡ-19 ਨਾਲ ਪੀੜਤ ਮਰੀਜ਼ਾਂ ਦਾ ਇਲਾਜ ਕਰ ਰਹੀਆਂ ਬ੍ਰਿਟੇਨ ਦੀਆਂ ਨਰਸਾਂ ਨੂੰ ਲੋਕਾਂ ਤੋਂ ਸਨਮਾਨ ਦੀ ਬਜਾਏ ਗਾਲ੍ਹਾਂ ਮਿਲ ਰਹੀਆਂ ਹਨ। ਲੋਕ ਇਨ੍ਹਾਂ ਨਰਸਾਂ ਨੂੰ ਬੀਮਾਰੀ ਫੈਲਾਉਣ ਵਾਲਾ ਦੱਸ ਰਹੇ ਹਨ। ਬ੍ਰਿਟੇਨ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 5018 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 233 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਜੋ ਰੱਖ ਰਹੀ ਹੈ ਸਮਾਜ ਦਾ ਧਿਆਨ, ਉਨ੍ਹਾਂ ਨਾਲ ਅਜਿਹਾ ਵਰਤਾਓ
ਰਾਇਲ ਕਾਲਜ ਆਫ ਨਰਸਿੰਗ ਮੁਤਾਬਕ ਇਨ੍ਹਾਂ ਨਰਸਾਂ ਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ। ਇਥੋਂ ਤੱਕ ਕਿ ਕਈਆਂ 'ਤੇ ਥੁੱਕਿਆ ਵੀ ਗਿਆ। ਲੋਕ ਇਨਫੈਕਟਿਡ ਮਰੀਜ਼ਾਂ ਦਾ ਇਲਾਜ ਕਰਨ ਲਈ ਇਨ੍ਹਾਂ ਨਰਸਾਂ ਨੂੰ ਬੀਮਾਰੀ ਫੈਲਾਉਣ ਵਾਲਾ ਦੱਸ ਰਹੇ ਹਨ। ਟ੍ਰੇਡ ਯੂਨੀਅਨ ਦੀ ਡਾਇਰੈਕਟਰ ਸੂਜ਼ਨ ਮਾਰਸਟਰਸ ਨੇ ਦੱਸਿਆ ਹੈ ਕਿ ਨੈਸ਼ਨਲ ਹੈਲਥ ਸਰਵੀਸਿਜ਼ ਦੇ ਸਟਾਫ ਨੇ ਇਸ ਬਾਰੇ ਵਿਚ ਸ਼ਿਕਾਇਤ ਦਿੱਤੀ ਹੈ ਅਤੇ ਇਸ ਤਰ੍ਹਾਂ ਦੇ ਵਰਤਾਓ ਨੂੰ ਰੋਕਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਰਸਾਂ ਇਸ ਵੇਲੇ ਬਹੁਤ ਹੀ ਮੁਸ਼ਕਲ ਸਥਿਤੀ ਵਿਚ ਸਮਾਜ ਦੀ ਸੇਵਾ ਕਰ ਰਹੀਆਂ ਹਨ, ਜਿਸ ਦੌਰਾਨ ਉਹ ਆਪਣਾ ਧਿਆਨ ਨਾ ਰੱਖਦੇ ਹੋਏ ਲੋਕਾਂ ਦੀ ਜ਼ਿੰਦਗੀ ਬਚਾਉਣ ਵਿਚ ਲੱਗੀਆਂ ਹੋਈਆਂ ਹਨ।
ਥੁੱਕਿਆ ਗਿਆ, ਕੁੱਟਮਾਰ ਵੀ ਝੱਲੀ
ਸੂਜ਼ਨ ਦਾ ਕਹਿਣਾ ਹੈ ਕਿ ਜਦੋਂ ਹਰ ਕੋਈ ਮਰੀਜ਼ਾਂ ਤੋਂ ਦੂਰੀ ਬਣਾ ਰਿਹਾ ਹੈ ਉਦੋਂ ਇਹ ਨਰਸਾਂ ਉਨ੍ਹਾਂ ਕੋਲ ਜਾ ਰਹੀਆਂ ਹਨ ਅਤੇ ਉਨ੍ਹਾਂ ਦਾ ਖਿਆਲ ਰੱਖ ਰਹੀਆਂ ਹਨ। ਲੋਕਾਂ ਨੂੰ ਇਹ ਸਮਝਣਾ ਹੋਵੇਗਾ ਕਿ ਇਸ ਵੇਲੇ ਨਰਸਾਂ ਸਮਾਜ ਲਈ ਹਮੇਸ਼ਾ ਤੋਂ ਵੀ ਕਿੰਨੀਆਂ ਜ਼ਿਆਦਾ ਜ਼ਰੂਰੀ ਹਨ। ਬ੍ਰਿਟੇਨ ਦੀ ਚੀਫ ਨਰਸ ਰੂਥ ਮੇ ਨੇ ਨਰਸਾਂ 'ਤੇ ਥੁੱਕਣ ਦੀ ਘਟਨਾਵਾਂ ਬਾਰੇ ਪਤਾ ਲੱਗਣ ਦੀ ਗੱਲ ਕਹੀ ਹੈ। ਇਕ ਨਰਸ ਨੇ ਪਿਛਲੇ ਹਫਤੇ ਫੇਸਬੁੱਕ 'ਤੇ ਵੀਡੀਓ ਪੋਸਟ ਕਰਦੇ ਹੋਏ ਦੱਸਿਆ ਸੀ ਕਿ ਕੰਮ ਤੋਂ ਪਰਤਦੇ ਹੋਏ ਇਕ ਜੋੜੇ ਨੇ ਉਨ੍ਹਾਂ ਨੂੰ ਗਾਲ੍ਹਾਂ ਦਿੱਤੀਆਂ ਅਤੇ ਕੁੱਟਮਾਰ ਵੀ ਕੀਤੀ।
ਸ਼ਾਹੀ ਮਹੱਲ ਵਿਚ ਇਕ ਪਾਜ਼ੀਟਿਵ
ਮੈਟ੍ਰੋ ਅਖਬਾਰ ਮੁਤਾਬਕ ਮੈਡੀਕਲ ਸਟਾਫ ਲੋਕਾਂ ਤੋਂ ਡਾਕਟਰਾਂ ਅਤੇ ਨਰਸਾਂ ਦੀ ਸਪੋਰਟ ਕਰਨ ਦੀ ਅਪੀਲ ਕਰ ਰਿਹਾ ਹੈ। ਉਨ੍ਹਾਂ ਦੀ ਲੋੜ ਦੇਸ਼ ਨੂੰ ਇਸ ਮੁਸ਼ਕਲ ਘੜੀ ਵਿਚ ਕਿਤੇ ਜ਼ਿਆਦਾ ਹੈ। ਬ੍ਰਿਟੇਨ ਵਿਚ ਕੋਰੋਨਾ ਵਾਇਰਸ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਯੂਰਪੀ ਦੇਸ਼ ਨੂੰ ਪਹਿਲਾਂ ਵੀ ਇਸ ਵਾਇਰਸ ਨਾਲ ਨਜਿੱਠਣ ਵਿਚ ਢਿੱਲ ਵਰਤਣ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਉਥੇ ਹੀ ਤਾਜ਼ਾ ਮਾਮਲੇ ਵਿਚ ਦੇਸ਼ ਦੇ ਰਾਜਘਰਾਣੇ ਦੇ ਸ਼ਾਹੀ ਮਹੱਲ ਬਕਿੰਘਮ ਪੈਲੇਸ ਵਿਚ ਕੰਮ ਕਰਨ ਵਾਲੇ ਇਕ ਸਟਾਫ ਨੂੰ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਪਾਇਆ ਗਿਆ ਹੈ।