ਥਾਈਲੈਂਡ ਰੈਸਕਿਊ:  ਬੱਚਿਆਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਦਿੱਤੇ ਜਵਾਬ, ਲੋਕ ਰਹਿ ਗਏ ਹੈਰਾਨ

Thursday, Jul 19, 2018 - 04:15 PM (IST)

ਥਾਈਲੈਂਡ ਰੈਸਕਿਊ:  ਬੱਚਿਆਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਦਿੱਤੇ ਜਵਾਬ, ਲੋਕ ਰਹਿ ਗਏ ਹੈਰਾਨ

ਚਿਆਂਗ ਰਾਏ/ਥਾਈਲੈਂਡ (ਏਜੰਸੀ)— ਥਾਈਲੈਂਡ ਦੀ ਗੁਫਾ ਵਿਚੋਂ ਬਾਹਰ ਕੱਢੇ ਗਏ 12 ਬੱਚੇ ਅਤੇ ਉਨ੍ਹਾਂ ਦਾ ਫੁੱਟਬਾਲ ਕੋਚ ਪਹਿਲੀ ਵਾਰ ਜਨਤਾ ਦੇ ਸਾਹਮਣੇ ਆਏ। ਸਾਰਿਆਂ ਨੇ ਮੁਸਕਰਾਉਂਦੇ ਹੋਏ ਰਿਵਾਇਤੀ ਅੰਦਾਜ਼ ਵਿਚ 'ਵਾਈ' ਪ੍ਰਣਾਮ ਕੀਤਾ। ਬਚਾਅ ਮੁਹਿੰਮ 'ਚ ਬਚਾਏ ਗਏ ਇਕ ਲੜਕੇ ਨੇ ਇਸ ਪੂਰੀ ਘਟਨਾ ਨੂੰ ਚਮਤਕਾਰ ਦਾ ਨਾਂ ਦਿੱਤਾ। ਬੁੱਧਵਾਰ ਨੂੰ ਚਿਆਂਗ ਰਾਏ 'ਚ ਇਨ੍ਹਾਂ ਸਾਰਿਆਂ ਲਈ ਇਕ ਪ੍ਰੋਗਰਾਮ ਕੀਤਾ ਗਿਆ, ਪੱਤਰਕਾਰਾਂ ਨੇ ਉਨ੍ਹਾਂ ਨਾਲ ਸਵਾਲ-ਜਵਾਬ ਕੀਤੇ। 12 ਲੜਕਿਆਂ ਅਤੇ ਉਨ੍ਹਾਂ ਦੇ ਕੋਚ ਨੇ ਪ੍ਰੈੱਸ ਕਾਨਫਰੰਸ 'ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ, ਜੋ ਕਿ ਹੈਰਾਨ ਕਰ ਦੇਣ ਵਾਲੇ ਸਨ। ਹਰ ਕੋਈ ਉਨ੍ਹਾਂ ਦੀਆਂ ਗੱਲਾਂ ਨੂੰ ਸੁਣ ਕੇ ਹੈਰਾਨੀ ਪ੍ਰਗਟ ਕਰ ਰਿਹਾ ਸੀ। 
ਬੱਚਿਆਂ ਨੇ ਦੱਸਿਆ ਕਿ ਜਦੋਂ ਤੱਕ ਬ੍ਰਿਟਿਸ਼ ਗੋਤਾਖੋਰਾਂ ਨੇ ਸਾਨੂੰ ਨਹੀਂ ਲੱਭਿਆ, ਉਦੋਂ ਤੱਕ ਪਿਆਸ ਲੱਗਣ 'ਤੇ ਚੱਟਾਨਾਂ ਤੋਂ ਟਪਕ ਰਿਹਾ ਪਾਣੀ ਪੀਣਾ ਪੈ ਰਿਹਾ ਸੀ, ਜਿਸ ਨਾਲ ਅਸੀਂ ਜ਼ਿੰਦਾ ਰਹੇ। ਇਸ ਪ੍ਰੋਗਰਾਮ ਦਾ ਪ੍ਰਸਾਰਣ ਸਥਾਨਕ ਚੈਨਲਾਂ 'ਤੇ ਕੀਤਾ ਗਿਆ। ਜਦੋਂ ਉਹ ਸਾਰੇ ਹਸਪਤਾਲ ਦੀ ਵੈਨ 'ਚ ਆਏ ਤਾਂ ਮੀਡੀਆ ਕਰਮਚਾਰੀ ਉਨ੍ਹਾਂ ਦੀ ਉਡੀਕ ਵਿਚ ਕਤਾਰ ਵਿਚ ਖੜ੍ਹੇ ਸਨ। ਫੁੱਟਬਾਲ ਟੀਮ ਦੇ ਇਨ੍ਹਾਂ ਬੱਚਿਆਂ ਨੇ ਦੱਸਿਆ ਕਿ 23 ਜੂਨ ਨੂੰ ਫੁੱਟਬਾਲ ਅਭਿਆਸ ਤੋਂ ਬਾਅਦ ਉਨ੍ਹਾਂ ਨੇ ਤਕਰੀਬਨ ਇਕ ਘੰਟੇ ਤਕ ਗੁਫਾ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਪਰ ਤੇਜ਼ ਮੀਂਹ ਅਤੇ ਫਿਰ ਹੜ੍ਹ ਕਾਰਨ ਉਹ ਅੰਦਰ ਫਸ ਗਏ। ਤਕਰੀਬਨ 18 ਦਿਨ ਉਹ ਅੰਦਰ ਰਹੇ। ਦੋ ਬ੍ਰਿਟਿਸ਼ ਗੋਤਾਖੋਰਾਂ ਨੇ ਉਨ੍ਹਾਂ ਨੂੰ 2 ਜੁਲਾਈ ਨੂੰ ਲੱਭਿਆ। ਤਿੰਨ ਦਿਨ ਦੇ ਬਚਾਅ ਕੰਮਾਂ ਨਾਲ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਬਚਾਅ ਪ੍ਰੋਗਰਾਮ ਨੇ ਦੁਨੀਆ ਭਰ ਦੀ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਕਈ ਦੇਸ਼ਾਂ ਦੇ ਪੱਤਰਕਾਰ ਉੱਥੇ ਪਹੁੰਚੇ।


Related News