ਅਮਰੀਕਾ : ਟੈਕਸਾਸ ’ਚ ਕੋਰੋਨਾ ਰਾਹਤ ਫੰਡ ਕਾਰੋਬਾਰੀ ਨੇ ਐਸ਼ ’ਚ ਉਡਾਏ, ਹੋਵੇਗੀ ਜੇਲ੍ਹ
Friday, May 21, 2021 - 12:24 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਪ੍ਰਸ਼ਾਸਨ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਆਮ ਲੋਕਾਂ ਤੇ ਕਾਰੋਬਾਰੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਸਹੂਲਤ ਦਿੱਤੀ ਗਈ ਹੈ ਪਰ ਕਈ ਲਾਲਚੀ ਲੋਕਾਂ ਵੱਲੋਂ ਇਨ੍ਹਾਂ ਸਹੂਲਤਾਂ ਦੀ ਆਪਣੇ ਨਿੱਜੀ ਸਵਾਰਥ ਲਈ ਦੁਰਵਰਤੋਂ ਕੀਤੀ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਉੱਤਰੀ ਟੈਕਸਾਸ ’ਚ ਸਾਹਮਣੇ ਆਇਆ ਹੈ, ਜਿਥੇ ਇੱਕ ਵੈਡਿੰਗ ਪਲਾਨਿੰਗ ਦਾ ਕਾਰੋਬਾਰ ਕਰਨ ਵਾਲੇ ਨੂੰ ਕੋਵਿਡ-19 ਰਾਹਤ ਫੰਡਾਂ ਦੀ ਗ਼ੈਰ-ਕਾਨੂੰਨੀ ਤਰੀਕੇ ਨਾਲ ਵਰਤੋਂ ਕਰਦਿਆਂ ਫੜਿਆ ਗਿਆ ਹੈ, ਜਿਸ ਲਈ ਉਹ ਜੇਲ੍ਹ ਜਾ ਸਕਦਾ ਹੈ। ਫਹਾਦ ਸ਼ਾਹ ਨਾਂ ਦੇ ਇਸ ਵਿਅਕਤੀ ਨੂੰ ਬੁੱਧਵਾਰ ਇੱਕ ਫੈਡਰਲ ਧੋਖਾਧੜੀ ਦੇ ਮਾਮਲੇ ’ਚ ਦੋਸ਼ੀ ਮੰਨਿਆ ਗਿਆ ਹੈ।
ਉਸ ਉੱਤੇ ਪੇਚੇਕ ਪ੍ਰੋਟੈਕਸ਼ਨ ਪ੍ਰੋਗਰਾਮ (ਪੀ. ਪੀ. ਪੀ.) ਰਾਹੀਂ, ਜੋ ਇੱਕ ਕੋਰੋਨਾ ਵਾਇਰਸ ਦੌਰਾਨ ਕਾਰੋਬਾਰਾਂ ਨੂੰ ਬਚਣ ’ਚ ਮਦਦ ਕਰਨ ਵਾਲਾ ਰਾਹਤ ਪ੍ਰੋਗਰਾਮ ਹੈ, ਤਹਿਤ ਮਿਲੀ ਰਾਸ਼ੀ ਨੂੰ ਨਿੱਜੀ ਕੰਮਾਂ ਲਈ ਵਰਤਣ ਦਾ ਦੋਸ਼ ਹੈ। ਇਸ ਫੰਡ ਲਈ ਦਿੱਤੀ ਅਰਜ਼ੀ ’ਚ ਡੈਲਾਸ ਦੇ ਮਰਫੀ ਨਾਲ ਸਬੰਧਤ 44 ਸਾਲਾ ਨਿਵਾਸੀ ਸ਼ਾਹ ਨੇ ਕਿਹਾ ਕਿ ਉਸ ਨੇ 126 ਲੋਕਾਂ ਨੂੰ ਨੌਕਰੀ ਦਿੱਤੀ ਹੈ, ਹਾਲਾਂਕਿ ਉਸ ਦੇ ਕਾਰੋਬਾਰ ’ਚ ਸਿਰਫ ਦੋ ਹੀ ਕਰਮਚਾਰੀ ਸਨ ਅਤੇ ਉਸ ਨੇ ਧੋਖਾਧੜੀ ਨਾਲ ਟੈਕਸ ਦੇ ਦਸਤਾਵੇਜ਼ ਜਮ੍ਹਾ ਕੀਤੇ। ਵਕੀਲਾਂ ਅਨੁਸਾਰ ਸ਼ਾਹ ਨੇ ਪੀ. ਪੀ. ਪੀ. ਤਹਿਤ 1.5 ਮਿਲੀਅਨ ਡਾਲਰ ਤੋਂ ਵੱਧ ਪ੍ਰਾਪਤ ਕਰਨ ਦੀ ਗੱਲ ਸਵੀਕਾਰ ਕੀਤੀ ਅਤੇ ਕੁਝ ਹੀ ਦਿਨਾਂ ਦੇ ਅੰਦਰ, ਉਸ ਨੇ ਆਪਣੇ ਘਰ ਦੀ ਕਿਸ਼ਤ, ਨਿੱਜੀ ਨਿਵੇਸ਼ਾਂ, ਦੋ ਟੈਸਲਾ ਕਾਰਾਂ, ਦੋ ਫ੍ਰਾਈਟਲਿਨਰ ਟਰੱਕ ਅਤੇ ਇੱਕ ਮਰਸੀਡੀਜ਼ ਬੈਂਜ਼ ਵੈਨ ਖਰੀਦਣ ਲਈ 10 ਲੱਖ ਡਾਲਰ ਤੋਂ ਵੱਧ ਖਰਚ ਕਰ ਦਿੱਤੇ। ਇਸ ਧੋਖਾਧੜੀ ਲਈ ਸ਼ਾਹ 20 ਸਾਲ ਤੱਕ ਜੇਲ੍ਹ ’ਚ ਜਾ ਸਕਦਾ ਹੈ। ਪੀ. ਪੀ. ਪੀ. ਤਹਿਤ ਕਾਰੋਬਾਰਾਂ ਨੂੰ ਆਪਣੇ ਅਤੇ ਆਪਣੇ ਕਰਮਚਾਰੀਆਂ ਨੂੰ ਕੋਵਿਡ-19 ਮਹਾਮਾਰੀ ਦੌਰਾਨ ਸਹਾਇਤਾ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਫੰਡਾਂ ਦੀ ਵਰਤੋਂ, ਨਿੱਜੀ ਕੰਮਾਂ ਲਈ ਕਰਨ ਦੀ ਮਨਾਹੀ ਹੈ ਪਰ ਫਰਜ਼ੀ ਦਸਤਾਵੇਜ਼ਾਂ ਤੇ ਫਹਾਦ ਸ਼ਾਹ ਨੇ ਕੋਵਿਡ-19 ਰਾਹਤ ਫੰਡਾਂ ਦਾ ਫਾਇਦਾ ਉਠਾਇਆ ਹੈ।