ਦੱਖਣੀ ਕੋਰੀਆ ਦੀ ਜਲ ਸੈਨਾ ਨੇ ਉੱਤਰੀ ਕੋਰੀਆ ਨੂੰ ਚਿਤਾਵਨੀ ਦੇਣ ਲਈ ਕੀਤਾ ''ਲਾਈਵ ਫਾਇਰ''

Tuesday, Sep 05, 2017 - 09:31 AM (IST)

ਸੋਲ— ਪਿਅੋਂਗਯਾਂਗ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਪਰਮਾਣੂ ਪਰੀਖਣ ਦੇ ਦੋ ਦਿਨ ਬਾਅਦ ਦੱਖਣੀ ਕੋਰੀਆ ਦੀ ਜਲ ਸੈਨਾ ਨੇ ਉੱਤਰੀ ਕੋਰੀਆ ਨੂੰ ਸਮੁੰਦਰ ਵਿਚ ਉਕਸਾਵੇ ਵਾਲੀ ਕੋਈ ਕਾਰਵਾਈ ਨਾ ਕਰਨ ਦੀ ਚਿਤਾਵਨੀ ਦਿੰਦੇ ਹੋਏ ਮੰਗਲਵਾਰ ਨੂੰ ਵੱਡਾ 'ਲਾਈਵ ਫਾਇਰ' ਅਭਿਆਸ ਕੀਤਾ। ਜਲ ਸੈਨਾ ਨੇ ਇਕ ਬਿਆਨ ਵਿਚ ਦੱਸਿਆ ਕਿ ਪੂਰਬੀ ਸਾਗਰ (ਜਾਪਾਨ ਸਾਗਰ) ਵਿਚ ਕੀਤੇ ਗਏ ਇਸ ਅਭਿਆਸ ਵਿਚ 2500 ਟਨ ਫ੍ਰਿਗੇਟ ਗੈਂਗਵਾਨ, 1000 ਟਨ ਦਾ ਇਕ ਗਸ਼ਤੀ ਜਹਾਜ਼ ਅਤੇ 400 ਟਨ ਵਜਨੀ ਨਿਰਦੇਸ਼ਿਤ ਮਿਜ਼ਾਈਲ ਜਹਾਜ਼ਾਂ ਸਮੇਤ ਹੋਰ ਸਰੋਤਾਂ ਦੀ ਵਰਤੋਂ ਕੀਤੀ ਗਈ। 
13ਵੇਂ ਮੈਰੀਟਾਇਮ ਬੈਟਲ ਗਰੁੱਪ ਦੇ ਕਮਾਂਡਰ ਕੈਪਟਨ ਚੋਈ ਯਾਂਗ ਨੇ ਇਕ ਬਿਆਨ ਵਿਚ ਕਿਹਾ,''ਜੇ ਦੁਸ਼ਮਣ ਪਾਣੀ ਦੇ ਉੱਪਰ ਜਾਂ ਅੰਦਰ ਉਕਸਾਵੇ ਦੀ ਕੋਈ ਕਾਰਵਾਈ ਕਰਦਾ ਹੈ ਤਾਂ ਅਸੀਂ ਉਸ ਨੂੰ ਸਮੁੰਦਰ ਵਿਚ ਡੁਬਾਉਣ ਲਈ ਤੁਰੰਤ ਜਵਾਬੀ ਕਾਰਵਾਈ ਕਰਾਂਗੇ।'' ਉੱਤਰੀ ਕੋਰੀਆ ਨੇ ਐਤਵਾਰ ਨੂੰ ਅੱਜ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਪਰਮਾਣੂ ਪਰੀਖਣ ਕੀਤਾ ਸੀ। ਉਸ ਦਾ ਦਾਅਵਾ ਹੈ ਕਿ ਇਹ ਹਾਈਡ੍ਰੋਜਨ ਬੰਬ ਸੀ, ਜਿਸ ਦੀ ਲੰਬੀ ਦੂਰੀ ਦੀ ਮਿਜ਼ਾਈਲ ਵਿਚ ਵਰਤੋਂ ਕੀਤੀ ਜਾ ਸਕਦੀ ਹੈ। ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਦੇ ਪਰਮਾਣੂ ਪਰੀਖਣ ਸਥਲ 'ਤੇ ਕੱਲ੍ਹ ਕਈ ਬੈਲਿਸਟਿਕ ਮਿਜ਼ਾਈਲ ਦਾਗੀਆਂ ਸਨ। 
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਦੱਖਣੀ ਕੋਰੀਆ ਦੇ ਨੇਤਾ ਮੂਨ ਜੋਈ ਇਨ ਦੀ ਕੱਲ੍ਹ ਰਾਤ ਫੋਨ 'ਤੇ ਹੋਈ ਗੱਲਬਾਤ ਵਿਚ ਦੱਖਣੀ ਕੋਰੀਆ ਦੀਆਂ ਮਿਜ਼ਾਈਲਾਂ ਵਿਚ ਪੇਲੋਡ ਸੀਮਾ ਹਟਾਉਣ 'ਤੇ ਸਹਿਮਤੀ ਜਾਹਰ ਕੀਤੀ। ਸਾਲ 2001 ਵਿਚ ਹੋਏ ਦੋ-ਪੱਖੀ ਸਮਝੌਤੇ ਮੁਤਾਬਕ ਪੇਲੋਡ ਸੀਮਾ 500 ਕਿਲੋਗ੍ਰਾਮ ਤੈਅ ਕੀਤੀ ਗਈ ਸੀ। ਵਾਈਟ ਹਾਊਸ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਟਰੰਪ ਨੇ ਕਿਹਾ,''ਅਮਰੀਕਾ ਦੱਖਣੀ ਕੋਰੀਆ ਨੂੰ ਕਈ ਅਰਬ ਡਾਲਰ ਦੇ ਮਿਲਟਰੀ ਹਥਿਆਰ ਅਤੇ ਉਪਰਕਣ ਦੀ ਵਿਕਰੀ ਨੂੰ ਮਨਜ਼ੂਰੀ ਦੇਣ ਦਾ ਚਾਹਵਾਨ ਹੈ।'' ਦੋ ਅੰਤਰ ਮਹਾਦੀਪੀ ਮਿਜ਼ਾਈਲ ਪਰੀਖਣਾਂ ਸਮੇਤ ਉੱਤਰੀ ਕੋਰੀਆ ਦੇ ਕਈ ਮਿਜ਼ਾਈਲ ਪਰੀਖਣਾਂ ਕਾਰਨ ਕੋਰੀਆਈ ਪ੍ਰਾਇਦੀਪ ਵਿਚ ਤਣਾਅ ਵੱਧ ਗਿਆ ਹੈ।


Related News