ਰੋਹਿੰਗਿਆ ਦੀ ਵਾਪਸੀ ਲਈ ਸ਼ਰਤਾਂ ਤੈਅ ਕਰੇ ਮਿਆਂਮਾਰ : ਅਮਰੀਕਾ
Monday, Oct 23, 2017 - 11:52 AM (IST)
ਵਾਸ਼ਿੰਗਟਨ (ਭਾਸ਼ਾ)— ਟਰੰਪ ਪ੍ਰਸ਼ਾਸਨ ਦੇ ਚੋਟੀ ਦੇ ਅਧਿਕਾਰੀ ਨੇ ਇਹ ਗੱਲ ਕਹੀ ਕਿ ਅਮਰੀਕਾ ਚਾਹੁੰਦਾ ਹੈ ਕਿ ਮਿਆਂਮਾਰ ਰੋਹਿੰਗਿਆ ਮੁਸਲਮਾਨਾਂ ਦੀ ਵਾਪਸੀ ਲਈ ਸ਼ਰਤਾਂ ਨਿਰਧਾਰਿਤ ਕਰੇ ਕਿਉਂਕਿ ਉਸ ਦਾ ਮੰਨਣਾ ਹੈ ਕਿ ਕੁਝ ਲੋਕ ਇਸ ''ਮਨੁੱਖੀ ਮੁਸੀਬਤ'' ਦੀ ਵਰਤੋਂ ਧਾਰਮਿਕ ਆਧਾਰ 'ਤੇ ਨਫਰਤ ਨੂੰ ਵਧਾਵਾ ਦੇਣ ਅਤੇ ਫਿਰ ਹਿੰਸਾ ਲਈ ਕਰ ਸਕਦੇ ਹਨ। ਵਰਨਣਯੋਗ ਹੈ ਕਿ ਮਿਆਂਮਾਰ ਦੇ ਰਖਾਇਨ ਸੂਬੇ ਵਿਚ ਫੌਜ ਨੇ ਅੱਤਵਾਦੀਆਂ ਵਿਰੁੱਧ ਅਗਸਤ ਦੇ ਅਖੀਰ ਵਿਚ ਕਾਰਵਾਈ ਸ਼ੁਰੂ ਕੀਤੀ, ਜਿਸ ਮਗਰੋਂ ਹਿੰਸਾ ਤੋਂ ਬਚਣ ਲਈ ਕਰੀਬ 600,000 ਘੱਟ ਗਿਣਤੀ ਰੋਹਿੰਗਿਆ ਮੁਸਲਮਾਨ ਬੰਗਲਾ ਦੇਸ਼ ਚਲੇ ਗਏ।
ਮਿਆਂਮਾਰ ਨਸਲੀ ਸਮੂਹ ਦੇ ਰੂਪ ਵਿਚ ਰੋਹਿੰਗਿਆ ਮੁਸਲਮਾਨਾਂ ਦੀ ਪਛਾਣ ਸਵੀਕਾਰ ਨਹੀਂ ਕਰਦਾ। ਉਸ ਦਾ ਕਹਿਣਾ ਹੈ ਕਿ ਦੇਸ਼ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਬੰਗਲਾਦੇਸ਼ੀ ਪ੍ਰਵਾਸੀ ਹਨ। ਟਰੰਪ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਪੈਟਰਿਕ ਨੂੰ ਕਿਹਾ,''ਇਹ ਬਹੁਤ ਵੱਡੀ ਮਨੁੱਖੀ ਮੁਸੀਬਤ ਅਤੇ ਸੁਰੱਖਿਆ ਸੰਬੰਧੀ ਚਿੰਤਾ ਦਾ ਵਿਸ਼ਾ ਹੈ। ਅਜਿਹਾ ਇਸ ਲਈ ਕਿਉਂਕਿ ਕੁਝ ਲੋਕ ਇਸ ਮਨੁੱਖੀ ਮੁਸੀਬਤ ਨੂੰ ਧਾਰਮਿਕ ਆਧਾਰ 'ਤੇ ਇਕ ਤਰ੍ਹਾਂ ਨਾਲ ਨਫਰਤ ਫੈਲਾਉਣ ਦੇ ਤਰੀਕੇ ਅਤੇ ਫਿਰ ਹਿੰਸਾ ਲਈ ਵਰਤ ਸਕਦੇ ਹਨ।'' ਅਧਿਕਾਰੀ ਨੇ ਦੱਸਿਆ,''ਇਸ ਲਈ ਮਿਆਂਮਾਰ ਲਈ ਜ਼ਰੂਰੀ ਹੈ ਕਿ ਉਹ ਸ਼ਰਨਾਰਥੀਆਂ ਦੀ ਵਾਪਸੀ ਲਈ ਸ਼ਰਤਾਂ ਤੈਅ ਕਰੇ।'' ਉਨ੍ਹਾਂ ਨੇ ਕਿਹਾ,''ਇਸ ਦੇ ਨਾਲ ਹੀ ਅੰਤਰ ਰਾਸ਼ਟਰੀ ਭਾਈਚਾਰੇ ਲਈ ਵੀ ਇਹ ਜ਼ਰੂਰੀ ਹੈ ਕਿ ਉਹ ਪੀੜਤਾਂ ਦੀ ਤਕਲੀਫ ਘੱਟ ਕਰਨ ਅਤੇ ਉਨ੍ਹਾਂ ਦੇ ਬੱਚਿਆਂ ਲਈ ਸਿੱਖਿਆ ਸਮੇਤ ਸਾਰੀਆਂ ਬੁਨਿਆਦੀ ਸੇਵਾਵਾਂ ਨੂੰ ਯਕੀਨੀ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨ।''
ਇਸ ਵਿਚਕਾਰ ਅਮਰੀਕੀ ਸਰਕਾਰ ਨੇ 25 ਅਗਸਤ ਮਗਰੋਂ ਹਿੰਸਾਗ੍ਰਸਤ ਰਖਾਇਨ ਸੂਬੇ ਨੂੰ ਸਿੱਧੀ ਮਦਦ ਦੇਣ ਅਤੇ ਜੀਵਨ ਰੱਖਿਅਕ ਐਮਰਜੈਂਸੀ ਮਦਦ ਲਈ ਕੱਲ ਕਰੀਬ 4 ਕਰੋੜ ਅਮਰੀਕੀ ਡਾਲਰ ਦੀ ਮਦਦ ਦੇਣ ਦਾ ਐਲਾਨ ਕੀਤਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਲ 2017 ਦੌਰਾਨ ਮਿਆਂਮਾਰ ਤੋਂ ਬੇਘਰ ਹੋਏ ਲੋਕਾਂ ਅਤੇ ਇਸ ਖੇਤਰ ਦੀ ਮਦਦ ਲਈ ਕਰੀਬ 10.4 ਕਰੋੜ ਅਮਰੀਕੀ ਡਾਲਰ ਦੀ ਮਦਦ ਦਿੱਤੀ ਗਈ ਹੈ।
