ਭਾਰਤੀ ਨੌਜਵਾਨ ਤੇਜਸ ਪਟੇਲ ਫਲੋਰੀਡਾ 'ਚ 100 ਸੋਨੇ ਦੇ ਬਿਸਕੁਟਾਂ ਸਮੇਤ ਕਾਬੂ
Sunday, Jun 30, 2024 - 04:03 PM (IST)
ਨਿਊਯਾਰਕ (ਰਾਜ ਗੋਗਨਾ) - ਬੀਤੇ ਦਿਨ ਅਮਰੀਕਾ ਦੇ ਸ਼ਿਕਾਗੋ ਵਿਚ ਰਹਿਣ ਵਾਲਾ ਇਕ ਗੁਜਰਾਤੀ ਭਾਰਤੀ ਨੌਜਵਾਨ ਤੇਜਸ ਪਟੇਲ ਪਾਰਸਲ ਲੈਣ ਫਲੋਰੀਡਾ ਆਇਆ ਸੀ। ਪੁਲਸ ਨੂੰ ਕਾਰ ਦੀ ਤਲਾਸ਼ੀ ਦੌਰਾਨ ਉਸ ਕੋਲੋਂ 100 ਦੇ ਕਰੀਬ ਸੋਨੇ ਦੇ ਬਿਸਕੁਟ ਮਿਲੇ ਹਨ। ਜਿਸ ਦੀ ਕੀਮਤ 2.6 ਮਿਲੀਅਨ ਡਾਲਰ ਦੇ ਕਰੀਬ ਹੈ। ਤੇਜਸ ਪਟੇਲ ਜੋ ਸੋਨੇ ਦੇ ਬਿਸਕੁਟਾਂ ਸਮੇਤ ਫੜਿਆ ਗਿਆ ਉਸ ਦੇ ਬਾਰੇ ਪੁਲਸ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।
ਮਾਰਟਿਨ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਨੇ ਸ਼ਿਕਾਗੋ ਵਿੱਚ ਰਹਿਣ ਵਾਲੇ ਗੁਜਰਾਤੀ ਨੌਜਵਾਨ ਤੇਜਸ ਪਟੇਲ ਬਾਰੇ ਕੁਝ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ ਅਤੇ ਅਮਰੀਕਾ ਦੇ ਫਲੋਰੀਡਾ ਵਿੱਚ 2.60 ਲੱਖ ਡਾਲਰ ਦੇ ਸੋਨੇ ਦੇ ਬਿਸਕੁਟਾਂ ਸਮੇਤ ਫੜਿਆ ਗਿਆ ਹੈ। ਦੱਸਿਆ ਜਾਦਾ ਹੈ ਕਿ ਤੇਜਸ ਪਟੇਲ ਲੰਘੇ ਦਿਨੀਂ 20 ਜੂਨ ਨੂੰ ਫਲੋਰੀਡਾ ਤੋਂ ਪਾਰਸਲ ਲੈਣ ਆਇਆ ਸੀ। ਉਸ ਨੇ ਇਹ ਪਾਰਸਲ ਇਕ ਸੀਨੀਅਰ ਸਿਟੀਜ਼ਨ ਤੋਂ ਲੈਣਾ ਸੀ, ਜਿਸ ਨੇ ਉਸ ਨੂੰ ਗ੍ਰਿਫਤਾਰੀ ਦੇ ਵਾਰੰਟ ਦੀ ਧਮਕੀ ਦੇ ਕੇ ਸੈਟਲਮੈਂਟ ਲਈ ਲੱਖਾਂ ਡਾਲਰਾਂ ਦਾ ਸੋਨਾ ਹੜੱਪ ਲਿਆ ਸੀ। ਜਿਸ ਬਜ਼ੁਰਗ ਵਿਅਕਤੀ ਨੇ ਇਕ ਵਾਰ ਸੋਨਾ ਦਿੱਤਾ ਸੀ, ਉਸ ਨੂੰ ਫਿਰ ਤੋਂ ਉਹ ਡਰਾ ਧਮਕਾ ਕੇ ਉਸ ਤੋਂ ਉਸ ਨੇ ਹੋਰ ਸੋਨੇ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਸ਼ਿਕਾਗੋ ਦੇ ਰਹਿਣ ਵਾਲੇ ਤੇਜਸ ਪਟੇਲ ਨੂੰ ਉਸ ਦਾ ਪਾਰਸਲ ਲੈਣ ਲਈ ਮਾਰਟਿਨ ਕਾਊਂਟੀ, ਫਲੋਰੀਡਾ ਭੇਜਿਆ ਗਿਆ ਸੀ। ਜਦੋਂ ਤੇਜਸ ਪਟੇਲ ਪੀੜਤ ਤੋਂ ਪਾਰਸਲ ਲੈ ਕੇ ਕਾਰ ਲੈ ਕੇ ਰਵਾਨਾ ਹੋਇਆ ਤਾਂ ਪੁਲਸ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਸੜਕ 'ਤੇ ਉਸ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਤੇਜਸ ਕੁਮਾਰ ਪਟੇਲ ਉਮਰ 21 ਸਾਲ, ਗ੍ਰੀਨ ਕਾਰਡ 'ਤੇ ਅਮਰੀਕਾ ਵਿੱਚ ਰਹਿੰਦਾ ਹੈ ਅਤੇ 2023 ਵਿੱਚ ਭਾਰਤ ਤੋਂ ਅਮਰੀਕਾ ਆਇਆ ਸੀ। ਜਿਸ ਮਾਮਲੇ ਵਿਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਸ ਨੇ ਪੀੜਤ ਤੋਂ ਡੇਢ ਲੱਖ ਡਾਲਰ ਦਾ ਸੋਨਾ ਲੁੱਟਣ ਤੋਂ ਬਾਅਦ ਉਸ ਨੂੰ ਫਿਰ ਤੋਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਦੋ ਲੱਖ ਡਾਲਰ ਦਾ ਹੋਰ ਸੋਨਾ ਮੰਗਣ ਲੱਗਾ ਪਰ ਉਸ ਮਾਮਲੇ ਵਿਚ ਤੇਜਸ ਪਟੇਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਸ ਜਾਲ ਵਿਚ ਤੇਜਸ ਪਟੇਲ ਨੂੰ ਫੜਿਆ ਗਿਆ, ਉਸ ਵਿਚ ਸੋਨੇ ਦੀ ਬਜਾਏ ਪਾਰਸਲ ਵਿਚ ਕੁਝ ਹੋਰ ਰੱਖਿਆ ਗਿਆ ਸੀ।
ਹਾਲਾਂਕਿ ਜਦੋਂ ਪੁਲਸ ਨੇ ਤੇਜਸ ਪਟੇਲ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਸਮੇਂ ਉਸ ਨੇ ਫਲੋਰੀਡਾ ਦੇ ਹੋਰ ਸਥਾਨਾਂ ਤੋਂ ਪਾਰਸਲ ਇਕੱਠੇ ਕੀਤੇ ਹੋ ਸਕਦੇ ਹਨ। 20 ਜੂਨ ਨੂੰ ਉਸਦੀ ਕਾਰ ਨੂੰ ਜ਼ਬਤ ਕੀਤਾ, ਤਾਂ ਉਹਨਾਂ ਕੋਲੋਂ 100 ਤੋਂ ਵੱਧ ਸੋਨੇ ਦੇ ਬਿਸਕੁਟ ਮਿਲੇ ਸਨ। ਜਿਨ੍ਹਾਂ ਦੀ ਕੀਮਤ 2.42 ਲੱਖ ਹੈ। ਦਸਤਾਵੇਜ਼ ਅਨੁਸਾਰ 30 ਮਈ ਨੂੰ ਕੇਸ ਦੇ ਸਰਕਾਰੀ ਵਕੀਲ ਵੱਲੋਂ ਪੁਲਸ ਕੋਲ ਪਹੁੰਚਣ ਤੋਂ ਬਾਅਦ ਘੁਟਾਲੇ ਵਿੱਚ ਸ਼ਾਮਲ ਲੋਕਾਂ ਨੂੰ ਫੜਨ ਲਈ ਜਾਲ ਵਿਛਾਇਆ ਗਿਆ ਸੀ, ਜਿਸ ਵਿੱਚ 20 ਜੂਨ ਨੂੰ ਸੋਨੇ ਦਾ ਪਾਰਸਲ ਲੈਣ ਆਏ ਤੇਜਸ ਪਟੇਲ ਨੂੰ ਫੜ ਲਿਆ ਗਿਆ ਸੀ। ਪਾਰਸਲ ਲੈਣ ਲਈ ਤੇਜਸ ਪਟੇਲ ਨੀਲੇ ਰੰਗ ਦੀ ਟੋਇਟਾ ਕਾਰ ਲੈ ਕੇ ਆਇਆ ਅਤੇ ਉਸ ਨੇ ਕਾਰ ਤੋਂ ਬਾਹਰ ਆ ਕੇ ਪਾਰਸਲ ਇਕੱਠਾ ਕਰਕੇ ਕਾਰ ਵਿੱਚ ਰੱਖ ਲਿਆ ਅਤੇ ਇਸੇ ਦੌਰਾਨ ਉਹ ਕਿਸੇ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ। ਜਿਵੇਂ ਹੀ ਤੇਜਸ ਪਟੇਲ ਪਾਰਸਲ ਲੈ ਕੇ ਅੱਧਾ ਕੁ ਮੀਲ ਦੂਰ ਗਿਆ ਤਾਂ ਪੁਲਸ ਨੇ ਉਸ ਨੂੰ ਰੋਕ ਲਿਆ ਅਤੇ ਤੇਜਸ ਪਟੇਲ ਨੂੰ ਪੁੱਛਿਆ ਕਿ ਉਹ ਕਿੱਥੇ ਜਾ ਰਿਹਾ ਹੈ। ਫਿਰ ਤੇਜਸ ਪਟੇਲ ਨੇ ਪੁਲਸ ਨੂੰ ਜਵਾਬ ਦਿੱਤਾ ਕਿ ਉਹ ਹੋਟਲ ਲੱਭ ਰਿਹਾ ਹੈ। ਹਾਲਾਂਕਿ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਇਲਾਕੇ ਵਿੱਚ ਕੀ ਕਰ ਰਿਹਾ ਹੈ ਤਾਂ ਤੇਜਸ ਨੇ ਪੁਲਸ ਨੂੰ ਦੱਸਿਆ ਕਿ ਉਹ ਕੰਮ ਲਈ ਆਇਆ ਸੀ। ਜਦੋਂ ਪੁਲਿਸ ਨੇ ਤੇਜਸ ਪਟੇਲ ਨੂੰ ਕਾਰ ਤੋਂ ਬਾਹਰ ਆਉਣ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਉਸ ਨੂੰ ਚੱਕਰ ਆ ਰਹੇ ਹਨ। ਪੁਲਸ ਨੇ ਉਸ ਨੂੰ ਛਾਂ ਵਿੱਚ ਲੈ ਜਾ ਕੇ ਪਾਣੀ ਦਿੱਤਾ ਅਤੇ ਫਾਇਰ ਰੈਸਕਿਊ ਨੂੰ ਵੀ ਕਿਹਾ, ਪਰ ਜਲਦੀ ਹੀ ਤੇਜਸ ਪਟੇਲ ਨੇ ਕਿਹਾ ਕਿ ਉਹ ਠੀਕ ਹੈ।
ਪੁੱਛਗਿੱਛ ਦੌਰਾਨ ਤੇਜਸ ਨੇ ਪੁਲਸ ਨੂੰ ਦੱਸਿਆ ਕਿ ਉਹ ਸ਼ਿਕਾਗੋ ਦਾ ਰਹਿਣ ਵਾਲਾ ਸੀ ਅਤੇ ਕੰਮ ਲਈ ਫਲੋਰੀਡਾ ਆਇਆ ਸੀ। ਗ੍ਰਿਫਤਾਰੀ ਮੀਮੋ ਦੇ ਅਨੁਸਾਰ, ਤੇਜਸ ਪਟੇਲ ਮੰਗਲਵਾਰ, 18 ਜੂਨ ਨੂੰ ਫਲੋਰੀਡਾ ਪਹੁੰਚਿਆ ਸੀ ਅਤੇ ਸ਼ੁੱਕਰਵਾਰ, 21 ਜੂਨ ਨੂੰ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਵਾਪਸ ਆਉਣਾ ਸੀ। ਹਾਲਾਂਕਿ, ਤੇਜਸ ਨੇ ਪੁਲਸ ਦੇ ਸਵਾਲਾਂ ਦੇ ਗੋਲ-ਗੋਲ ਜਵਾਬ ਦਿੰਦੇ ਹੋਏ ਦਾਅਵਾ ਕੀਤਾ ਕਿ ਉਹ ਮਿਆਮੀ ਵਿੱਚ ਰਹਿੰਦੇ ਆਪਣੇ ਭਰਾ ਨੂੰ ਮਿਲਣ ਆਇਆ ਸੀ। ਇਹ ਪੁੱਛੇ ਜਾਣ 'ਤੇ ਕਿ ਉਹ ਮਾਰਟਿਨ ਕਾਉਂਟੀ ਕਿਉਂ ਆਇਆ ਤਾਂ ਤੇਜਸ ਨੇ ਪੁਲਸ ਨੂੰ ਦੱਸਿਆ ਕਿ ਉਹ ਸਵੇਰੇ ਬੀਚ 'ਤੇ ਗਿਆ ਸੀ ਅਤੇ ਹੋਟਲ ਵਾਪਸ ਆ ਰਿਹਾ ਸੀ। ਹਾਲਾਂਕਿ, ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਸ਼ਿਕਾਗੋ ਵਾਪਸ ਆਉਣ ਤੋਂ ਪਹਿਲਾਂ ਮਿਆਮੀ ਜਾ ਰਿਹਾ ਸੀ। ਪੁਲਸ ਨੇ ਤੇਜਸ ਤੋਂ ਉਸ ਕੋਲੋਂ ਇਕੱਠੇ ਕੀਤੇ ਪਾਰਸਲ ਬਾਰੇ ਵੀ ਪੁੱਛਗਿੱਛ ਕੀਤੀ ਅਤੇ ਉਸ ਨੇ ਜਵਾਬ ਦਿੱਤਾ ਕਿ ਉਸ ਨੂੰ ਕਾਰ ਵਿਚ ਪਾਰਸਲ ਉਸ ਦੇ ਰਿਸ਼ਤੇਦਾਰ ਤੋਂ ਤੋਹਫ਼ੇ ਦੇ ਵਜੋਂ ਮਿਲਿਆ ਸੀ, ਜਿਸ ਨਾਲ ਉਹ ਮਿਆਮੀ ਜਾ ਰਿਹਾ ਸੀ। ਇਹ ਤੋਹਫ਼ਾ ਕਿਸ ਲਈ ਹੈ, ਇਸ ਸਵਾਲ ਦੇ ਜਵਾਬ ਵਿੱਚ ਤੇਜਸ ਨੇ ਕਿਹਾ ਕਿ ਇਹ ਤੋਹਫ਼ਾ ਉਸ ਦਾ ਹੈ ਅਤੇ ਉਹ ਤਿੰਨ-ਚਾਰ ਮਹੀਨੇ ਪਹਿਲਾਂ ਉਸ ਰਿਸ਼ਤੇਦਾਰ ਨੂੰ ਮਿਲਿਆ ਸੀ, ਜਿਸ ਨੇ ਉਸ ਨੂੰ ਤੋਹਫ਼ਾ ਦਿੱਤਾ ਸੀ ਅਤੇ ਉਦੋਂ ਵੀ ਇਹ ਤੋਹਫ਼ਾ ਦਿੱਤਾ ਸੀ।
ਫਿਰ ਪੁਲਸ ਸਿੱਧੀ ਗੱਲ 'ਤੇ ਆਈ ਅਤੇ ਤੇਜਸ ਨੂੰ ਪੁੱਛਿਆ ਕਿ ਉਸਨੇ ਤੋਹਫੇ ਵਾਲੇ ਸੋਨੇ ਦਾ ਕੀ ਕੀਤਾ ਹੈ ਅਤੇ ਤੇਜਸ ਨੇ ਜਵਾਬ ਦਿੱਤਾ ਕਿ ਉਹ ਸੋਨਾ ਲੈ ਕੇ ਜਨਵਰੀ 2024 ਵਿੱਚ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਭਾਰਤ ਗਿਆ ਸੀ। ਤੇਜਸ ਪਟੇਲ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਉਹ ਅਕਤੂਬਰ 2023 ਵਿੱਚ ਭਾਰਤ ਤੋਂ ਅਮਰੀਕਾ ਆਇਆ ਸੀ ਅਤੇ ਇਸ ਸਮੇਂ ਗ੍ਰੀਨ ਕਾਰਡ ਹੋਲਡਰ ਹੈ ਅਤੇ ਆਪਣੇ ਪਰਿਵਾਰ ਨਾਲ ਸ਼ਿਕਾਗੋ ਵਿੱਚ ਰਹਿੰਦਾ ਹੈ। ਅਮਰੀਕਾ 'ਚ ਹੁਣ ਤੱਕ ਸੀਨੀਅਰ ਸਿਟੀਜ਼ਨਾਂ ਤੋਂ ਸੋਨਾ ਲੁੱਟਣ ਵਾਲੇ ਗਰੋਹ ਲਈ ਕੰਮ ਕਰਨ ਵਾਲੇ ਵੱਡੀ ਗਿਣਤੀ 'ਚ ਗੁਜਰਾਤੀ ਅਮਰੀਕਾ ਵਿੱਚ ਫੜੇ ਜਾ ਚੁੱਕੇ ਹਨ। ਇਸ ਘੁਟਾਲੇ ਵਿੱਚ ਵਰਤਿਆ ਗਿਆ ਸੋਨਾ ਅਮਰੀਕਾ ਵਿੱਚ ਸਸਤੇ ਵਿੱਚ ਵੇਚਿਆ ਜਾ ਰਿਹਾ ਹੈ, ਪਰ ਤੇਜਸ ਪਟੇਲ ਦੇ ਮਾਮਲੇ ਵਿੱਚ ਉਸਨੇ ਮੰਨਿਆ ਹੈ ਕਿ ਉਹ ਖੁਦ ਸੋਨਾ ਲੈ ਕੇ ਭਾਰਤ ਗਿਆ ਸੀ, ਇਸ ਨਾਲ ਹੁਣ ਇਹ ਸਵਾਲ ਵੀ ਉੱਠਿਆ ਹੈ ਕਿ ਕੀ ਅਮਰੀਕਾ 'ਚ ਵਰਤਿਆ ਜਾਣ ਵਾਲਾ ਸੋਨਾ ਭਾਰਤ ਭੇਜਿਆ ਜਾ ਰਿਹਾ ਹੈ?
ਪੁਲਸ ਨੇ ਤੇਜਸ ਪਟੇਲ 'ਤੇ 100,000 ਡਾਲਰ ਤੋਂ ਵੱਧ ਦੀ ਚੋਰੀ ਦਾ ਦੋਸ਼ ਲਗਾਇਆ ਹੈ, ਜਿਸ ਵਿਚ ਦੋਸ਼ੀ ਸਾਬਤ ਹੋਣ 'ਤੇ ਵੱਧ ਤੋਂ ਵੱਧ ਉਸ ਨੂੰ 30 ਸਾਲ ਦੀ ਸਜ਼ਾ ਹੋ ਸਕਦੀ ਹੈ। ਇਹ ਵੀ ਸੰਭਵ ਹੈ ਕਿ ਫਲੋਰੀਡਾ ਦੀ ਕਿਸੇ ਹੋਰ ਕਾਉਂਟੀ ਤੋਂ ਪਾਰਸਲ ਇਕੱਠਾ ਕਰਨ ਲਈ ਤੇਜਸ ਪਟੇਲ ਨੂੰ ਵੱਖਰੇ ਤੌਰ 'ਤੇ ਚਾਰਜ ਕੀਤਾ ਜਾ ਸਕਦਾ ਹੈ।