ਲੋਹੜੀ ''ਤੇ ਨੰਨ੍ਹੇ ਤੇਗਵੀਰ ਦੇ ਪਰਿਵਾਰ ਦੀ ਖਾਸ ਅਪੀਲ, ਇਨ੍ਹਾਂ ਤਿੰਨ ਸਥਾਨਾਂ ''ਤੇ ਜਾ ਕੇ ਤੁਸੀਂ ਵੀ ਕਰ ਸਕਦੇ ਹੋ ਮਦਦ (ਤਸਵੀਰਾਂ)

01/13/2017 4:39:57 PM

ਵਿਨੀਪੈੱਗ— ਕਹਿੰਦੇ ਹਨ ਕਿ ਜ਼ਿੰਦਗੀ ਅਤੇ ਮੌਤ ਪਰਮਾਤਮਾ ਦੇ ਹੱਥ ਵਿਚ ਹੁੰਦੀ ਹੈ ਪਰ ਜੇਕਰ ਚਾਹੋ ਤਾਂ ਤੁਸੀਂ ਵੀ ਕਿਸੇ ਪਰਿਵਾਰ ਦੇ ਘਰ ਦੇ ਚਿਰਾਗ ਨੂੰ ਉਜੜਨ ਤੋਂ ਬਚਾਅ ਸਕਦੇ ਹੋ। ਕੈਨੇਡਾ ਵਿਚ ਰਹਿੰਦੇ ਨੰਨ੍ਹੇ ਤੇਗਵੀਰ ਨੂੰ ਬਚਾਉਣ ਲਈ ਚੁੱਕਿਆ ਤੁਹਾਡਾ ਇਕ ਕਦਮ ਉਸ ਦੀ ਜ਼ਿੰਦਗੀ ਅਤੇ ਪਰਿਵਾਰ ਦੀਆਂ ਖੁਸ਼ੀਆਂ ਬਚਾਅ ਸਕਦਾ ਹੈ। ਦੱਸ ਦੇਈਏ ਕਿ ਤੇਗਵੀਰ, ਲਿਊਕੀਮੀਆ ਯਾਨੀ ਕਿ ਬਲੱਡ ਕੈਂਸਰ ਦੀ ਬੀਮਾਰੀ ਨਾਲ ਪੀੜਤ ਹੈ। ਉਸ ਨੂੰ ਬਚਾਉਣ ਲਈ ਉਸ ਦੇ ਬਲੱਡ ਗਰੁੱਪ ਨਾਲ ਮੇਲ ਖਾਂਦੇ ਬੋਨ ਮੈਰੋ ਟਰਾਂਸਪਲਾਂਟ ਦੀ ਲੋੜ ਹੈ। ਇਸ ਲਈ ਕੈਨੇਡਾ ਦੇ ਗੁਰਦੁਆਰਾ ਸਾਹਿਬਾਨਾਂ ਵਿਚ ਲੋਕਾਂ ਦੇ ਬੋਨ ਮੈਰੋ ਟੈਸਟ ਕਰਨ ਦੀ ਮੁਹਿੰਮ ਚਲਾਈ ਗਈ ਪਰ ਅਜੇ ਤੱਕ ਤੇਗਵੀਰ ਦੇ ਬਲੱਡ ਗਰੁੱਪ ਨਾਲ ਮੇਲ ਖਾਂਦਾ ਬੋਨ ਮੈਰੋ ਨਹੀਂ ਮਿਲ ਸਕਿਆ ਹੈ। 
ਦੁਨੀਆ ਭਰ ਵਿਚ ਜਿੱਥੇ ਪੰਜਾਬੀ ਪੁੱਤਰਾਂ ਅਤੇ ਧੀਆਂ ਦੀਆਂ ਲੋਹੜੀਆਂ ਪਾ ਕੇ ਖੁਸ਼ੀਆਂ ਮਨਾ ਰਹੇ ਹਨ, ਉੱਥੇ ਤੇਗਵੀਰ ਦੇ ਮਾਤਾ-ਪਿਤਾ ਉਸ ਦੀ ਜ਼ਿੰਦਗੀ ਲਈ ਦਰ-ਦਰ ਭਟਕ ਰਹੇ ਹਨ। ਜੇਕਰ ਤੁਸੀਂ ਤੇਗਵੀਰ ਦੀ ਮਦਦ ਕਰਨਾ ਚਾਹੁੰਦੇ ਹੋ ਅਤੇ ਕੈਨੇਡਾ ਦੇ ਵਸਨੀਕ ਹੋ ਜਾਂ ਫਿਰ ਉੱਥੇ ਰਹਿ ਰਹੇ ਹੋ ਤਾਂ ਤੁਸੀਂ 14 ਅਤੇ 15 ਜਨਵਰੀ ਨੂੰ ਸਟੈਮ ਸੈੱਲ ਅਤੇ ਬੋਨ ਮੈਰੋ ਰਜਿਸਟ੍ਰੇਸ਼ਨ ਕਰਵਾ ਕੇ ਉਸ ਦੀ ਮਦਦ ਕਰ ਸਕਦੇ ਹੋ। ਜ਼ਿਕਰਯੋਗ ਹੈ ਕਿ 14 ਜਨਵਰੀ ਨੂੰ ਵੈਸਟਮਿੰਸਟਰ ਗੁਰਦੁਆਰਾ ਸਾਹਿਬ ਸੁਖ ਸਾਗਾ, ਰਿਚਮੰਡ ਵਿਖੇ ਸਥਿਤ ਨਾਨਕਸਰ ਗੁਰਦੁਆਰਾ ਸਾਹਿਬ ਅਤੇ 15 ਜਨਵਰੀ ਨੂੰ ਐਬਟਸਫੋਰਡ ਵਿਖੇ ਸਥਿਤ ਖਾਲਸਾ ਦੀਵਾਨ ਸੋਸਾਇਟੀ ਵਿਖੇ ਸਟੈਮ ਸੈੱਲ ਜਾਂ ਬੋਨ ਮੈਰੋ ਰਜਿਸਟ੍ਰੇਸ਼ਨ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿਚ ਤੁਸੀਂ ਵੀ ਸਟੈਮ ਸੈੱਲ ਰਜਿਸਟਰ ਕਰਵਾ ਸਕਦੇ ਹੋ ਅਤੇ ਜੇਕਰ ਕਿਸੇ ਵਿਅਕਤੀ ਦੇ ਸਟੈਮ ਸੈੱਲ ਜਾਂ ਬੋਨ ਮੈਰੋ ਤੇਗਵੀਰ ਦੇ ਬੋਨ ਮੈਰੋ ਨਾਲ ਮੇਲ ਖਾ ਜਾਣ ਤਾਂ ਉਸ ਨੂੰ ਦਾਨ ਕਰ ਸਕਦੇ ਹੋ। ਇੱਥੇ ਦੱਸ ਦੇਈਏ ਇਕੱਲਾ ਤੇਗਵੀਰ ਹੀ ਨਹੀਂ ਕੈਨੇਡਾ ਵਿਚ ਲਿਊਕੀਮੀਆ ਦੇ 800 ਮਰੀਜ਼ ਹਨ, ਜਿਨ੍ਹਾਂ ਨੂੰ ਬਚਾਉਣ ਲਈ ਤੁਹਾਡਾ ਇਕ ਕਦਮ ਹੀ ਕਾਫੀ ਹੈ। 17 ਤੋਂ 35 ਸਾਲ ਦੀ ਉਮਰ ਦਾ ਕੋਈ ਵੀ ਵਿਅਕਤੀ ਬੋਨ ਮੈਰੋ ਤੇ ਸਟੈਮ ਸੈੱਲ ਦਾਨ ਕਰ ਸਕਦਾ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਪੀੜਤ ਪਰਿਵਾਰ ਨਾਲ +1204-720-1182 ''ਤੇ ਸੰਪਰਕ ਕਰ ਸਕਦੇ ਹੋ।  

Kulvinder Mahi

News Editor

Related News