ਇਟਲੀ ''ਚ ਸਿੱਖ ਨੌਜਵਾਨ ਨੇ ਪੇਸ਼ ਕੀਤੀ ਵੱਖਰੀ ਮਿਸਾਲ, ਕੋਰੋਨਾ ਰੋਗੀਆ ਦੀ ਕਰ ਰਿਹੈ ਨਿਸ਼ਕਾਮ ਸੇਵਾ
Monday, Apr 13, 2020 - 12:45 AM (IST)

ਰੋਮ (ਇਟਲੀ) (ਕੈਂਥ ) ਇਤਿਹਾਸ ਗਵਾਹ ਹੈ ਕਿ ਗੁਰੂ ਦੀਆਂ ਲਾਡਲੀਆਂ ਫੌਜਾਂ ਅਤੇ ਗੁਰੂ ਦਾ ਸਿੱਖ ਮਜ਼ਲੂਮਾਂ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਸਦਾ ਹੀ ਨਿਰਸੁਆਰਥ ਅੱਗੇ ਰਿਹਾ ਹੈ ਅਜਿਹੀ ਹੀ ਮਾਣਮੱਤੀ ਮਿਸਾਲ ਇਟਲੀ ਵਿਚ ਪੇਸ਼ ਕਰ ਰਿਹਾ ਹੈ ਸਿੱਖ ਨੋਜਵਾਨ ਬਿਕਰਮਜੀਤ ਸਿੰਘ ਵਿੱਕੀ, ਜੋ ਇਟਲੀ ਦੇ ਜ਼ਿਲਾ ਮੋਦਨਾ ਦੇ ਸ਼ਹਿਰ ਮੋਤਾ ਵਿਚ ਰਹਿ ਰਿਹਾ ਹੈ। ਕੋਰੋਨਾ ਸੰਕਟ ਵਿਚ ਇਹ ਨੌਜਵਾਨ ਇਟਲੀ ਪੁਲਸ ਪ੍ਰਸ਼ਾਸਨ, ਮਿਉਂਸਪਲ ਕਮੇਟੀ ਅਤੇ ਡਾਕਟਰੀ ਟੀਮ ਦੇ ਨਾਲ ਮੋਹਰੇ ਹੋ ਕੇ ਸਮੁੱਚੇ ਭਾਈਚਾਰੇ ਦੀ ਬਿਨਾਂ ਕਿਸੇ ਖੌਫ ਸੇਵਾ ਕਰ ਰਿਹਾ ਹੈ।
ਬਿਕਰਮਜੀਤ ਸਿੰਘ ਵਿੱਕੀ ਇਟਾਲੀਅਨ ਭਾਈਚਾਰੇ ਲਈ ਹੈਰਾਨੀਨੁਮਾ ਵੱਖਰੀ ਮਿਸਾਲ ਬਣ ਰਿਹਾ ਹੈ ਇਟਾਲੀਅਨ ਲੋਕ ਜਿੱਥੇ ਇਸ ਪੰਜਾਬੀ ਨੌਜਵਾਨ ਨੂੰ ਸੈਲਿਊਟ ਕਰ ਰਹੇ ਹਨ, ਉਥੇ ਹੀ ਦਿਲ ਦੀਆਂ ਗਹਿਰਾਈਆਂ ਤੋਂ ਇਸ ਸਿੱਖ ਦਾ ਸਤਿਕਾਰ ਵੀ ਕਰ ਰਹੇ ਹਨ। ਇਸ ਪੰਜਾਬੀ ਵਲੋਂ ਕੀਤਾ ਜਾ ਰਿਹਾ ਕਾਰਜ ਵਾਕਿਆ ਹੀ ਸ਼ਲਾਘਾਯੋਗ ਹੈ। ਇਟਲੀ ਵਿਚ ਇਸ ਸੇਵਾ ਸਬੰਧੀ ਸਿੱਖ ਨੌਜਵਾਨ ਨਾਲ ਹੋਈ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਹ ਇਟਲੀ ਵਿਚ ਕੋਰੋਨਾ ਵਾਇਰਸ ਕਾਰਨ ਮ੍ਰਿਤਕਾਂ ਦੀਆਂ ਦੇਹਾਂ ਦੇ ਅੰਤਿਮ ਸੰਸਕਾਰ ਕਰਨ ਲਈ ਇਟਾਲੀਅਨ ਅਮਲੇ ਨਾਲ ਰਹਿ ਕੇ ਸੇਵਾ ਕਰ ਰਿਹਾ ਹੈ ਭਾਵੇ ਉਹ ਕਿਸੇ ਵੀ ਧਰਮ,ਮਜਹਬ ਜਾਂ ਕਿਸੇ ਵੀ ਦੇਸ਼ ਦਾ ਕਿਉਂ ਨਾ ਹੋਵੇ ਪਰ ਮੇਰੇ ਲਈ ਉਹ ਸਭ ਗੁਰੂ ਪਿਆਰੇ ਹੀ ਹਨ।
ਉਸ ਨੇ ਦੱਸਿਆ ਕਿ ਬੀਤੇ ਦਿਨੀਂ ਇਟਲੀ ਦੀ ਸਟੇਟ ਲੰਬਾਰਦੀਆ 'ਚ ਕੋਰੋਨਾ ਨਾਲ ਮਾਰੇ ਗਏ ਅਨੇਕਾਂ ਲੋਕਾਂ ਦੇ ਅੰਤਿਮ ਰਸਮਾਂ ਅਤੇ ਉਨ੍ਹਾਂ ਨੂੰ ਮ੍ਰਿਤਕ ਦੇਹਾਂ ਨੂੰ ਫੌਜ ਦੀਆਂ ਗੱਡੀਆਂ 'ਚ ਰੱਖਣ ਮੌਕੇ ਵੀ ਸ਼ਾਮਲ ਸੀ। ਇਸ ਦੁੱਖ ਵਾਲੇ ਦੌਰ ਦੌਰਾਨ ਜਦੋ ਵੀ ਐਮਰਜੈਂਸੀ ਦੌਰਾਨ ਕਿਸੇ ਮਰੀਜ਼ ਨੂੰ ਕਿਸੇ ਵੱਡੇ ਹਸਪਤਾਲ ਲੈ ਕੇ ਜਾਣਾ ਹੁੰਦਾ ਤਾਂ ਉਹ ਬਿਨਾਂ ਕਿਸੇ ਦੇਰੀ ਹੈਲੀਕਾਪਟਰ ਚਲਾਉਣ ਦੀ ਸੇਵਾ ਵੀ ਕਰਦਾ ਹੈ ਕਿਉਂਕਿ ਉਸ ਨੇ ਹੈਲੀਕਾਪਟਰ ਦਾ ਲਾਇਸੈਂਸ ਵੀ ਲਿਆ ਹੋਇਆ ਹੈ।ਬਿਕਰਮ ਨੇ ਦੱਸਿਆ ਕਿ ਬੀਤੇ ਦਿਨੀਂ ਇਟਲੀ ਵਿਚ ਜਿਨ੍ਹਾਂ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਕੋਰੋਨਾ ਨਾਲ ਹੋਈਆਂ ਉਨਾਂ ਦੀਆਂ ਅੰਤਿਮ ਰਸਮਾਂ ਵੀ ਉਸ ਵਲੋਂ ਹੀ ਕੀਤੀਆ ਗਈਆ ਹਨ ਅਤੇ ਹੁਣ ਇਹ ਪੰਜਾਬੀ ਨੌਜਵਾਨ ਸ਼ਹਿਰਾਂ ਤੋਂ ਬਾਹਰ ਵੱਸਦੇ ਲੋਕਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਆਦਿ ਮੁਫਤ ਵੰਡ ਰਿਹਾ ਹੈ। ਇਟਲੀ 'ਚ ਰਹਿ ਹਰੇ ਭਾਰਤੀ ਨੌਜਵਾਨਾਂ ਨੂੰ ਇਸ ਬਿਕਰਮਜੀਤ ਤੋ ਸਬਕ ਲੈਣ ਦੀ ਲੋੜ ਹੈ ਕਿਉਂਕਿ ਅਸੀਂ ਇਟਲੀ ਵਿਚ ਰਹਿੰਦੇ ਹੋਏ ਇਸ ਔਖੀ ਘੜੀ 'ਚ ਇਟਾਲੀਅਨ ਸਰਕਾਰ ਦਾ ਸਾਥ ਦੇਈਏ।