ਬੰਗਲਾਦੇਸ਼ ''ਚ ਮੁੜ ਭਖਿਆ ਮਾਹੌਲ ! ਸ਼ੇਖ ਹਸੀਨਾ ਦੇ ਵਿਰੋਧੀ ਨੂੰ ਮਾਰੀ ਗੋਲ਼ੀ
Saturday, Dec 13, 2025 - 02:30 PM (IST)
ਢਾਕਾ- ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਸ਼ੁੱਕਰਵਾਰ ਨੂੰ ਸ਼ੇਖ ਹਸੀਨਾ ਦੇ ਵਿਰੋਧੀ ਨੇਤਾ ਉਸਮਾਨ ਹਾਦੀ ‘ਤੇ ਜਾਨਲੇਵਾ ਹਮਲਾ ਹੋਇਆ। ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰੇ ਜਾਣ ਕਾਰਨ ਹਾਦੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ। ਉਹ ਇਸਲਾਮੀ ਸੰਗਠਨ ‘ਇਨਕਲਾਬ ਮੰਚ’ ਦੇ ਬੁਲਾਰੇ ਹਨ ਅਤੇ ਚੋਣਾਂ 'ਚ ਢਾਕਾ ਤੋਂ ਆਜ਼ਾਦ ਉਮੀਦਵਾਰ ਵਜੋਂ ਮੈਦਾਨ 'ਚ ਹਨ। ਮਿਲੀ ਜਾਣਕਾਰੀ ਅਨੁਸਾਰ, ਹਾਦੀ ਰਿਕਸ਼ੇ ‘ਤੇ ਜਾ ਰਹੇ ਸਨ ਕਿ ਬਾਈਕ ‘ਤੇ ਸਵਾਰ ਹਮਲਾਵਰ ਨੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ। ਇਹ ਹਮਲਾ 11 ਦਸੰਬਰ ਨੂੰ ਚੋਣ ਤਾਰੀਖਾਂ ਦੇ ਐਲਾਨ ਤੋਂ ਸਿਰਫ਼ ਇਕ ਦਿਨ ਬਾਅਦ ਹੋਇਆ, ਜਿਸ ਨਾਲ ਸਿਆਸੀ ਤਣਾਅ ਹੋਰ ਵਧ ਗਿਆ ਹੈ। ਹਾਦੀ ਨੂੰ ਤੁਰੰਤ ਢਾਕਾ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਗੋਲੀ ਉਨ੍ਹਾਂ ਦੇ ਸਿਰ ‘ਚ ਲੱਗੀ ਹੈ ਅਤੇ ਹਾਲਤ ਬਹੁਤ ਨਾਜ਼ੁਕ ਹੈ। ਉਨ੍ਹਾਂ ਨੂੰ ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ ਗਿਆ ਹੈ। ਬਾਅਦ 'ਚ ਉਨ੍ਹਾਂ ਨੂੰ ਏਵਰਕੇਅਰ ਹਸਪਤਾਲ ਸ਼ਿਫਟ ਕਰ ਦਿੱਤਾ ਗਿਆ।
ਸੀਸੀਟੀਵੀ ਫੁਟੇਜ 'ਚ ਕੈਦ ਹੋਈ ਗੋਲੀਬਾਰੀ
ਪੁਲਸ ਮੁਤਾਬਕ, ਦੁਪਹਿਰ ਕਰੀਬ 2:30 ਵਜੇ ਹਾਦੀ ਨੂੰ ਬਿਜਯਨਗਰ ਇਲਾਕੇ 'ਚ ਰਿਕਸ਼ੇ ‘ਤੇ ਦੇਖਿਆ ਗਿਆ। ਸੀਸੀਟੀਵੀ ਫੁਟੇਜ 'ਚ ਦਿਖਾਈ ਦਿੰਦਾ ਹੈ ਕਿ ਇਕ ਮੋਟਰਸਾਈਕਲ ਰਿਕਸ਼ੇ ਦੇ ਪਿੱਛੋਂ ਆਉਂਦੀ ਹੈ, ਫਿਰ ਸੱਜੇ ਪਾਸੇ ਰੁਕਦੀ ਹੈ ਅਤੇ ਪਿੱਛੇ ਬੈਠੇ ਵਿਅਕਤੀ ਨੇ ਬਿਲਕੁਲ ਨੇੜੇ ਤੋਂ ਹਾਦੀ ‘ਤੇ ਗੋਲੀ ਚਲਾ ਦਿੱਤੀ। ਦੋਵੇਂ ਹਮਲਾਵਰ ਹੈਲਮੈਟ ਪਹਿਨੇ ਹੋਏ ਸਨ ਅਤੇ ਕੁਝ ਸਕਿੰਟਾਂ 'ਚ ਹੀ ਮੌਕੇ ਤੋਂ ਫਰਾਰ ਹੋ ਗਏ। ਇਨਕਲਾਬ ਮੰਚ ਦੇ ਕਾਰਕੁਨ ਮੁਹੰਮਦ ਰਫ਼ੀ, ਜੋ ਹਾਦੀ ਦੇ ਪਿੱਛੇ ਦੂਜੇ ਰਿਕਸ਼ੇ ‘ਤੇ ਸਨ, ਨੇ ਦੱਸਿਆ ਕਿ ਜੁਮੇ ਦੀ ਨਮਾਜ਼ ਤੋਂ ਬਾਅਦ ਉਹ ਦੁਪਹਿਰ ਦਾ ਖਾਣਾ ਖਾਣ ਲਈ ਹਾਈ ਕੋਰਟ ਇਲਾਕੇ ਵੱਲ ਜਾ ਰਹੇ ਸਨ ਕਿ ਬਿਜਯਨਗਰ ਪਹੁੰਚਦੇ ਹੀ ਹਮਲਾ ਹੋ ਗਿਆ।
ਹਮਲੇ ਤੋਂ ਪਹਿਲਾਂ ਗ੍ਰੇਟਰ ਬੰਗਲਾਦੇਸ਼ ਦਾ ਮੈਪ ਸਾਂਝਾ ਕਰਨ ਦਾ ਦਾਅਵਾ
ਮੀਡੀਆ ਰਿਪੋਰਟਾਂ ਅਨੁਸਾਰ, ਹਮਲੇ ਤੋਂ ਕੁਝ ਘੰਟੇ ਪਹਿਲਾਂ ਉਸਮਾਨ ਹਾਦੀ ਨੇ ‘ਗ੍ਰੇਟਰ ਬੰਗਲਾਦੇਸ਼’ ਦਾ ਇਕ ਨਕਸ਼ਾ ਸਾਂਝਾ ਕੀਤਾ ਸੀ, ਜਿਸ 'ਚ ਭਾਰਤ ਦੇ ਕੁਝ ਇਲਾਕੇ (7 ਸਿਸਟਰਜ਼) ਵੀ ਦਰਸਾਏ ਗਏ ਸਨ। ਇਸ ਪੋਸਟ ਤੋਂ ਬਾਅਦ ਹਮਲੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ।
ਇਨਕਲਾਬ ਮੰਚ ਦਾ ਸਿਆਸੀ ਪਿਛੋਕੜ
ਇਨਕਲਾਬ ਮੰਚ ਅਗਸਤ 2024 ਦੇ ਵਿਦਿਆਰਥੀ ਅੰਦੋਲਨ ਤੋਂ ਬਾਅਦ ਇਕ ਪ੍ਰਭਾਵਸ਼ਾਲੀ ਸੰਗਠਨ ਵਜੋਂ ਉਭਰਿਆ। ਇਸ ਸੰਗਠਨ ਨੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਵਾਮੀ ਲੀਗ ਸਰਕਾਰ ਦੇ ਖ਼ਿਲਾਫ਼ ਮੁੱਖ ਭੂਮਿਕਾ ਨਿਭਾਈ ਸੀ। ਸੰਗਠਨ ਅਵਾਮੀ ਲੀਗ ਨੂੰ ਅੱਤਵਾਦੀ ਕਰਾਰ ਦਿੰਦਿਆਂ ਉਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਅਤੇ ਨੌਜਵਾਨਾਂ ਦੀ ਸੁਰੱਖਿਆ ਦੀ ਮੰਗ ਕਰਦਾ ਰਿਹਾ ਹੈ। ਮਈ 2025 'ਚ ਅਵਾਮੀ ਲੀਗ ਨੂੰ ਭੰਗ ਕਰਨ ਅਤੇ ਚੋਣਾਂ ਲਈ ਅਯੋਗ ਘੋਸ਼ਿਤ ਕਰਨ 'ਚ ਵੀ ਇਸ ਦੀ ਅਹਿਮ ਭੂਮਿਕਾ ਦੱਸੀ ਜਾਂਦੀ ਹੈ।
12 ਫਰਵਰੀ ਨੂੰ ਹੋਣਗੀਆਂ ਬੰਗਲਾਦੇਸ਼ 'ਚ ਚੋਣਾਂ
ਬੰਗਲਾਦੇਸ਼ 'ਚ ਅਗਲੇ ਸਾਲ 12 ਫਰਵਰੀ ਨੂੰ ਆਮ ਚੋਣਾਂ ਹੋਣਗੀਆਂ। ਮੁੱਖ ਚੋਣ ਕਮਿਸ਼ਨਰ ਏਐੱਮਐੱਮ ਨਾਸਿਰੁੱਦੀਨ ਨੇ ਇਸ ਦਾ ਐਲਾਨ ਕੀਤਾ ਹੈ। ਇਹ ਚੋਣਾਂ 5 ਅਗਸਤ 2024 ਦੇ ਤਖ਼ਤਾਪਲਟ ਤੋਂ ਲਗਭਗ ਡੇਢ ਸਾਲ ਬਾਅਦ ਹੋ ਰਹੀਆਂ ਹਨ, ਜਿਸ ਤੋਂ ਬਾਅਦ ਸ਼ੇਖ ਹਸੀਨਾ ਦੇਸ਼ ਛੱਡ ਕੇ ਭਾਰਤ ਚਲੀ ਗਈਆਂ ਸਨ। ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਮੁਹੰਮਦ ਯੂਨੁਸ ਦੀ ਅਗਵਾਈ ਹੇਠ ਅੰਤਰਿਮ ਸਰਕਾਰ ਚੱਲ ਰਹੀ ਹੈ।
