ਲੰਡਨ ''ਚ ਗ੍ਰੇਟਾ ਥਨਬਰਗ ਗ੍ਰਿਫ਼ਤਾਰ, ਫਿਲਿਸਤੀਨ ਸਮਰਥਕ ਪ੍ਰਦਰਸ਼ਨ ਕਾਰਨ ਹੋਈ ਕਾਰਵਾਈ
Tuesday, Dec 23, 2025 - 07:12 PM (IST)
ਲੰਡਨ (ਏਪੀ) : ਪ੍ਰਸਿੱਧ ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ ਨੂੰ ਮੰਗਲਵਾਰ ਨੂੰ ਕੇਂਦਰੀ ਲੰਡਨ 'ਚ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਫਿਲਿਸਤੀਨ ਸਮਰਥਕ ਕਾਰਕੁਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਰਹੀ ਸੀ, ਜੋ ਜੇਲ੍ਹ ਵਿੱਚ ਬੰਦ ਕਾਰਕੁਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ‘ਤੇ ਹਨ। ਇਹ ਕਾਰਕੁਨ ਪਿਛਲੇ ਪ੍ਰਦਰਸ਼ਨਾਂ ਨਾਲ ਜੁੜੇ ਮਾਮਲਿਆਂ ਵਿੱਚ ਮੁਕੱਦਮੇ ਦੀ ਉਡੀਕ ਕਰ ਰਹੇ ਹਨ।
‘ਪ੍ਰਿਜ਼ਨਰਜ਼ ਫੋਰ ਪੈਲੇਸਟਾਈਨ’ ਨਾਮਕ ਪ੍ਰਦਰਸ਼ਨ ਗਰੁੱਪ ਵੱਲੋਂ ਜਾਰੀ ਕੀਤੀ ਇੱਕ ਵੀਡੀਓ 'ਚ 22 ਸਾਲਾ ਸਵੀਡਿਸ਼ ਕਾਰਕੁਨ ਗ੍ਰੇਟਾ ਥਨਬਰਗ ਨੂੰ ਭੁੱਖ ਹੜਤਾਲ ਕਰ ਰਹੇ ਕੈਦੀਆਂ ਅਤੇ ਉਨ੍ਹਾਂ ਦੀ ਸੰਸਥਾ ‘ਪੈਲੇਸਟਾਈਨ ਐਕਸ਼ਨ’ ਦੇ ਸਮਰਥਨ 'ਚ ਤਖ਼ਤੀ ਫੜੇ ਹੋਏ ਦਿਖਾਇਆ ਗਿਆ। ਬ੍ਰਿਟਿਸ਼ ਸਰਕਾਰ ਇਸ ਸਾਲ ਪਹਿਲਾਂ ‘ਪੈਲੇਸਟਾਈਨ ਐਕਸ਼ਨ’ ਨੂੰ ਆਤੰਕੀ ਸੰਸਥਾ ਐਲਾਨ ਕਰ ਚੁੱਕੀ ਹੈ। ਇਹ ਪ੍ਰਦਰਸ਼ਨ ਇੱਕ ਵੱਡੀ ਰੈਲੀ ਦਾ ਹਿੱਸਾ ਸੀ, ਜਿਸ ਦੌਰਾਨ ਦੋ ਹੋਰ ਕਾਰਕੁਨਾਂ ਨੇ ਸਿਟੀ ਆਫ਼ ਲੰਡਨ 'ਚ ਸਥਿਤ ਇੱਕ ਇੰਸ਼ੋਰੈਂਸ ਕੰਪਨੀ ਦੇ ਸਾਹਮਣੇ ਲਾਲ ਰੰਗ ਛਿੜਕਿਆ। ਇਹ ਇਲਾਕਾ ਬਰਤਾਨੀਆ ਦੇ ਵਿੱਤੀ ਸੇਵਾਵਾਂ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਹੈ। ‘ਪ੍ਰਿਜ਼ਨਰਜ਼ ਫੋਰ ਪੈਲੇਸਟਾਈਨ’ ਨੇ ਦਾਅਵਾ ਕੀਤਾ ਕਿ ਇਹ ਕੰਪਨੀ ਇਸਰਾਈਲ ਨਾਲ ਜੁੜੀ ਰੱਖਿਆ ਕੰਪਨੀ ਐਲਬਿਟ ਸਿਸਟਮਜ਼ ਨੂੰ ਸਮਰਥਨ ਦਿੰਦੀ ਹੈ, ਇਸ ਲਈ ਉਸਨੂੰ ਨਿਸ਼ਾਨਾ ਬਣਾਇਆ ਗਿਆ।
ਸਿਟੀ ਆਫ਼ ਲੰਡਨ ਪੁਲਸ ਮੁਤਾਬਕ ਇੱਕ ਮਰਦ ਅਤੇ ਇੱਕ ਔਰਤ ਨੂੰ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਅਦ ਵਿੱਚ ਇੱਕ ਹੋਰ ਔਰਤ ਨੂੰ ਪਾਬੰਦੀਸ਼ੁਦਾ ਸੰਸਥਾ ਦਾ ਸਮਰਥਨ ਕਰਨ ਦੇ ਸ਼ੱਕ ਵਿੱਚ ਹਿਰਾਸਤ ਵਿੱਚ ਲਿਆ ਗਿਆ। ਬ੍ਰਿਟੇਨ ਵਿੱਚ ਆਮ ਤੌਰ ‘ਤੇ ਪੁਲਸ ਚਾਰਜ ਲਗਣ ਤੋਂ ਪਹਿਲਾਂ ਗ੍ਰਿਫ਼ਤਾਰ ਲੋਕਾਂ ਦੇ ਨਾਮ ਜਾਰੀ ਨਹੀਂ ਕਰਦੀ। ਦੱਸਿਆ ਗਿਆ ਹੈ ਕਿ ‘ਪੈਲੇਸਟਾਈਨ ਐਕਸ਼ਨ’ ਦੇ ਅੱਠ ਮੈਂਬਰ ਇਸ ਸਮੇਂ ਭੁੱਖ ਹੜਤਾਲ ‘ਤੇ ਹਨ। ਉਹ ਬਿਨਾਂ ਜ਼ਮਾਨਤ ਲੰਬੀ ਹਿਰਾਸਤ ਵਿੱਚ ਰੱਖੇ ਜਾਣ ਦਾ ਵਿਰੋਧ ਕਰ ਰਹੇ ਹਨ। ਪ੍ਰਦਰਸ਼ਨ ਵਿੱਚ ਸ਼ਾਮਲ ਪਹਿਲੇ ਦੋ ਕੈਦੀ ਪਿਛਲੇ 52 ਦਿਨਾਂ ਤੋਂ ਭੁੱਖ ਹੜਤਾਲ ‘ਤੇ ਹਨ ਅਤੇ ਸੰਸਥਾ ਦੇ ਅਨੁਸਾਰ ਉਹਨਾਂ ਦੀ ਹਾਲਤ ਨਾਜ਼ੁਕ ਹੈ, ਜਿੱਥੇ ਮੌਤ ਦਾ ਖ਼ਤਰਾ ਵੀ ਬਣਿਆ ਹੋਇਆ ਹੈ।
ਇਸ ਮਾਮਲੇ ‘ਚ ਬ੍ਰਿਟਿਸ਼ ਸਰਕਾਰ ਨੇ ਅਜੇ ਤੱਕ ਕਿਸੇ ਤਰ੍ਹਾਂ ਦਾ ਦਖ਼ਲ ਦੇਣ ਤੋਂ ਇਨਕਾਰ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਜ਼ਮਾਨਤ ਅਤੇ ਹਿਰਾਸਤ ਨਾਲ ਜੁੜੇ ਫ਼ੈਸਲੇ ਅਦਾਲਤਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ।
