ਅਫ਼ਗਾਨਿਸਤਾਨ ਦੇ ਖਾਲੀ ਖਜ਼ਾਨੇ ਨੂੰ ਭਰਨ ਲਈ ਅਫੀਮ ਦੀ ਖੇਤੀ ਨੂੰ ਮਾਨਤਾ ਦੇਵੇਗਾ ਤਾਲਿਬਾਨ !

Saturday, Oct 09, 2021 - 04:08 PM (IST)

ਕਾਬੁਲ : ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਦਾ ਦੇਸ਼ ’ਚ ਅਫੀਮ ਦੀ ਖੇਤੀ ਖਤਮ ਕਰਨ ਦਾ ਵਾਅਦਾ ਦਮ ਤੋੜਦਾ ਨਜ਼ਰ ਆ ਰਿਹਾ ਹੈ। ਅਫ਼ਗਾਨਿਸਤਾਨ ਦੁਨੀਆ ’ਚ ਅਫੀਮ ਦਾ ਸਭ ਤੋਂ ਵੱਡਾ ਗੈਰ-ਕਾਨੂੰਨੀ ਸਪਲਾਇਰ ਬਣਿਆ ਹੋਇਆ ਹੈ ਅਤੇ ਇਸ ਦੇ ਰੁਕਣ ਦੀ ਕੋਈ ਸੰਭਾਵਨਾ ਨਹੀਂ ਹੈ। ਇਕ ਰਿਪੋਰਟ ਦੇ ਅਨੁਸਾਰ ਤਾਲਿਬਾਨ ਨੇਤਾਵਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਅਫੀਮ ਦੀ ਕਾਸ਼ਤ ਨੂੰ ਕਾਨੂੰਨੀ ਰੂਪ ਦੇਣ ਬਾਰੇ ਵਿਚਾਰ ਕਰ ਰਹੇ ਹਨ, ਜਿਸ ਨਾਲ ਦੇਸ਼ ’ਚ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਹੋਰ ਵਧਣ-ਫੁੱਲਣ ਦਾ ਖਤਰਾ ਵਧ ਗਿਆ ਹੈ। ਦਰਅਸਲ, ਤਾਲਿਬਾਨ ਹੁਣ ਅਫ਼ਗਾਨਿਸਤਾਨ ਦੀ ਆਰਥਿਕਤਾ ਨੂੰ ਲੀਹ ’ਤੇ ਲਿਆਉਣ ਲਈ ਅਫੀਮ ਅਤੇ ਪੋਸਤ ਦੀ ਕਾਸ਼ਤ ਨੂੰ ਜਾਇਜ਼ ਠਹਿਰਾਉਣ ਬਾਰੇ ਵਿਚਾਰ ਕਰ ਰਿਹਾ ਹੈ।

ਰਿਪੋਰਟ ਦੇ ਅਨੁਸਾਰ ਤਾਲਿਬਾਨ ਹੁਣ ਅਫੀਮ ਦੇ ਕੱਚੇ ਮਾਲ ਅਤੇ ਇਸ ਦੀ ਉਪ-ਉਤਪਾਦ ਹੈਰੋਇਨ ਦਾ ਖੁੱਲ੍ਹ ਕੇ ਪੋਸ਼ਣ ਅਤੇ ਕਾਸ਼ਤ ਕਰ ਸਕਦਾ ਹੈ। ਤਾਲਿਬਾਨ ਲੀਡਰਸ਼ਿਪ ਦੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਪੋਸਤ ਨੂੰ ਕਾਨੂੰਨੀ ਮਾਨਤਾ ਦੇਣ ਨਾਲ ਉਨ੍ਹਾਂ ਨੂੰ ਅਫ਼ਗਾਨਿਸਤਾਨ ਦੀ ਯੁੱਧ ਪ੍ਰਭਾਵਿਤ ਅਰਥਵਿਵਸਥਾ ਵਿਕਸਿਤ ਕਰਨ ’ਚ ਸਹਾਇਤਾ ਮਿਲੇਗੀ। ਅੰਦਰੂਨੀ ਮੰਤਰਾਲਾ ਕਾਊਂਟਰ ਨਾਰਕੋਟਿਕਸ ਦੇ ਉਪ ਮੰਤਰੀ ਹਾਜ਼ੀ ਅਬਦੁਲ ਹੱਕ ਅਖੋਂਡ ਹਮਕਰ ਨੇ ਸੰਕੇਤ ਦਿੱਤਾ ਕਿ ਖੇਤੀ ਦਾ ਸੰਭਾਵਿਤ ‘ਕਾਨੂੰਨੀਕਰਨ’ ਬਦਲ ਅਜੇ ਵੀ ਖੁੱਲ੍ਹਾ ਹੈ, ਬਸ਼ਰਤੇ ਅਫ਼ਗਾਨਾਂ ਨੂੰ ਨੁਕਸਾਨ ਨਾ ਪਹੁੰਚੇ। ਕੰਧਾਰ ’ਚ ਸੂਚਨਾ ਅਤੇ ਸੱਭਿਆਚਾਰ ਦੇ ਨਿਰਦੇਸ਼ਕ ਮੌਲਵੀ ਨੂਰ ਅਹਿਮਦ ਸਈਦ ਦਾ ਅਨੁਮਾਨ ਹੈ, “ਜੇ ਅਜਿਹਾ ਸੰਭਵ ਹੈ ਤਾਂ ਇਸ ਨੂੰ ਕਾਨੂੰਨੀ ਰੂਪ ਦੇਣ ਲਈ ਕੰਮ ਕਰਨਾ ਸਭ ਤੋਂ ਵਧੀਆ ਹੈ। ਇਸ ਨਾਲ ਅਰਥਵਿਵਸਥਾ ਨੂੰ ਵਧਣ ’ਚ ਮਦਦ ਮਿਲੇਗੀ ਤੇ ਸਾਨੂੰ ਇਸ ’ਚ ਬਹੁਤ ਜ਼ਿਆਦਾ ਯਤਨ ਨਹੀਂ ਕਰਨੇ ਪੈਣਗੇ ਕਿਉਂਕਿ ਇਥੇ ਪਹਿਲਾਂ ਤੋਂ ਹੀ ਇਸ ਦੀ ਵੱਡੇ ਪੱਧਰ ’ਤੇ ਕਾਸ਼ਤ ਕੀਤੀ ਜਾ ਰਹੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਅਗਵਾਈ ਵਾਲੀ ਨਵੀਂ ਸਰਕਾਰ ਵਿਦੇਸ਼ੀ ਸਹਾਇਤਾ ਰੁਕਣ, ਬੇਰੁਜ਼ਗਾਰੀ, ਵਧਦੀਆਂ ਕੀਮਤਾਂ, ਭੁੱਖਮਰੀ ਅਤੇ ਸੋਕੇ ਕਾਰਨ ਦੇਸ਼ ’ਚ ਮਾਨਵਤਾਵਾਦੀ ਸੰਕਟ ਕਾਰਨ ਘਬਰਾਹਟ ’ਚ ਹੈ ਅਤੇ ਵਪਾਰ ਨੂੰ ਹੁਲਾਰਾ ਦੇਣ ਲਈ ਵਿਨਾਸ਼ਕਾਰੀ ਫ਼ੈਸਲੇ ਲੈ ਸਕਦੀ ਹੈ। ਅਫਗਾਨਿਸਤਾਨ, ਜੋ ਵਿਸ਼ਵ ਦੀ 90 ਫੀਸਦੀ ਤੋਂ ਵੱਧ ਹੈਰੋਇਨ ਬਰਾਮਦ ਕਰਦਾ ਹੈ, ਨੂੰ ਤਾਲਿਬਾਨ ਨੀਤੀ ਦੇ ਤਹਿਤ ਨਸ਼ਿਆਂ ਦੇ ਵਪਾਰ ਨੂੰ ਨਵਾਂ ਹੁਲਾਰਾ ਮਿਲ ਸਕਦਾ ਹੈ। ਤਾਲਿਬਾਨ ਨੂੰ ਉਮੀਦ ਹੈ ਕਿ ਇਸ ਫੈਸਲੇ ਨਾਲ ਉਸ ਦੇਸ਼ ਨੂੰ ਰਾਹਤ ਮਿਲੇਗੀ, ਜੋ ਭੁੱਖਮਰੀ ਦੇ ਕੰਢੇ ’ਤੇ ਹੈ। ਯੂ. ਐੱਨ. ਆਫਿਸ ਆਫ ਡਰੱਗਜ਼ ਐਂਡ ਕ੍ਰਾਈਮਜ਼ (ਯੂ.ਐੱਨ.ਓ.ਡੀ.ਸੀ.) ਦੇ ਅਨੁਸਾਰ ਤਾਲਿਬਾਨ ਆਪਣੀ ਆਮਦਨ ਦੇ ਮੁੱਖ ਸਰੋਤ ਵਜੋਂ ਅਫੀਮ ਦੇ ਵਪਾਰ ’ਤੇ ਨਿਰਭਰ ਕਰਦੇ ਹਨ।

ਅਫ਼ਗਾਨਿਸਤਾਨ ਦੁਨੀਆ ਦੇ ਚੋਟੀ ਦੇ ਨਾਜਾਇਜ਼ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਵਾਲੇ ਦੇਸ਼ਾਂ ’ਚੋਂ ਇਕ ਰਿਹਾ ਹੈ। ਇਸ ਸਮੇਂ ਵੱਡੀ ਗਿਣਤੀ ’ਚ ਨਸ਼ੇੜੀ ਸੜਕਾਂ ’ਤੇ ਹਨ। ਕਈ ਰਿਪੋਰਟਾਂ ਦੱਸਦੀਆਂ ਹਨ ਕਿ ਅਫੀਮ ਦੀ ਕਾਸ਼ਤ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤਾਲਿਬਾਨ ਦੀ ਆਮਦਨ ਦਾ ਮੁੱਖ ਸਰੋਤ ਹੈ, ਮੁੱਖ ਤੌਰ ’ਤੇ ਦੇਸ਼ ਦੇ ਦੱਖਣੀ ਅਤੇ ਉੱਤਰੀ ਹਿੱਸਿਆਂ ’ਚ। ਨਸ਼ੀਲੇ ਪਦਾਰਥਾਂ ਦੀ ਬਹੁਗਿਣਤੀ ਦੀ ਤਸਕਰੀ ਈਰਾਨ ਰਾਹੀਂ ਹੁੰਦੀ ਹੈ ਅਤੇ ਤਾਲਿਬਾਨ ਇਸ ਤੋਂ ਮੋਟੀ ਕਮਾਈ ਕਰਦੇ ਹਨ। ਤਾਲਿਬਾਨ ਨੇ ਹੁਣ ਤੱਕ ਛੋਟੇ ਨਸ਼ੀਲੇ ਪਦਾਰਥ ਵਿਕਰੇਤਾਵਾਂ ਖਿਲਾਫ ਸ਼ਿਕੰਜਾ ਕੱਸਿਆ ਹੈ ਪਰ ਵੱਡੇ ਵਪਾਰੀਆਂ ਨੂੰ ਖੁੱਲ੍ਹ ਦਿੱਤੀ ਹੈ।


Manoj

Content Editor

Related News