ਬੇਰਹਿਮ ਤਾਲਿਬਾਨ, ਖੁੱਲ੍ਹਣ ਦੇ ਕੁਝ ਘੰਟੇ ਬਾਅਦ ਹੀ ਬੰਦ ਕਰਵਾਏ ਕੁੜੀਆਂ ਦੇ ਸਕੂਲ
Thursday, Mar 24, 2022 - 11:53 AM (IST)
ਕਾਬੁਲ (ਬਿਊਰੋ) ਤਾਲਿਬਾਨ ਨੇ ਬੀਤੇ ਦਿਨ ਅਫਗਾਨਿਸਤਾਨ ਵਿਚ ਕੁੜੀਆਂ ਦੇ ਸੈਕੰਡਰੀ ਸਕੂਲਾਂ ਨੂੰ ਮੁੜ ਖੋਲ੍ਹਣ ਦੇ ਕੁਝ ਘੰਟਿਆਂ ਬਾਅਦ ਹੀ ਮੁੜ ਬੰਦ ਕਰਨ ਦੇ ਆਦੇਸ਼ ਦੇ ਦਿੱਤਾ। ਇਸ ਬਾਰੇ ਵਿਚ ਇਕ ਅਧਿਕਾਰੀ ਨੇ ਪੁਸ਼ਟੀ ਕੀਤੀ। ਇਸ ਮਗਰੋਂ ਕਈ ਕੁੜੀਆਂ ਦੇ ਅੱਖਾਂ ਵਿਚੋਂ ਹੰਝੂ ਨਿਕਲ ਆਏ। ਤਾਲਿਬਾਨ ਦੇ ਬੁਲਾਰੇ ਇਨਾਮੁੱਲਾ ਸਾਮਾਂਗਨੀ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਹਾਂ ਇਹ ਸੱਚ ਹੈ। ਤਾਲਿਬਾਨ ਦੇ ਬੁਲਾਰੇ ਨੇ ਅਜਿਹਾ ਕਰਨ ਦੇ ਪਿੱਛੇ ਕੋਈ ਕਾਰਨ ਨਹੀਂ ਦੱਸਿਆ ਜਦਕਿ ਸਿੱਖਿਆ ਮੰਤਰਾਲਾ ਦੇ ਬੁਲਾਰੇ ਅਜੀਜ਼ ਅਹਿਮਦ ਰਾਇਨ ਨੇ ਕਿਹਾ ਕਿ ਸਾਨੂੰ ਇਸ 'ਤੇ ਟਿੱਪਣੀ ਕਰਨ ਦੀ ਇਜਾਜ਼ਤ ਨਹੀਂ ਹੈ।
ਨਿਊਜ਼ ਏਜੰਸੀ ਏ.ਐੱਫ.ਪੀ. ਦੀ ਇਕ ਟੀਮ ਰਾਜਧਾਨੀ ਕਾਬੁਲ ਦੇ ਜਰਘੋਨਾ ਹਾਈ ਸਕੂਲ ਵਿਚ ਸ਼ੂਟਿੰਗ ਕਰ ਰਹੀ ਸੀ ਉਦੋਂ ਇਕ ਅਧਿਆਪਕ ਨੇ ਦੱਸਿਆ ਕਿ ਕਲਾਸ ਖ਼ਤਮ ਹੋ ਗਈ ਹੈ। ਪਿਛਲੇ ਸਾਲ ਅਫਗਾਨਿਸਤਾਨ ਦੀ ਸੱਤਾ ਵਿਚ ਤਾਲਿਬਾਨ ਦੀ ਵਾਪਸੀ ਹੋਈ ਸੀ। ਇਸ ਮਗਰੋਂ ਸਕੂਲੀ ਸਿੱਖਿਆ ਤੋਂ ਲੈ ਕੇ ਵਿਭਿੰਨ ਗਤੀਵਿਧੀਆਂ 'ਤੇ ਰੋਕ ਲਗਾ ਦਿੱਤੀ ਗਈ ਸੀ। ਕਾਬੁਲ ਦੇ ਓਮਰਾ ਖਾਨ ਗਰਲਜ਼ ਸਕੂਲ ਦੀ ਅਧਿਆਪਿਕਾ ਪਲਵਾਸ਼ਾ ਨੇ ਕਿਹਾ ਕਿ ਮੈਂ ਆਪਣੀਆਂ ਵਿਦਿਆਰਥਣਾਂ ਨੂੰ ਰੋਂਦੇ ਹੋਏ ਅਤੇ ਕਲਾਸ ਛੱਡਣ ਲਈ ਮਜਬੂਰ ਹੁੰਦੇ ਦੇਖਿਆ। ਉਹਨਾਂ ਨੇ ਅੱਗੇ ਕਿਹਾ ਕਿ ਆਪਣੀਆਂ ਵਿਦਿਆਰਥਣਾਂ ਨੂੰ ਰੋਂਦੇ ਹੋਏ ਦੇਖਣਾ ਕਾਫੀ ਦਰਦਨਾਕ ਹੈ।
ਪੜ੍ਹੋ ਇਹ ਅਹਿਮ ਖ਼ਬਰ- ਰੂਸ ਖ਼ਿਲਾਫ਼ UNSC 'ਚ ਪਾਸ ਨਹੀਂ ਹੋ ਸਕੀ ਤਜਵੀਜ਼, ਭਾਰਤ ਸਮੇਤ 13 ਦੇਸ਼ਾਂ ਨੇ ਅਪਣਾਈ ਨਿਰਪੱਖ ਨੀਤੀ
ਸੰਯੁਕਤ ਰਾਸ਼ਟਰ ਦੇ ਦੂਤ ਡੇਬੋਰਾ ਲਿਓਨ ਨੇ ਕੁੜੀਆਂ ਲਈ ਸਕੂਲਾਂ ਨੂੰ ਬੰਦ ਕੀਤੇ ਜਾਣ ਦੀ ਰਿਪੋਰਟ ਨੂੰ ਪਰੇਸ਼ਾਨ ਕਰਨ ਵਾਲ ਦਾਸਿਆ ਹੈ। ਉਹਨਾਂ ਨੇ ਟਵੀਟ ਕੀਤਾ ਕਿ ਜੇਕਰ ਇਹ ਸੱਚ ਹੈ ਤਾਂ ਸੰਭਵ ਤੌਰ 'ਤੇ ਕੀ ਕਾਰਨ ਹੋ ਸਕਦਾ ਹੈ। ਇੱਥੇ ਦੱਸ ਦਈਏ ਕਿ ਜਦੋਂ ਤਾਲਿਬਾਨ ਨੇ ਪਿਛਲੇ ਸਾਲ ਅਗਸਤ ਵਿਚ ਸੱਤਾ ਸੰਭਾਲੀ ਸੀ ਉਦੋਂ ਕੋਵਿਡ-19 ਮਹਾਮਾਰੀ ਕਾਰਨ ਸਕੂਲ ਬੰਦ ਸਨ ਪਰ ਸਿਰਫ ਮੁੰਡਿਆਂ ਅਤੇ ਛੋਟੀਆਂ ਕਲਾਸਾਂ ਦੀਆਂ ਕੁੜੀਆਂ ਨੂੰ ਦੋ ਮਹੀਨੇ ਬਾਅਦ ਕਲਾਸਾਂ ਵਿਚ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।