ਤਾਲਿਬਾਨ ਨੇ ਹਥਿਆਰ ਅਤੇ ਗੋਲਾ ਬਾਰੂਦ ਲੈ ਕੇ ਪਾਕਿਸਤਾਨ ਜਾ ਰਿਹਾ ਟਰੱਕ ਕੀਤਾ ਜ਼ਬਤ
Friday, Sep 17, 2021 - 03:05 PM (IST)
ਕਾਬੁਲ (ਏ.ਐੱਨ.ਆਈ.): ਤਾਲਿਬਾਨ ਨੇ ਪਾਕਿਸਤਾਨ ਜਾ ਰਿਹਾ ਹਥਿਆਰਾਂ ਅਤੇ ਗੋਲਾ ਬਾਰੂਦ ਨਾਲ ਲੱਦਿਆ ਇੱਕ ਟਰੱਕ ਜ਼ਬਤ ਕਰ ਲਿਆ ਹੈ।ਇਹ ਖ਼ਬਰ ਉਨ੍ਹਾਂ ਰਿਪੋਰਟਾਂ ਵਿੱਚਕਾਰ ਆਈ ਹੈ ਜਦੋਂ ਅਫਗਾਨਿਸਤਾਨ ਵਿੱਚ ਅਮਰੀਕੀ ਫ਼ੌਜਾਂ ਦੁਆਰਾ ਛੱਡੇ ਗਏ ਹਥਿਆਰਾਂ ਦੀ ਸਰਹੱਦ ਪਾਰ ਤੋਂ ਪਾਕਿਸਤਾਨ ਵਿੱਚ ਤਸਕਰੀ ਕੀਤੀ ਜਾ ਰਹੀ ਹੈ।
ਪਾਕਿਸਤਾਨੀ ਸਥਾਨਕ ਮੀਡੀਆ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਕੰਧਾਰ ਸੂਬੇ ਵਿੱਚ ਤਾਲਿਬਾਨ ਨੇ ਪਾਕਿਸਤਾਨ ਨੂੰ ਹਥਿਆਰ ਟਰਾਂਸਫਰ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾਇੱਕ ਮੀਡੀਆ ਰਿਪੋਰਟ ਮੁਤਾਬਕ, ਪਾਕਿਸਤਾਨ ਲਿਜਾਏ ਜਾ ਰਹੇ ਹਥਿਆਰ ਕੰਧਾਰ ਵਿੱਚ ਜ਼ਬਤ ਕੀਤੇ ਗਏ। ਡੇਲੀ ਔਸਾਫ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਹੇਲਮੰਦ ਸੂਬੇ ਤੋਂ ਆ ਰਹੇ ਇੱਕ ਟਰੱਕ ਨੂੰ ਕੰਧਾਰ ਦੇ ਦਮਨ ਜ਼ਿਲ੍ਹੇ ਵਿੱਚ ਰੋਕਿਆ ਗਿਆ ਅਤੇ ਤਲਾਸ਼ੀ ਦੌਰਾਨ ਵੱਡੀ ਗਿਣਤੀ ਵਿੱਚ ਹਥਿਆਰ ਬਰਾਮਦ ਕੀਤੇ ਗਏ।ਇਸ ਨੇ ਅੱਗੇ ਦੱਸਿਆ ਕਿ ਤਾਲਿਬਾਨ ਨੇ ਟਰੱਕ ਦੇ ਡੱਬਿਆਂ ਤੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ -ਹੱਥ 'ਚ ਰਾਕੇਟ ਲਾਂਚਰ ਅਤੇ ਤਾਲਿਬਾਨੀ ਪਹਿਰਾਵੇ 'ਚ ਬਾਈਡੇਨ ਦੀ 'ਤਸਵੀਰ' ਵਾਇਰਲ
ਤਾਲਿਬਾਨ ਕਮਾਂਡਰ ਮੁਤਾਬਕ ਚਮਨ ਰਾਹੀਂ ਅੱਤਵਾਦ ਲਈ ਹਥਿਆਰਾਂ ਦੀ ਪਾਕਿਸਤਾਨ ਵਿੱਚ ਤਸਕਰੀ ਕੀਤੀ ਜਾ ਰਹੀ ਸੀ। ਤਾਲਿਬਾਨ ਨੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੂੰ ਪੁੱਛਗਿੱਛ ਲਈ ਕਿਸੇ ਅਣਜਾਣ ਜਗ੍ਹਾ 'ਤੇ ਭੇਜ ਦਿੱਤਾ ਹੈ।ਕਮਾਂਡਰ ਨੇ ਦੱਸਿਆ ਕਿ ਇਹ ਕਾਰਵਾਈ ਗੁਪਤ ਸੂਚਨਾ 'ਤੇ ਕੀਤੀ ਗਈ ਅਤੇ ਡਰਾਈਵਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਦੀ ਸਰਹੱਦ ਕਿਸੇ ਵੀ ਦੇਸ਼ ਦੇ ਵਿਰੁੱਧ ਨਹੀਂ ਵਰਤੀ ਜਾਵੇਗੀ, ਇੱਕ ਵੀ ਹਥਿਆਰ ਕਿਸੇ ਵੀ ਦੇਸ਼ ਨੂੰ ਟਰਾਂਸਫਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।ਤਾਲਿਬਾਨ ਨੇ ਅਫਗਾਨਾਂ ਨੂੰ ਵਾਹਨ, ਹਥਿਆਰ, ਗੋਲਾ ਬਾਰੂਦ ਅਤੇ ਹੋਰ ਸਰਕਾਰੀ ਸੰਪਤੀ ਸਬੰਧਤ ਅਧਿਕਾਰੀਆਂ ਨੂੰ ਸੌਂਪਣ ਦੇ ਆਦੇਸ਼ ਵੀ ਦਿੱਤੇ ਹਨ।
15 ਅਗਸਤ ਨੂੰ ਕਾਬੁਲ ਤਾਲਿਬਾਨ ਦੇ ਹੱਥ ਆ ਗਿਆ ਸੀ ਅਤੇ ਉਦੋਂ ਤੋਂ ਹੀ ਦੇਸ਼ ਦੇ ਕਈ ਹਿੱਸਿਆਂ ਤੋਂ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਵੱਧਦੇ ਮਾਮਲਿਆਂ ਨਾਲ ਲੋਕ ਦਹਿਸ਼ਤ ਦੀ ਸਥਿਤੀ ਵਿੱਚ ਹਨ।ਨਿਊਜ਼ ਇੰਟਰਨੈਸ਼ਨਲ ਨੇ ਦੱਸਿਆ ਕਿ ਡੋਨਾਲਡ ਟਰੰਪ ਜੂਨੀਅਰ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਅਫਗਾਨਿਸਤਾਨ 'ਤੇ ਤਾਲਿਬਾਨੀ ਅੱਤਵਾਦੀਆਂ ਦੇ ਕਬਜ਼ੇ ਦੇ ਬਾਅਦ, ਤਾਲਿਬਾਨ ਕੋਲ 85 ਬਿਲੀਅਨ ਡਾਲਰ ਦੇ ਹਥਿਆਰ ਹਨ ਜੋ ਪੱਛਮੀ ਮਹਾਸ਼ਕਤੀ ਦੁਆਰਾ ਪਿੱਛੇ ਛੱਡ ਦਿੱਤੇ ਗਏ ਸਨ। ਅਮਰੀਕੀ ਫ਼ੌਜੀਆਂ ਨੇ ਇਹ ਸਾਰੇ ਉਪਕਰਨ ਪਿੱਛੇ ਛੱਡ ਦਿੱਤੇ ਕਿਉਂਕਿ ਉਨ੍ਹਾਂ ਨੂੰ ਦੇਸ਼ ਵਾਪਸ ਲਿਆਉਣਾ ਕੋਈ ਆਰਥਿਕ ਕੰਮ ਨਹੀਂ ਹੈ। ਜਦੋਂ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਇਹ ਵੀ ਕਿਹਾ ਸੀ ਕਿ ਤਾਲਿਬਾਨ ਸ਼ਾਇਦ ਅਮਰੀਕਾ ਨੂੰ ਹਵਾਈ ਅੱਡੇ 'ਤੇ ਅਜਿਹੀ ਸਮੱਗਰੀ ਵਾਪਸ ਨਹੀਂ ਦੇਵੇਗਾ।