ਤਾਲਿਬਾਨ ਨੇ ਆਤਮਘਾਤੀ ਹਮਲਾਵਰਾਂ ਨੂੰ ਦੱਸਿਆ 'ਹੀਰੋ', ਉਹਨਾਂ ਦੇ ਪਰਿਵਾਰਾਂ ਨੂੰ ਜ਼ਮੀਨ ਦੇਣ ਦਾ ਕੀਤਾ ਵਾਅਦਾ

10/20/2021 10:58:35 AM

ਕਾਬੁਲ (ਏ.ਐੱਨ.ਆਈ.): ਅਫਗਾਨਿਸਤਾਨ ਵਿਚ ਤਾਲਿਬਾਨ ਦਾ ਕਬਜ਼ਾ ਹੋਏ ਹਾਲੇ ਦੋ ਮਹੀਨੇ ਹੀ ਹੋਏ ਹਨ ਅਤੇ ਉਸ ਨੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਤਾਲਿਬਾਨ ਨੇ ਆਤਮਘਾਤੀ ਹਮਲਾਵਰਾਂ ਦੇ ਪਰਿਵਾਰਾਂ ਨੂੰ ਜ਼ਮੀਨ ਦੇਣ ਦਾ ਐਲਾਨ ਕੀਤਾ ਹੈ। ਇਹ ਅਸਲ ਵਿਚ ਉਹ ਆਤਮਘਾਤੀ ਹਮਲਾਵਰ ਹਨ ਜਿਹਨਾਂ ਨੇ ਅਮਰੀਕੀ ਅਤੇ ਅਫਗਾਨੀ ਸੈਨਿਕਾਂ 'ਤੇ ਹਮਲੇ ਕੀਤੇ ਸਨ। ਇੰਨਾ ਹੀ ਨਹੀਂ ਤਾਲਿਬਾਨ ਨੇ ਇਹਨਾਂ ਆਤਮਘਾਤੀ ਹਮਲਾਵਰਾਂ ਨੂੰ ਇਸਲਾਮ ਅਤੇ ਆਪਣੇ ਦੇਸ਼ ਲਈ 'ਹੀਰੋ 'ਵੀ ਦੱਸਿਆ ਹੈ।

ਤਾਲਿਬਾਨ ਦੇ ਅੰਦਰੂਨੀ ਮੰਤਰਾਲੇ ਦੇ ਬੁਲਾਰੇ ਸਈਦ ਖੋਸਤੀ ਨੇ ਟਵੀਟ ਕਰ ਕੇ ਦੱਸਿਆ ਕਿ ਕਾਰਜਕਾਰੀ ਅੰਦਰੂਨੀ ਮੰਤਰੀ ਸਿਰਾਜੁਦੀਨ ਹੱਕਾਨੀ ਨੇ ਦਰਜਨਾਂ ਆਤਮਘਾਤੀ ਹਮਲਾਵਰਾਂ ਦੇ ਪਰਿਵਾਰਾਂ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਖੋਸਤੀ ਨੇ ਟਵੀਟ ਕਰ ਕੇ ਦੱਸਿਆ ਕਿ ਹੱਕਾਨੀ ਨੇ ਆਤਮਘਾਤੀ ਹਮਲਿਆਂ ਵਿਚ ਮਾਰੇ ਗਏ ਲੜਾਕਿਆਂ ਨੂੰ 'ਸ਼ਹੀਦ ਅਤੇ ਫਿਦਾਈਨ' ਦੱਸਦਿਆਂ ਉਹਨਾਂ ਦੀ ਤਾਰੀਫ਼ ਕੀਤੀ ਹੈ।ਹੱਕਾਨੀ ਨੇ ਆਤਮਘਾਤੀ ਹਮਲਾਵਰਾਂ ਨੂੰ 'ਇਸਲਾਮ' ਅਤੇ ਦੇਸ਼ ਲਈ ਹੀਰੋ' ਵੀ ਦੱਸਿਆ। ਸੋਮਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਹੱਕਾਨੀ ਨੇ ਹਮਲਾਵਰਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ 10 ਹਜ਼ਾਰ ਅਫਗਾਨੀ (112 ਡਾਲਰ) ਦਿੱਤੇ ਅਤੇ ਜ਼ਮੀਨ ਦੇਣ ਦਾ ਵਾਅਦਾ ਵੀ ਕੀਤਾ। ਖੋਸਤੀ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿਸ ਵਿਚ ਹੱਕਾਨੀ ਪਰਿਵਾਰਾਂ ਨਾਲ ਮਿਲਦੇ ਦੇਖੇ ਜਾ ਸਕਦੇ ਹਨ।

PunjabKesari

ਪੜ੍ਹੋ ਇਹ ਅਹਿਮ ਖਬਰ - ਰੂਲ ਆਫ ਲਾਅ ਇੰਡੈਕਸ 2021 'ਚ ਪਾਕਿਸਤਾਨ 139 ਦੇਸ਼ਾਂ 'ਚੋਂ 130ਵੇਂ ਸਥਾਨ 'ਤੇ 

ਉੱਥੇ ਇਸ ਮਾਮਲੇ 'ਤੇ ਅਫਗਾਨਿਸਾਤਨ ਦੀ ਨੈਸ਼ਨਲ ਰੈਜਿਸਟੇਂਸ ਫਰੰਟ ਦੇ ਵਿਦੇਸ਼ ਸੰਬੰਧਾਂ ਦੇ ਪ੍ਰਮੁੱਖ ਅਲੀ ਮੈਸਮ ਨਜ਼ਾਰੀ ਨੇ ਟਵੀਟ ਕਰਕੇ ਕਿਹਾ ਕਿ ਸਿਰਾਜ ਹੱਕਾਨੀ ਨੇ ਆਤਮਘਾਤੀ ਹਮਲਾਵਰਾਂ ਦੀ ਤਾਰੀਫ਼ ਕੀਤੀ, ਜਿਹਨਾਂ ਨੇ ਪਿਛਲੇ 20 ਸਾਲਾਂ ਵਿਚ ਹਜ਼ਾਰਾਂ ਅਫਗਾਨ ਨਾਗਰਿਕਾਂ ਦੀ ਜਾਨ ਲਈ। ਇਸ ਦੇ ਬਾਅਦ ਹੋਰ ਕੀ ਸਬੂਤ ਚਾਹੀਦਾ ਹੈ ਕਿ ਤਾਲਿਬਾਨ ਇਕ ਅੱਤਵਾਦੀ ਸੰਗਠਨ ਹੈ ਜੋ ਇਕ ਅਜਿਹੀ ਸਰਕਾਰ ਬਣਾਉਣ ਵਿਚ ਅਸਮਰੱਥ ਹੈ ਜੋ ਅਫਗਾਨ ਨਾਗਰਿਕਾਂ ਦੀ ਨੁਮਾਇੰਦਗੀ ਕਰ ਸਕੇ। ਇਕ ਪਾਸੇ ਤਾਲਿਬਾਨ ਜ਼ਿੰਮੇਵਾਰ ਸਰਕਾਰ ਬਣਾਉਣ ਦਾ ਵਾਅਦਾ ਕਰਦਾ ਹੈ ਅਤੇ ਦੂਜੇ ਪਾਸੇ ਉਸ ਦੇ ਮੰਤਰੀ ਆਤਮਘਾਤੀ ਹਮਲਾਵਰਾਂ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ। ਗੌਰਤਲਬ ਹੈ ਕਿ ਤਾਲਿਬਾਨ ਆਤਮਘਾਤੀ ਹਮਲਾਵਰਾਂ ਦੀ ਵਰਤੋਂ ਅਮਰੀਕੀ ਅਤੇ ਅਫਗਾਨੀ ਸੈਨਿਕਾਂ ਦੇ ਖਾਤਮੇ ਲਈ ਕਰਦਾ ਰਿਹਾ ਹੈ।

ਨੋਟ-  ਆਤਮਘਾਤੀ ਹਮਲਾਵਰਾਂ ਨੂੰ ਤਾਲਿਬਾਨ ਦੇ ਰਿਹਾ ਸਮਰਥਨ, ਇਸ 'ਤੇ ਕੁਮੈਂਟ ਕਰ ਦਿਓ ਆਪਣੀ ਰਾਏ।
 


Vandana

Content Editor

Related News