ਕਬਜ਼ੇ ਵਾਲੇ ਇਲਾਕਿਆਂ ’ਚ ਤਾਲਿਬਾਨੀ ਰਾਜ ਸ਼ੁਰੂ, ਕੁੜੀਆਂ ਨੂੰ ਅਗਵਾ ਕਰ ਕੇ ਲੜਾਕਿਆਂ ਨਾਲ ਕਰਵਾ ਰਹੇ ਜ਼ਬਰੀ ਵਿਆਹ
Monday, Aug 09, 2021 - 09:36 AM (IST)
 
            
            ਕਾਬੁਲ : ਜੰਗ ਪ੍ਰਭਾਵਿਤ ਅਫਗਾਨਿਸਤਾਨ ਦੇ ਕਈ ਇਲਾਕਿਆਂ ’ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਆਪਣਾ ਰਾਜ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਇਲਾਕਿਆਂ ਵਿਚ ਕੁੜੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਲੜਾਕਿਆਂ ਨਾਲ ਜ਼ਬਰੀ ਵਿਆਹ ਕਰਵਾਇਆ ਜਾ ਰਿਹਾ ਹੈ। ਇਕ ਰਿਪੋਰਟ ਅਨੁਸਾਰ ਜਦੋਂ ਕੱਟੜਪੰਥੀ ਕਿਸੇ ਨਵੇਂ ਸ਼ਹਿਰ ਜਾਂ ਜ਼ਿਲੇ ’ਤੇ ਕਬਜ਼ਾ ਕਰਦੇ ਹਨ ਤਾਂ ਉਹ ਸਥਾਨਕ ਮਸਜਿਦਾਂ ਤੋਂ ਐਲਾਨ ਕਰਵਾ ਕੇ ਸਰਕਾਰੀ ਅਧਿਕਾਰੀਆਂ ਅਤੇ ਪੁਲਸ ਕਰਮਚਾਰੀਆਂ ਦੀਆਂ ਪਤਨੀਆਂ ਤੇ ਵਿਧਵਾਵਾਂ ਦੇ ਨਾਂ ਦੀ ਸੂਚੀ ਲੋਕਾਂ ਤੋਂ ਮੰਗਦੇ ਹਨ। ਸਮੂਹ ਨੇ ਸੈਂਕੜੇ ਕੁੜੀਆਂ ਨੂੰ ਉਨ੍ਹਾਂ ਦਾ ਅੱਤਵਾਦੀਆਂ ਨਾਲ ਵਿਆਹ ਕਰਵਾਉਣ ਲਈ ‘ਜੰਗ ਲੁੱਟ’ ਦੇ ਰੂਪ ਵਿਚ ਇਲਾਕਿਆਂ ਵਿਚੋਂ ਚੁੱਕ ਲਿਆ ਹੈ। ਅਜਿਹੀ ਹਾਲਤ ’ਚ ਤਾਲਿਬਾਨ ਦੇ ਅੱਗੇ ਵਧਣ ਦੇ ਡਰੋਂ ਪਰਿਵਾਰ ਆਪਣੀਆਂ ਔਰਤਾਂ ਤੇ ਕੁੜੀਆਂ ਨੂੰ ਅਫਗਾਨਿਤਾਨ ਦੀ ਰਾਜਧਾਨੀ ਕਾਬੁਲ ਸਮੇਤ ਹੋਰ ਸੁਰੱਖਿਅਤ ਥਾਵਾਂ ’ਤੇ ਭੇਜ ਰਹੇ ਹਨ।
ਤਖਰ ਤੇ ਬਦਸ਼ਖਾਂ ਨਾਂ ਦੇ 2 ਉੱਤਰੀ ਅਫਗਾਨ ਇਲਾਕਿਆਂ ਵਿਚ ਔਰਤਾਂ ਦਾ ਜ਼ਬਰੀ ਵਿਆਹ ਕਰਨ ਦੀਆਂ ਸਥਾਨਕ ਰਿਪੋਰਟਾਂ ਮਿਲੀਆਂ ਹਨ, ਜਦੋਂਕਿ ਇਸੇ ਤਰ੍ਹਾਂ ਦੀ ਇਕ ਕੋਸ਼ਿਸ਼ ਬਾਮਿਆਨ ਸੂਬੇ ਵਿਚ ਕੀਤੀ ਗਈ ਸੀ, ਜਿੱਥੇ ਬਾਗੀ ਸਮੂਹ ਨੂੰ 4 ਦਿਨਾਂ ਬਾਅਦ ਅਫਗਾਨ ਸੁਰੱਖਿਆ ਫੋਰਸਾਂ ਵਲੋਂ ਖਦੇੜ ਦਿੱਤਾ ਗਿਆ ਸੀ। ਕੱਟੜਪੰਥੀ ਸੰਗਠਨ ਆਪਣੇ ਕਬਜ਼ੇ ਵਾਲੇ ਸ਼ਹਿਰਾਂ ਵਿਚ ਕੁੜੀਆਂ ਦੇ ਸਕੂਲਾਂ ਨੂੰ ਬੰਦ ਕਰਵਾ ਰਿਹਾ ਹੈ। ਅਫਗਾਨਿਸਤਾਨ ਦੀ ਅਮਰੀਕੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਉਮਰ ਸਦਰ ਨੇ ਕਿਹਾ ਕਿ ਇਕ ਵਾਰ ਜਿਹਾਦੀਆਂ ਨੇ ਜਿਸ ਇਲਾਕੇ ’ਤੇ ਕਬਜ਼ਾ ਕਰ ਲਿਆ, ਉੱਥੋਂ ਦੀ ਜਾਇਦਾਦ, ਜਿਸ ਵਿਚ ਔਰਤਾਂ ਵੀ ਸ਼ਾਮਲ ਹਨ, ’ਤੇ ਉਹ ਆਪਣਾ ਹੱਕ ਸਮਝਦੇ ਹਨ। ਉਨ੍ਹਾਂ ਨੂੰ ਉਨ੍ਹਾਂ ਔਰਤਾਂ ਨਾਲ ਵਿਆਹ ਕਰਵਾਉਣ ਦੀ ਵੀ ਲੋੜ ਨਹੀਂ। ਇਹ ਸੈਕਸ ਗੁਲਾਮੀ ਦਾ ਇਕ ਰੂਪ ਹੈ।
ਤੰਗ ਕੱਪੜੇ ਪਹਿਨਣ ’ਤੇ ਤਾਲਿਬਾਨ ਨੇ ਕੁੜੀ ਦੀ ਹੱਤਿਆ ਕੀਤੀ
ਅਫਗਾਨਿਸਤਾਨ ਦੇ ਉੱਤਰੀ ਸੂਬੇ ਬਲਖ ਤੋਂ ਆਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤਾਲਿਬਾਨ ਨੇ ਤੰਗ ਕੱਪੜੇ ਪਹਿਨਣ ਅਤੇ ਇਕ ਮਰਦ ਰਿਸ਼ਤੇਦਾਰ ਦੇ ਉਸ ਦੇ ਨਾਲ ਨਾ ਹੋਣ ਕਾਰਨ ਇਕ ਕੁੜੀ ਦੀ ਹੱਤਿਆ ਕਰ ਦਿੱਤੀ। ਕਿਹਾ ਗਿਆ ਹੈ ਕਿ ਸਮਰ ਕੰਦੀਆਂ ਪਿੰਡ ਜੋ ਅੱਤਵਾਦੀ ਸਮੂਹ ਦੇ ਕੰਟਰੋਲ ’ਚ ਹੈ, ਵਿਚ ਤਾਲਿਬਾਨੀ ਕੱਟੜਪੰਥੀਆਂ ਨੇ ਕੁੜੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਤਾਲਿਬਾਨ ਦੇ ਬੁਲਾਰੇ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਸਮੂਹ ਹਮਲੇ ਦੀ ਜਾਂਚ ਕਰ ਰਿਹਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            