ਤਾਲਿਬਾਨ ਔਰਤਾਂ ਦੀ ਸਿੱਖਿਆ ਅਤੇ ਨੌਕਰੀਆਂ ਲਈ ਸਿਧਾਂਤਕ ਤੌਰ ''ਤੇ ਵਚਨਬੱਧ : ਮੁਤਾਕੀ
Monday, Dec 13, 2021 - 03:34 PM (IST)
ਕਾਬੁਲ (ਭਾਸ਼ਾ)- ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਅਫਗਾਨਿਸਤਾਨ ਦਾ ਨਵਾਂ ਸ਼ਾਸਕ ਤਾਲਿਬਾਨ, ਔਰਤਾਂ ਅਤੇ ਕੁੜੀਆਂ ਦੀ ਸਿੱਖਿਆ ਅਤੇ ਨੌਕਰੀਆਂ ਲਈ ਸਿਧਾਂਤਕ ਤੌਰ 'ਤੇ ਵਚਨਬੱਧ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਦੁਨੀਆ ਨੂੰ ਅਪੀਲ ਕੀਤੀ ਕਿ ਉਹ ਲੋੜ ਦੀ ਇਸ ਘੜੀ ਵਿੱਚ ਦੇਸ਼ ਦੇ ਕਰੋੜਾਂ ਲੋਕਾਂ ਦੀ ਮਦਦ ਕਰਨ ਲਈ "ਦਇਆ ਅਤੇ ਹਮਦਰਦੀ" ਦਿਖਾਉਣ।
ਮੁਤਾਕੀ ਨੇ ਐਸੋਸੀਏਟਿਡ ਪ੍ਰੈਸ (ਏ.ਪੀ.) ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਤਾਲਿਬਾਨ ਸਰਕਾਰ ਸਾਰੇ ਦੇਸ਼ਾਂ ਨਾਲ ਚੰਗੇ ਸਬੰਧ ਚਾਹੁੰਦੀ ਹੈ ਅਤੇ ਉਸ ਨੂੰ ਅਮਰੀਕਾ ਤੋਂ ਕੋਈ ਸਮੱਸਿਆ ਨਹੀਂ ਹੈ। ਉਸ ਨੇ ਅਮਰੀਕਾ ਅਤੇ ਹੋਰ ਦੇਸ਼ਾਂ ਨੂੰ 10 ਅਰਬ ਡਾਲਰ ਦੀ ਉਹ ਰਾਸ਼ੀ ਜਾਰੀ ਕਰਨ ਦੀ ਅਪੀਲ ਕੀਤੀ, ਜਿਸ 'ਤੇ 15 ਅਗਸਤ ਨੂੰ ਤਾਲਿਬਾਨ ਦੁਆਰਾ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਦੇ ਬਾਅਦ ਦੇਸ਼ ਵਿਚ ਤੇਜ਼ੀ ਨਾਲ ਮਿਲਟਰੀ ਹਮਲੇ ਵਧਣ ਅਤੇ ਅਮਰੀਕਾ ਸਮਰਥਿਤ ਰਾਸ਼ਟਰਪਤੀ ਅਸ਼ਰਫ ਗਨੀ ਦੇ ਅਚਾਨਕ ਗੁਪਤ ਢੰਗ ਨਾਲ ਦੇਸ਼ ਛੱਡਣ ਤੋਂ ਬਾਅਦ ਪਾਬੰਦੀ ਲਗਾਈ ਗਈ ਸੀ।
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵਿਚਕਾਰ ਸਥਿਤ ਪੀਲੀਆਂ-ਇੱਟਾਂ ਨਾਲ ਬਣੇ ਵਿਦੇਸ਼ ਮੰਤਰਾਲੇ ਦੀ ਇਮਾਰਤ ਵਿਚ ਆਪਣੀ ਸਥਾਨਕ ਭਾਸ਼ਾ ਪਸ਼ਤੋ ਵਿਚ ਗੱਲ ਕਰਦੇ ਹੋਏ ਮੁਤਾਕੀ ਨੇ ਕਿਹਾ ਕਿ ਅਫਗਾਨਿਸਤਾਨ ਨੂੰ ਅਸਥਿਰ ਕਰਨਾ ਅਤੇ ਅਫਗਾਨਿਸਤਾਨ ਦੀ ਸਰਕਾਰ ਨੂੰ ਕਮਜ਼ੋਰ ਕਰਨਾ ਕਿਸੇ ਦੇ ਵੀ ਹੱਕ ਵਿਚ ਨਹੀਂ ਹੈ। ਮੁਤਾਕੀ ਨੇ ਤਾਲਿਬਾਨ ਦੁਆਰਾ ਕੁੜੀਆਂ ਦੀ ਸਿੱਖਿਆ ਅਤੇ ਔਰਤਾਂ 'ਤੇ ਲਗਾਈਆਂ ਗਈਆਂ ਪਾਬੰਦੀਆਂ 'ਤੇ ਦੁਨੀਆ ਦੇ ਗੁੱਸੇ ਨੂੰ ਸਵੀਕਾਰ ਕੀਤਾ। ਅਫਗਾਨਿਸਤਾਨ ਦੇ ਕਈ ਹਿੱਸਿਆਂ ਵਿੱਚ, ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸੱਤਵੀਂ ਤੋਂ 12ਵੀਂ ਜਮਾਤ ਦੀਆਂ ਹਾਈ ਸਕੂਲ ਦੀਆਂ ਕੁੜੀਆਂ ਨੂੰ ਸਕੂਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ, ਅਤੇ ਕਈ ਮਹਿਲਾ ਸਿਵਲ ਕਰਮਚਾਰੀਆਂ ਨੂੰ ਵੀ ਘਰ ਵਿੱਚ ਰਹਿਣ ਦਾ ਆਦੇਸ਼ ਦਿੱਤਾ ਗਿਆ ਹੈ। ਤਾਲਿਬਾਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸਲਾਮ ਦੀ ਗੰਭੀਰ ਵਿਆਖਿਆ ਮੁਤਾਬਕ ਸਕੂਲਾਂ ਅਤੇ ਕਾਰਜ ਸਥਾਨਾਂ ਵਿੱਚ ਮਰਦਾਂ ਅਤੇ ਔਰਤਾਂ ਲਈ ਵੱਖਰੇ ਪ੍ਰਬੰਧ ਕਰਨ ਲਈ ਸਮੇਂ ਦੀ ਲੋੜ ਹੈ।
ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਦੀ ਬੇਰਹਿਮੀ, 20 ਸਾਲਾ ਮੁੰਡੇ ਨੂੰ ਮਾਰੀ ਗੋਲੀ
1996 ਤੋਂ 2001 ਤੱਕ ਤਾਲਿਬਾਨ ਦੇ ਪਹਿਲੇ ਰਾਜ ਦੌਰਾਨ, ਇਸ ਨੇ ਕੁੜੀਆਂ ਅਤੇ ਔਰਤਾਂ ਦੇ ਸਕੂਲ ਜਾਣ, ਨੌਕਰੀਆਂ, ਉਨ੍ਹਾਂ ਦੇ ਮਨੋਰੰਜਨ ਅਤੇ ਖੇਡਾਂ ਦੇ ਸਥਾਨਾਂ ਆਦਿ 'ਤੇ ਪਾਬੰਦੀ ਲਗਾ ਕੇ ਅਤੇ ਖੇਡ ਦੇ ਮੈਦਾਨਾਂ ਵਿੱਚ ਭੀੜ ਦੇ ਵਿਚਕਾਰ ਮੌਤ ਦੀ ਸਜ਼ਾ ਦੇ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ। ਮੁਤਾਕੀ ਨੇ ਹਾਲਾਂਕਿ ਕਿਹਾ ਕਿ ਤਾਲਿਬਾਨ ਬਦਲ ਗਿਆ ਹੈ। ਅਸੀਂ ਦੇਸ਼ ਅਤੇ ਦੁਨੀਆ ਨਾਲ ਗੱਲਬਾਤ ਕਰਕੇ ਪ੍ਰਸ਼ਾਸਨਿਕ ਅਤੇ ਰਾਜਨੀਤਕ ਤੌਰ 'ਤੇ ਤਰੱਕੀ ਕੀਤੀ ਹੈ। ਹਰ ਗੁਜ਼ਰਦੇ ਦਿਨ ਨਾਲ ਅਸੀਂ ਹੋਰ ਤਜਰਬਾ ਹਾਸਲ ਕਰਾਂਗੇ ਅਤੇ ਹੋਰ ਤਰੱਕੀ ਕਰਾਂਗੇ। ਮੁਤਾਕੀ ਨੇ ਕਿਹਾ ਕਿ ਤਾਲਿਬਾਨ ਦੇ ਨਵੇਂ ਸ਼ਾਸਨ ਦੇ ਤਹਿਤ, ਦੇਸ਼ ਦੇ 34 ਸੂਬਿਆਂ ਵਿੱਚੋਂ 10 ਵਿੱਚ 12ਵੀਂ ਜਮਾਤ ਦੀਆਂ ਕੁੜੀਆਂ ਬਿਨਾਂ ਕਿਸੇ ਰੁਕਾਵਟ ਦੇ ਸਰਕਾਰੀ, ਪ੍ਰਾਈਵੇਟ ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਜਾ ਰਹੀਆਂ ਹਨ।
ਪੜ੍ਹੋ ਇਹ ਅਹਿਮ ਖਬਰ- ਸ਼੍ਰੀਲੰਕਾ 'ਚ ਮਿਲਿਆ ਦੁਨੀਆ ਦਾ ਸਭ ਤੋਂ ਵੱਡਾ 'ਨੀਲਮ'
ਸਿਹਤ ਖੇਤਰ ਵਿੱਚ ਪਹਿਲਾਂ ਕੰਮ ਕਰ ਚੁੱਕੀਆਂ ਸਾਰੀਆਂ ਔਰਤਾਂ ਵੀ ਕੰਮ 'ਤੇ ਪਰਤ ਆਈਆਂ ਹਨ। ਉਹਨਾਂ ਨੇ ਕਿਹਾ ਕਿ ਇਹ ਔਰਤਾਂ ਦੀ ਭਾਗੀਦਾਰੀ ਦੇ ਸਿਧਾਂਤ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਵਿਦੇਸ਼ ਮੰਤਰੀ ਨੇ ਦਾਅਵਾ ਕੀਤਾ ਕਿ ਤਾਲਿਬਾਨ ਨੇ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਹੈ ਸਗੋਂ ਇਕ ਆਮ ਮੁਆਫ਼ੀ ਦੀ ਘੋਸ਼ਣਾ ਕੀਤੀ ਅਤੇ ਕੁਝ ਸੁਰੱਖਿਆ ਵੀ ਪ੍ਰਦਾਨ ਕੀਤੀ। ਸਾਬਕਾ ਸਰਕਾਰ ਦੇ ਆਗੂ ਬਿਨਾਂ ਕਿਸੇ ਡਰ ਦੇ ਕਾਬੁਲ ਵਿੱਚ ਰਹਿ ਰਹੇ ਹਨ, ਹਾਲਾਂਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਦੇਸ਼ ਛੱਡ ਚੁੱਕੇ ਹਨ।