ਤਾਲਿਬਾਨ ਨੇ ਅਲਕਾਇਦਾ ਨਾਲ ਰਿਸ਼ਤਾ ਖਤਮ ਨਹੀਂ ਕੀਤਾ : ਅਫਗਾਨ ਫੌਜ ਮੁਖੀ

10/29/2020 9:14:57 AM

ਕਾਬੁਲ- ਅਫਗਾਨਿਸਤਾਨ ’ਚ ਸੀਨੀਅਰ ਅਲਕਾਇਦਾ ਨੇਤਾ ਹੁਸਮ ਅਬਦੁੱਲ ਰੌਫ ਉਰਫ ਅੱਬੂ ਮੋਹਸਿਨ ਅਲ-ਮਿਸਰੀ ਦੀ ਮੌਤ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਅਫਗਾਨ ਫੌਜ ਮੁਖੀ ਯਾਸੀਨ ਜਿਯਾ ਨੇ ਕਿਹਾ ਕਿ ਅਜੇ ਤੱਕ ਤਾਲਿਬਾਨ ਨੇ ਅਲਕਾਇਦਾ ਨਾਲ ਰਿਸ਼ਤਾ ਖਤਮ ਨਹੀਂ ਕੀਤਾ ਹੈ। ਉਸ ਦੇ ਅਜੇ ਵੀ ਅੱਤਵਾਦੀ ਸੰਗਠਨਾਂ ਅਤੇ ਪਾਕਿਸਤਾਨੀਆਂ ਨਾਲ ਰਿਸ਼ਤੇ ਬਰਕਰਾਰ ਹਨ। ਇਹ ਲੋਕ ਹੇਲਮੰਡ ’ਚ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੇ ਹਨ।

ਲਾਂਗ ਵਾਰ ਰਸਾਲੇ ’ਚ ਛਪੇ ਇਕ ਵਿਸ਼ਲੇਸ਼ਣ ਮੁਤਾਬਕ ਅਮਰੀਕਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਲ-ਮਿਸਰੀ ਅਕਤੂਬਰ ਮਹੀਨੇ ’ਚ ਮਾਰਿਆ ਜਾ ਚੁੱਕਾ ਹੈ। ਤਾਲਿਬਾਨ ਨੇ ਅਮਰੀਕਾ ਨਾਲ ਦਸਤਖ਼ਤ ਕੀਤੇ ਗਏ ਸਮਝੌਤੇ ’ਚ ਇਹ ਵਾਅਦਾ ਕੀਤਾ ਸੀ ਕਿ ਉਹ ਕਿਸੇ ਵੀ ਅੱਤਵਾਦੀ ਸੰਗਠਨ ਨਾਲ ਰਿਸ਼ਤਾ ਨਹੀਂ ਰੱਖੇਗਾ।

ਅਲ-ਮਿਸਰੀ 1980 ਤੋਂ ਅਲਕਾਇਦਾ ਨਾਲ ਜੁੜਿਆ ਹੈ ਅਤੇ ਉਹ ਅਯਮਨ ਅਲ-ਜਵਾਹਿਰੀ ਦਾ ਵਿਸ਼ਵਾਸਪਾਤਰ ਸੀ। ਰਾਸ਼ਟਰਪਤੀ ਅਸ਼ਰਫ ਗਨੀ ਨੇ ਕਿਹਾ ਕਿ ਇਸਲਾਮਕ ਰਿਪਬਲਿਕ ਆਫ ਅਫਗਾਨਿਸਤਾਨ ਅੱਤਵਾਦ ਨਾਲ ਲੜਨ ਲਈ ਵਚਨਬੱਧ ਹੈ ਅਤੇ ਉਹ ਦੇਸ਼ ਨੂੰ ਫਿਰ ਤੋਂ ਅੱਤਵਾਦੀਆਂ ਲਈ ਸੁਰੱਖਿਅਤ ਪਨਾਹ ਨਹੀਂ ਬਣਨ ਦੇਣਗੇ। ਵਿਦੇਸ਼ੀ ਤਾਕਤਾਂ ਨਾਲ ਸਾਡੀ ਸੰਯੁਕਤ ਮੁਹਿੰਮ ਸਾਨੂੰ ਅੱਤਵਾਦੀਆਂ ਤੋਂ ਛੁਟਕਾਰਾ ਦਿਵਾਉਣ ’ਚ ਮਦਦ ਕਰੇਗੀ। ਸਾਡੇ ਸੁਰੱਖਿਆ ਜਵਾਨ ਲੱਖਾਂ ਲੋਕਾਂ ਨੂੰ ਹਿਜ਼ਰਤ ਤੋਂ ਬਚਾਉਣਗੇ।


Lalita Mam

Content Editor Lalita Mam