ਤਾਲਿਬਾਨ ਦੀ ਬੇਰਹਿਮੀ ਨਾਲ ਬੀਬੀਆਂ ਬੁਰੀ ਤਰ੍ਹਾਂ ਪ੍ਰਭਾਵਿਤ : ਰਿਪੋਰਟ
Monday, Aug 09, 2021 - 12:00 PM (IST)
ਕਾਬੁਲ (ਬਿਊਰੋ) - ਪਿਛਲੇ ਕੁਝ ਦਿਨਾਂ ਵਿਚ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਵਾਲੇ ਇਲਾਕਿਆਂ ਵਿਚ ਭਿਆਨਕ ਹਿੰਸਾ ਹੋਈ ਹੈ। ਤਾਲਿਬਾਨ ਦੇ ਅੱਤਵਾਦੀ ਨਾਗਰਿਕਾਂ ਅਤੇ ਡਿਊਟੀ 'ਤੇ ਤੈਨਾਤ ਸੁਰੱਖਿਆ ਕਰਮਚਾਰੀਆਂ ਦੀ ਹੱਤਿਆ ਦੇ ਨਾਲ-ਨਾਲ ਘਰਾਂ 'ਤੇ ਬੰਬਾਰੀ ਕਰ ਰਹੇ ਹਨ, ਇੰਨ੍ਹਾਂ ਹੀ ਨਹੀਂ ਸਗੋ ਕਈ ਥਾਵਾਂ ਤੋਂ ਬੀਬੀਆਂ 'ਤੇ ਹਮਲਿਆਂ ਦੀਆਂ ਖਬਰਾਂ ਵੀ ਆਈਆਂ ਹਨ। ਤਾਲਿਬਾਨ ਨਵੇਂ ਇਲਾਕਿਆਂ 'ਤੇ ਕਬਜ਼ਾ ਕਰਨ ਦੇ ਨਾਲ-ਨਾਲ ਸ਼ਰੀਆ ਕਾਨੂੰਨ ਦੇ ਤਹਿਤ ਕਠੋਰ ਅਤੇ ਦਮਨਕਾਰੀ ਨਿਯਮਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਕਿ ਛੋਟੇ ਤੋਂ ਛੋਟੇ ਅਪਰਾਧਾਂ ਜਾਂ ਉਲੰਘਣਾਵਾਂ ਲਈ ਮੌਤ ਦੀ ਸਜ਼ਾ ਵੀ ਦਿੰਦੇ ਹਨ। ਤਾਲਿਬਾਨ ਦੁਆਰਾ ਜਾਰੀ ਕੀਤੇ ਗਏ ਇੱਕ ਫਤਵੇ ਵਿਚ ਬੀਬੀਆਂ ਨੂੰ ਮਰਦ ਸਾਥੀਆਂ ਤੋਂ ਬਿਨਾਂ ਘਰ ਤੋਂ ਬਾਹਰ ਜਾਣ ਦੀ ਮਨਾਹੀ ਹੈ, ਜਦੋਂ ਕਿ ਮਰਦਾਂ ਨੂੰ ਦਾੜ੍ਹੀ ਵਧਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਇਕ ਸਮਾਜਿਕ ਕਾਰਕੁਨ ਮੇਰਾਜੁਦੀਨ ਸ਼ਰੀਫੀ ਨੇ ਕਿਹਾ ਕਿ ਬੀਬੀਆਂ 'ਤੇ ਹੋਰ ਵਧੇਰੇ ਪਾਬੰਦੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਨੂੰ ਟੈਕਸੀ ਦੀ ਸਵਾਰੀ ਕਰਨ ਦੀ ਮਨਾਹੀ ਹੈ ਅਤੇ ਹਮੇਸ਼ਾ ਬੁਰਕਾ ਪਹਿਨਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਤਾਲਿਬਾਨ ਨੇ ਸੰਗੀਤ ਜਾਂ ਕਿਸੇ ਵੀ ਆਡੀਓ-ਵਿਜ਼ੁਅਲ ਮਨੋਰੰਜਨ ਦੇ ਉਤਪਾਦਨ ਅਤੇ ਵੰਡ 'ਤੇ ਪਾਬੰਦੀ ਲਗਾ ਦਿੱਤੀ ਹੈ। ਫੇਡੇਰਿਕੋ ਜਿਉਲਿਆਨੀ ਨੇ ਇੱਕ ਇਤਾਲਵੀ ਅਖਬਾਰ ਇਨਸਾਈਡਓਵਰ ਵਿਚ ਲਿਖਿਆ ਕਿ ਤਾਲਿਬਾਨ ਦੀ ਬੇਰਹਿਮੀ ਨਾਲ ਬੀਬੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਉਨ੍ਹਾਂ ਨੂੰ ਜਨਤਕ ਤੌਰ 'ਤੇ ਕੁੱਟਿਆ ਜਾ ਰਿਹਾ ਹੈ ਅਤੇ ਇੱਥੋਂ ਤੱਕ ਕਿ ਕਤਲ ਵੀ ਕੀਤਾ ਜਾ ਰਿਹਾ ਹੈ। ਮਾਸੂਮ ਅਫਗਾਨ ਬੀਬੀਆਂ ਨੂੰ 'ਜਿਹਾਦ ਅਲ-ਨਿਕਾਹ' ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਵਿਚ ਬੀਬੀਆਂ ਅਤੇ ਲੜਕੀਆਂ ਨੂੰ ਜ਼ਬਰਦਸਤੀ ਅੱਤਵਾਦੀਆਂ ਕੋਲ ਭੇਜਿਆ ਜਾਂਦਾ ਹੈ।
ਤਾਲਿਬਾਨ ਵੱਲੋਂ ਨਾਗਰਿਕਾਂ 'ਤੇ ਕੀਤੇ ਗਏ ਹਮਲਿਆਂ ਵਿਚ ਬੱਚਿਆਂ ਸਮੇਤ ਸੈਂਕੜੇ ਨਿਰਦੋਸ਼ ਲੋਕ ਮਾਰੇ ਗਏ ਹਨ। ਇਨਸਾਈਡਓਵਰ ਦੀ ਰਿਪੋਰਟ ਅਨੁਸਾਰ ਪਿਛਲੇ ਤਿੰਨ ਮਹੀਨਿਆਂ ਵਿਚ 9 ਲੱਖ ਤੋਂ ਵੱਧ ਲੋਕਾਂ ਦੇ ਬੇਘਰ ਹੋਣ ਦੀ ਖ਼ਬਰ ਹੈ। ਅਫਗਾਨਿਸਤਾਨ ਦੇ ਸੁਤੰਤਰ ਮਨੁੱਖੀ ਅਧਿਕਾਰ ਕਮਿਸ਼ਨ (ਏ. ਆਈ. ਐੱਚ. ਆਰ. ਸੀ) ਨੇ ਰਿਪੋਰਟ ਦਿੱਤੀ ਹੈ ਕਿ 2021 ਦੇ ਪਹਿਲੇ ਛੇ ਮਹੀਨਿਆਂ ਵਿਚ 2,957 ਨਾਗਰਿਕਾਂ ਦੀ ਮੌਤ ਹੋਈ ਹੈ। ਇਨ੍ਹਾਂ ਨਾਗਰਿਕਾਂ ਦੀ ਮੌਤ ਦੇ 48.5 ਫੀਸਦੀ ਲਈ ਤਾਲਿਬਾਨ ਜ਼ਿੰਮੇਵਾਰ ਸੀ।
ਬ੍ਰਿਟੇਨ ਅਤੇ ਅਮਰੀਕਾ ਨੇ ਤਾਲਿਬਾਨ 'ਤੇ ਦੱਖਣੀ ਅਫਗਾਨਿਸਤਾਨ ਦੇ ਸਪਿਨ ਬੋਲਦਾਕ ਵਿਚ ਨਾਗਰਿਕਾਂ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਹੈ। ਅੰਦਰੂਨੀ ਰਿਪੋਰਟਾਂ ਹਨ ਕਿ ਤਾਲਿਬਾਨ ਨੇ 900 ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢਿਆ ਅਤੇ ਗੋਲੀ ਮਾਰ ਕੇ ਉਨ੍ਹਾਂ ਨੂੰ ਮਾਰ ਦਿੱਤਾ। ਅਮਰੀਕਾ ਅਤੇ ਬ੍ਰਿਟੇਨ ਦੇ ਦੂਤਾਵਾਸਾਂ ਨੇ ਕਿਹਾ ਕਿ ਤਾਲਿਬਾਨ ਲੀਡਰਸ਼ਿਪ ਨੂੰ ਉਨ੍ਹਾਂ ਦੇ ਲੜਾਕਿਆਂ ਦੇ ਅਪਰਾਧਾਂ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਤਾਲਿਬਾਨ ਨੇ ਬਦਲਾ ਲੈਣ ਲਈ ਦਰਜਨਾਂ ਨਾਗਰਿਕਾਂ ਨੂੰ ਮਾਰ ਦਿੱਤਾ। ਇਹ ਕਤਲ ਯੁੱਧ ਅਪਰਾਧ ਹੋ ਸਕਦੇ ਹਨ।
ਅਫਗਾਨਿਸਤਾਨ ਤੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਵਿਚਕਾਰ ਤਾਲਿਬਾਨ ਨੇ ਐਤਵਾਰ ਨੂੰ ਤਖਰ ਪ੍ਰਾਂਤ ਦੀ ਰਾਜਧਾਨੀ ਤਾਲੁਕਾਨ ਸ਼ਹਿਰ 'ਤੇ ਕਬਜ਼ਾ ਕਰ ਲਿਆ ਹੈ। ਇਹ ਉਦੋਂ ਹੋਇਆ ਜਦੋਂ ਅੱਤਵਾਦੀ ਸਮੂਹ ਨੇ ਪੁਲਸ ਹੈਡਕੁਆਰਟਰ, ਗਵਰਨਰ ਕੰਪਲੈਕਸ ਅਤੇ ਅਫਗਾਨ ਸੂਬਾਈ ਰਾਜਧਾਨੀ ਕੁੰਦੁਜ਼ ਦੀ ਜੇਲ੍ਹ 'ਤੇ ਕਬਜ਼ਾ ਕਰ ਲਿਆ। ਇਸ ਤੋਂ ਪਹਿਲਾਂ, ਤਾਲਿਬਾਨ ਨੇ ਜਾਵਾਜ਼ਾਨ ਪ੍ਰਾਂਤ ਦੀ ਰਾਜਧਾਨੀ ਸ਼ੇਬਰਗਾਨ ਅਤੇ ਨਿਮਰੋਜ ਪ੍ਰਾਂਤ ਦੀ ਰਾਜਧਾਨੀ ਜ਼ਰੰਜ 'ਤੇ ਕਬਜ਼ਾ ਕਰ ਲਿਆ ਸੀ।