ਤਾਲਿਬਾਨ ਨੇ ਚੀਨ ਨੂੰ ਦੱਸਿਆ ‘ਦੋਸਤ’, ਉਈਗਰ ਇਸਲਾਮੀ ਕੱਟੜਪੰਥੀਆਂ ਨੂੰ ਪਨਾਹ ਨਹੀਂ ਦੇਣ ਦਾ ਵਾਅਦਾ
Sunday, Jul 11, 2021 - 01:12 PM (IST)
ਬੀਜਿੰਗ— ਤਾਲਿਬਾਨ ਨੇ ਕਿਹਾ ਹੈ ਕਿ ਉਹ ਚੀਨ ਨੂੰ ਅਫ਼ਗ਼ਾਨਿਸਤਾਨ ਦੇ ‘ਦੋਸਤ’ ਦੇ ਤੌਰ ’ਤੇ ਦੇਖਦਾ ਹੈ ਤੇ ਬੀਜਿੰਗ ਨੂੰ ਭਰੋਸਾ ਦਿੱਤਾ ਹੈ ਕਿ ਉਹ ਅਸ਼ਾਂਤ ਸ਼ਿੰਜੀਆਂਗ ਸੂਬੇ ਦੇ ਉਈਗਰ ਇਸਲਾਮੀ ਕੱਟੜਪੰਥੀਆਂ ਨੂੰ ਆਪਣੇ ਇੱਥੇ ਪਨਾਹ ਨਹੀਂ ਦੇਵਗਾ। ਮੀਡੀਆ ’ਚ ਆਈ ਇਕ ਖ਼ਬਰ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਉਈਗਰ ਇਸਲਾਮੀ ਕੱਟੜਪੰਥੀ ਚੀਨ ਸਰਕਾਰ ਦੇ ਲਈ ਚਿੰਤਾ ਦਾ ਇਕ ਕਾਰਨ ਬਣ ਗਏ ਹਨ।
ਇਹ ਵੀ ਪੜ੍ਹੋ : ਚੀਨ ਦੇ ਨਾਪਾਕ ਮਨਸੂਬੇ, DNA ਨਾਲ ਛੇੜਛਾੜ ਕਰ ਕੇ ਤਿਆਰ ਕਰ ਰਿਹਾ ਨਵੀਂ ਫੌਜ, ਅਮਰੀਕਾ ਦੀ ਉੱਡੀ ਨੀਂਦ
ਅਮਰੀਕੀ ਫ਼ੌਜੀਆਂ ਦੀ ਵਾਪਸੀ ਵਿਚਾਲੇ ਤਾਲਿਬਾਨ ਜੰਗ ਨਾਲ ਪ੍ਰਭਾਵਿਤ ਅਫ਼ਗ਼ਾਨਿਸਤਾਨ ’ਚ ਵੱਧ ਤੋਂ ਵੱਧ ਖੇਤਰ ’ਤੇ ਆਪਣਾ ਕਬਜ਼ਾ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਦਕਿ ਚੀਨ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਤਾਲਿਬਾਨ ਦੇ ਸ਼ਾਸਨ ’ਚ ਅਫ਼ਗ਼ਾਨਿਸਤਾਨ, ਈਸਟ ਤੁਰਕਮੇਨਿਸਤਾਨ ਇਸਲਾਮਿਕ ਮੂਵਮੈਂਟ ਦਾ ਕੇਂਦਰ ਬਣ ਜਾਵੇਗਾ, ਜੋ ਇਕ ਕੱਟੜਪੰਥੀ ਸੰਗਠਨ ਹੈ ਤੇ ਅੱਤਵਾਦੀ ਸੰਗਠਨ ਅਲਕਾਇਦਾ ਨਾਲ ਸਬੰਧਤ ਹੈ। ਕੁਦਰਤੀ ਸੌਮਿਆਂ ਨਾਲ ਮਾਲਾਮਾਲ ਸ਼ਿੰਨਿਆਂਗ ਦੀ ਕਰੀਬ 80 ਕਿਲੋਮੀਟਰ ਲੰਬੀ ਹੱਦ ਅਫ਼ਗ਼ਾਨਿਸਤਾਨ ਨਾਲ ਲੱਗੀ ਹੋਈ ਹੈ।
ਹਾਲਾਂਕਿ, ਚੀਨ ਦੀਆਂ ਚਿੰਤਾਵਾਂ ਨੂੰ ਤਵੱਜੋ ਨਹੀਂ ਦਿੰਦੇ ਹੋਏ ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਕਿਹਾ ਕਿ ਉਹ ਚੀਨ ਨੂੰ ਅਫ਼ਗ਼ਾਨਿਸਤਾਨ ਦੇ ਦੋਸਤ ਦੇ ਤੌਰ ’ਤੇ ਦੇਖਦੇ ਹਨ ਤੇ ਮੁੜ ਉਸਾਰੀ ਦੇ ਕੰਮਾਂ ’ਚ ਛੇਤੀ ਤੋਂ ਛੇਤੀ ਨਿਵੇਸ ਲਈ ਬੀਜਿੰਗ ਨਾਲ ਗੱਲ ਕਰਨ ਦੀ ਉਮੀਦ ਕਰਦੇ ਹਨ। ਸੁਹੈਲ ਨੇ ਕਿਹਾ ਕਿ ਤਾਲਿਬਾਨ ਚੀਨ ਦੇ ਉਈਗਰ ਵੱਖਵਾਦੀ ਲੜਾਕਿਆਂ ਨੂੰ ਦੇਸ਼ ’ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦੇਵੇਗਾ। ਦਰਅਸਲ, ਉਨ੍ਹਾਂ ’ਚੋਂ ਕੁਝ ਨੇ ਬੀਤੇ ਸਮੇਂ ’ਚ ਅਫ਼ਗਾਨਿਸਤਾਨ ’ਚ ਪਨਾਹ ਮੰਗੀ ਸੀ।
ਇਹ ਵੀ ਪੜ੍ਹੋ : ਕੰਧਾਰ ’ਚ ਭਾਰਤੀ ਕੌਂਸਲੇਟ ਜਨਰਲ ਨਹੀਂ ਹੋਇਆ ਬੰਦ, ਅਸਥਾਈ ਰੂਪ ਨਾਲ ਕਾਮਿਆਂ ਨੂੰ ਸੱਦਿਆ ਵਾਪਸ: ਵਿਦੇਸ਼ ਮੰਤਰਾਲਾ
ਬੁਲਾਰੇ ਨੇ ਕਿਹਾ ਕਿ ਤਾਲਿਬਾਨ ਅਲਕਾਇਦਾ ਜਾਂ ਕਿਸੇ ਹੋਰ ਅੱਤਵਾਦੀ ਸੰਗਠਨ ਨੂੰ ਉੱਥੋਂ ਸੰਚਾਲਿਤ ਹੋਣ ਤੋਂ ਰੋਕੇਗਾ। ਸੁਹੈਲ ਨੇ ਹਾਂਗਕਾਂਗ ਦੇ ਅਖ਼ਬਾਰ ‘ਸਾਊਥ ਚਾਈਨਾ ਮਾਰਨਿੰਗ ਪੋਸਟ’ ’ਚ ਕਿਹਾ, ‘‘ਚੀਨ ਦੇ ਨਾਲ ਸਾਡੇ ਚੰਗੇ ਸਬੰਧ ਹਨ।’’ ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ’ਚ ਚੀਨ ਵੱਡੇ ਪੱਧਰ ’ਤੇ ਨਿਵੇਸ਼ ਕਰਨ ਦੀ ਸੋਚ ਰਿਹਾ ਹੈ ਕਿਉਂਕਿ ਉੱਥੇ ਅਜੇ ਤਕ ਬਿਨਾ ਕੱਢੇ ਹੋਏ ਤਾਂਬੇ, ਕੋਲੇ, ਲੋਹੇ, ਗੈਸ, ਕੋਬਾਟ, ਪਾਰਾ, ਸੋਨਾ, ਲਿਥੀਅਮ ਤੇ ਥੋਰੀਅਮ ਦੇ ਵਿਸ਼ਵ ਦੇ ਸਭ ਤੋਂ ਵੱਡੇ ਭੰਡਾਰ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।