ਟੈਲੰਟ ਸ਼ੋਅ ਆਫ ਪੰਜਾਬੀ ਕਲਚਰ ਦੌਰਾਨ ਫਰਿਜ਼ਨੋ ‘ਚ ਪੰਜਾਬੀ ਮੁੰਡੇ ਕੁੜੀਆਂ ਨੇ ਵਿਖਾਏ ਜੌਹਰ (ਤਸਵੀਰਾਂ)
Tuesday, Dec 06, 2022 - 05:12 AM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਫਰਿਜ਼ਨੋ ਦੇ ਟਾਵਰ ਥੇਇਟਰ ਵਿਚ ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਕਿਮੀ ਵਰਮਾ ਵੱਲੋਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਪ੍ਰਮੋਟ ਕਰਨ ਲਈ ਟੈਲੰਟ ਸ਼ੋਅ ਆਫ ਪੰਜਾਬੀ ਕਲਚਰ ਨਾਮੀ ਸ਼ੋਅ ਕਰਵਾਇਆ ਗਿਆ।
ਇਸ ਦੌਰਾਨ ਪੰਜਾਬੀਆਂ ਨਾਲ ਖਚਾ-ਖੱਚ ਭਰੇ ਹਾਲ ਦੌਰਾਨ ਪੰਜਾਬੀਆਂ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕਰਦਿਆਂ ਹਰ ਇਕ ਨੂੰ ਪੰਜਾਬੀਅਤ ਦੇ ਰੰਗ ਵਿਚ ਰੰਗਿਆ।
ਸਟੇਜ ਦੀ ਸ਼ੁਰੂਆਤ ਕਿਮੀ ਵਰਮਾ ਨੇ ਭਾਵੁਕ ਹੁੰਦਿਆਂ ਛੋਟੇ ਸਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਸਭਨਾਂ ਨੂੰ ਨਿੱਘੀ ਜੀ ਆਇਆਂ ਆਖ ਕੇ ਕੀਤੀ। ਉਪਰੰਤ ਛੋਟੇ ਸਾਹਿਬਜ਼ਾਦੇ ਫ਼ਿਲਮ ਦੇ ਗੀਤ ਨੇ ਹਰ ਅੱਖ ਨਮ ਕਰ ਦਿੱਤੀ, ਇਸ ਗੀਤ ਨੂੰ ਤਰਿਪਤਜੀਤ ਕੌਰ ਨੇ ਰੂਹ ਨਾਲ ਗਾਇਆ। ਰੋਇਲ ਟਰਬਨ ਵਾਲੇ ਵੀਰ ਨੇ ਪੱਗ ਦੀ ਮਹਾਨਤਾ ਬਾਰੇ ਦੱਸਦਿਆਂ ਸਟੇਜ ਤੋਂ ਪੱਗ ਬੰਨ੍ਹਣੀ ਸਿਖਾਈ। ਉਪਰੰਤ ਛੋਟੇ ਬੱਚਿਆਂ ਦੀਆਂ ਮਨ ਮੋਹਕ ਪੇਸ਼ਕਾਰੀਆਂ ਨੇ ਸਭਨਾਂ ਦੇ ਮਨ ਮੋਹ ਲਏ।
ਬਰਾਈਡਲ ਸ਼ੋਅ ਦੌਰਾਨ ਸਜ-ਧਜਕੇ ਆਈਆ ਮੁਟਿਆਰਾਂ ਨੇ ਸਟੇਜ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ। ਤਰਨਜੀਤ ਕੌਰ ਕਲੇਰ ਨੇ ਆਪਣੀ ਟੀਮ ਨਾਲ ਸਿੰਮੀ ਨਾਚ ਨੱਚਕੇ ਸਭਨਾਂ ਨੂੰ ਝੂਮਣ ਲਾ ਦਿੱਤਾ। ਜੀ. ਐੱਚ. ਜੀ. ਡਾਂਸ ਐਂਡ ਸੰਗੀਤ ਅਕੈਡਮੀ ਦੇ ਬੱਚਿਆਂ ਨੇ ਭੰਗੜੇ ਅਤੇ ਗਿੱਧੇ ਦੇ ਖ਼ੂਬ ਜੌਹਰ ਵਿਖਾਏ।
ਪੱਪੀ ਭਦੌੜ ਨੇ ਇਕ ਗੀਤ ਰਾਹੀਂ ਹਾਜ਼ਰੀ ਲਵਾਈ। ਕਿਮੀ ਵਰਮਾ ਨੇ ਜੀ. ਐੱਚ. ਜੀ. ਭੰਗੜੇ ਦੀ ਟੀਮ ਨਾਲ ਆਪਣੀ ਬਾਕਾਮ ਪੇਸ਼ਕਾਰੀ ਕਰਕੇ ਹਾਲ ਤਾੜੀਆਂ ਨਾਲ ਗੂੰਜਣ ਲਾ ਦਿੱਤਾ। ਭੰਗੜਾ ਕੋਚ ਜਸਪ੍ਰੀਤ ਸਿੱਧੂ ਦੀ ਅਦਾਕਾਰੀ ਦੀ ਹਰ ਕੋਈ ਤਰੀਫ਼ ਕਰਦਾ ਨਜ਼ਰ ਆਇਆ। ਅਖੀਰ ਵਿਚ ਭੰਗੜਾ ਕਿੰਗ ਸਰਬਜੀਤ ਚੀਮਾ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਦੀ ਐਸੀ ਛਹਿਬਰ ਲਾਈ ਕਿ ਪੰਜਾਬੀਆਂ ਨੇ ਨੱਚ-ਨੱਚ ਅੰਬਰੀ ਧੂੜ੍ਹ ਚੜਾ ਦਿੱਤੀ। ਢੇਸੀ ਪਰਿਵਾਰ ਦੀਆਂ ਸਕਿਟਾਂ ਨੇ ਦਰਸ਼ਕਾਂ ਦਾ ਖੂਬ ਧਿਆਨ ਖਿੱਚਿਆ।
ਅਖੀਰ ਵਿਚ ਸਭਨਾਂ ਨੂੰ ਸਪਾਂਸਰਾਂ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪੱਪੀ ਭਦੌੜ, ਬਿੱਟੂ ਦੇਵਗਨ ਅਤੇ ਜ਼ੋਰੇ ਢੋਲੀ ਦੇ ਮਿਊਜੀਕਲ ਗਰੁੱਪ ਦੀ ਹਰ ਕੋਈ ਤਰੀਫ਼ ਕਰਦਾ ਨਜ਼ਰ ਆਇਆ। ਸਟੇਜ ਸੰਚਾਲਨ ਜੋਤ ਰਣਜੀਤ ਕੌਰ ਅਤੇ ਸਨੀ ਬੱਬਰ ਨੇ ਬਾਖੂਬੀ ਕੀਤਾ। ਅਖੀਰ ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।