ਕੋਵਿਡ-19 ਅੱਗੇ US ਵੀ ਫੇਲ, ਤਾਈਵਾਨ ਨੇ ਇੰਝ ਕੀਤਾ ਕੰਟਰੋਲ

03/09/2020 3:01:49 PM

ਤਾਇਪੇ (ਬਿਊਰੋ): ਚੀਨ ਤੋਂ ਮੀਲਾਂ ਦੂਰ ਦੁਨੀਆ ਭਰ ਦੇ ਦੇਸ਼ਾਂ ਵਿਚ ਜਾਨਲੇਵਾ ਕੋਰੋਨਾਵਾਇਰਸ ਦਾ ਪ੍ਰਕੋਪ ਫੈਲਦਾ ਜਾ ਰਿਹਾ ਹੈ। ਫਿਰ ਵੀ ਚੀਨ ਦੇ ਬਿਲਕੁੱਲ ਨੇੜੇ ਸਥਿਤ ਤਾਈਵਾਨ ਨੇ ਇਸ ਨੂੰ ਆਪਣੇ ਦੇਸ਼ ਵਿਚ ਫੈਲਣ ਨਹੀਂ ਦਿੱਤਾ।ਹੈਰਾਨੀ ਦੀ ਗੱਲ ਇਹ ਹੈਕਿ ਚੀਨ ਵਿਚ ਕਰੀਬ 8,50,000 ਤਾਈਵਾਨੀ ਲੋਕ ਰਹਿੰਦੇ ਹਨ ਅਤੇ ਕੰਮ ਕਰਦੇ ਹਨ। ਅਜਿਹੇ ਵਿਚ ਚੀਨ ਦੇ ਬਾਅਦ ਤਾਈਵਾਨ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਸੀ ਪਰ ਅਜਿਹਾ ਨਹੀਂ ਹੋਇਆ। ਈਰਾਨ, ਅਮਰੀਕਾ ਅਤੇ ਇਟਲੀ ਸਮੇਤ ਕਈ ਦੇਸ਼ਾਂ ਵਿਚ ਕੋਰੋਨਾਵਾਇਰਸ ਦਾ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ। ਭਾਰਤ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 40 ਦੇ ਪਾਰ ਹੋ ਚੁੱਕੀ ਹੈ ਪਰ ਕੋਰੋਨਾਵਾਇਰਸ ਨਾਲ ਜਿਸ ਤਰ੍ਹਾਂ ਤਾਈਵਾਨ ਨਜਿੱਠਿਆ ਹੈ ਉਸ ਤੋਂ ਪੂਰੀ ਦੁਨੀਆ ਦੇ ਦੇਸ਼ ਸਬਕ ਲੈ ਸਕਦੇ ਹਨ।

PunjabKesari

ਸਿਰਫ 45 ਮਾਮਲੇ ਆਏ ਸਾਹਮਣੇ
ਆਸਟ੍ਰੇਲੀਆ ਦੇ ਬਰਾਬਰ ਆਬਾਦੀ ਵਾਲੇ ਇਸ ਟਾਪੂ ਵਿਚ ਸਿਰਫ 45 ਮਾਮਲੇ ਹੀ ਸਾਹਮਣੇ ਆਏ ਹਨ ਅਤੇ ਕੋਰੋਨਾਵਾਇਰਸ ਨਾਲ ਇੱਥੇ 1 ਮੌਤ ਦੀ ਪੁਸ਼ਟੀ ਹੋਈ ਹੈ ਜਦਕਿ ਚੀਨ ਵੀ ਹੀ ਇਨਫੈਕਸ਼ਨ ਦੇ 80,000 ਮਾਮਲੇ ਸਾਹਮਣੇ ਆ ਚੁੱਕੇ ਹਨ। ਚੀਨ ਦੇ ਨੇੜੇ ਸਥਿਤ ਦੱਖਣੀ ਕੋਰੀਆ, ਜਾਪਾਨ, ਇਟਲੀ ਅਤੇ ਈਰਾਨ ਵਿਚ ਵਾਇਰਸ ਬੁਰੀ ਤਰ੍ਹਾਂ ਫੈਲ ਚੁੱਕਿਆ ਹੈ। ਕੋਰੋਨਾਵਾਇਰਸ ਦੇ ਦਸਤਕ ਦੇਣ ਦਾ ਸਮਾਂ ਚੀਨ ਲਈ ਹੋਰ ਤਬਾਹੀ ਵਾਲਾ ਸਾਬਤ ਹੋਇਆ ਕਿਉਂਕਿ ਉਸ ਸਮੇਂ ਚੀਨ ਵਿਚ ਨਵੇਂ ਸਾਲ ਦੀਆਂ ਛੁੱਟੀਆਂ ਹੁੰਦੀਆਂ ਹਨ ਅਤੇ ਚੀਨੀ ਸੈਲਾਨੀਆਂ ਦਾ ਆਉਣਾ-ਜਾਣਾ ਵੱਧ ਜਾਂਦਾ ਹੈ। 

ਪੜ੍ਹੋ ਇਹ ਅਹਿਮ ਖਬਰ - ਅਪ੍ਰੈਲ 'ਚ ਆ ਸਕਦੈ ਕੋਰੋਨਾਵਾਇਰਸ ਦਾ ਟੀਕਾ, ਚੀਨੀ ਸਿਹਤ ਅਧਿਕਾਰੀ ਦਾ ਦਾਅਵਾ

ਦੂਜੇ ਪਾਸੇ ਚੀਨ ਨੇ ਵਾਇਰਸ ਇਨਫੈਕਸ਼ਨ ਦੇ ਮਾਮਲੇ ਵਧਣ ਤੱਕ ਕੋਈ ਕਦਮ ਨਹੀਂ ਚੁੱਕਿਆ। ਜਦੋਂ ਦੁਨੀਆ ਦੇ ਸਾਰੇ ਦੇਸ਼ ਵਾਇਰਸ ਨੂੰ ਸਮਝ ਨਹੀਂ ਪਾ ਰਹੇ ਸਨ ਅਤੇ ਇਸ ਦੇ ਇਨਫੈਕਸ਼ਨ ਦੀ ਦਰ ਵੀ ਸਾਫ ਨਹੀਂ ਹੋਈ ਸੀ ਉਦੋਂ ਤੋਂ ਹੀ ਤਾਈਵਾਨ ਨੇ ਇਸ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਵਿਸ਼ਵ ਸਿਹਤ ਸੰਗਠਨ ਤੋਂ ਸੰਕੇਤ ਮਿਲਣ ਦਾ ਇੰਤਜ਼ਾਰ ਕਰਨ ਦੀ ਬਜਾਏ ਤਾਈਵਾਨ ਨੇ ਅਤੀਤ ਵਿਚ ਮਿਲੇ ਤਜ਼ਰਬਿਆਂ 'ਤੇ ਭਰੋਸਾ ਕੀਤਾ।

PunjabKesari

ਸਾਰਸ ਨਾਲ ਬੁਰੀ ਤਰ੍ਹਾਂ ਰਿਹਾ ਸੀ ਪ੍ਰਭਾਵਿਤ
ਓਰੇਗਨ ਸਟੇਟ ਯੂਨੀਵਰਸਿਟੀ ਵਿਚ ਜਨਸਿਹਤ ਅਤੇ ਮਨੁੱਖ ਵਿਗਿਆਨ ਦੇ ਪ੍ਰੋਫੈਸਰ ਚੁਨਹੇਈ ਨੇ ਅਲਜਜੀਰਾ ਨੂੰ ਦਿੱਤੇ ਇੰਟਰਵਿਊ ਵਿਚ ਦੱਸਿਆ,''ਤਾਈਵਾਨ ਖਤਰਨਾਕ ਵਾਇਰਸ SARS ਤੋਂ ਪਹਿਲਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਰਹਿ ਚੁੱਕਾ ਹੈ ਅਤੇ ਉਸ ਨੇ ਇਸ ਤੋਂ ਸਖਤ ਸਬਕ ਲਿਆ। ਇਸ ਵਾਰ ਕੋਰੋਨਾਵਾਇਰਸ ਦੀ ਐਂਟਰੀ 'ਤੇ ਤਾਈਵਾਨ ਪੂਰੀ ਤਿਆਰੀ ਦੇ ਨਾਲ ਸਾਹਮਣੇ ਆਇਆ। ਸਾਰਸ ਦੀ ਮਹਾਮਾਰੀ ਦੇ ਬਾਅਦ ਤਾਈਵਾਨ ਨੇ ਅਗਲੇ ਸਾਲ ਹੀ ਇਸ ਤਰ੍ਹਾਂ ਦੇ ਹਾਲਾਤਾਂ ਨਾਲ ਨਜਿੱਠਣ ਲਈ ਇਕ ਸੈਂਟਰਲ ਕਮਾਂਡ ਸੈਂਟਰ ਬਣਾ ਦਿੱਤਾ ਸੀ। ਕੋਰੋਨਾਵਾਇਰਸ ਨਾਲ ਨਜਿੱਠਣ ਵਿਚ ਏਸ਼ੀਆ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਤਾਈਵਾਨ ਨੇ ਇਸ ਤਰ੍ਹਾਂ ਇਕ ਬੜਤ ਹਾਸਲ ਕਰ ਲਈ। 

PunjabKesari

ਕਮਾਂਡ ਸੈਂਟਰਲ ਦੇ ਕਾਰਨ ਮੈਡੀਕਲ ਅਧਿਕਾਰੀਆਂ ਨੂੰ ਡਾਟਾ ਇਕੱਠਾ ਕਰਨ, ਸਰੋਤਾਂ ਦੀ ਵੰਡ, ਸੰਭਾਵਿਤ ਮਾਮਲਿਆਂ ਅਤੇ ਉਹਨਾਂ ਨਾਲ ਸੰਪਰਕ ਦੀ ਸੂਚੀ ਬਣਾਉਣੀ ਸੌਖੀ ਹੋ ਗਈ। ਵਾਇਰਸ ਇਨਫੈਕਟਿਡ ਮਰੀਜ਼ਾਂ ਨੂੰ ਤੁਰੰਤ ਆਈਸੋਲੇਟ ਕੀਤਾ ਗਿਆ। ਸਾਰਸ ਦੇ ਤਜ਼ਰਬੇ ਤੋਂ ਸਿੱਖਦੇ ਹੋਏ ਤਾਈਵਾਨ ਨੇ ਵੁਹਾਨ ਤੋਂ ਆਉਣ ਵਾਲੇ ਹਰੇਕ ਯਾਤਰੀ ਦੀ ਸਿਹਤ ਜਾਂਚ ਸ਼ੁਰੂ ਕਰ ਦਿੱਤੀ ਸੀ। ਉਸ ਸਮੇਂ ਹਾਲੇ ਇਹ ਵੀ ਸਾਫ ਨਹੀਂ ਹੋਇਆ ਸੀ ਕਿ ਇਹ ਵਾਇਰਸ ਇਨਸਾਨਾਂ ਤੋਂ ਇਨਸਾਨਾਂ ਵਿਚ ਫੈਲਦਾ ਹੈ ਜਾਂ ਨਹੀਂ।

ਸੁਪਰ ਐਲਰਟ
ਫਰਵਰੀ ਦੇ ਪਹਿਲੇ ਹਫਤੇ ਤੋਂ ਹੀ ਤਾਈਵਾਨ ਨੇ ਸਰਜੀਕਲ ਮਾਸਕ ਵੰਡਣੇ ਸ਼ੁਰੂ ਕਰ ਦਿੱਤੇ ਸਨ। ਇਸ ਦੇ ਨਾਲ ਹੀ ਚੀਨ ਤੋਂ ਯਾਤਰਾ ਕਰ ਰਹੇ ਲੋਕਾਂ ਦੇ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਸੀ। ਉੱਥੇ ਮਕਾਊ ਅਤੇ ਹਾਂਗਕਾਂਗ ਤੋਂ ਆਉਣ ਵਾਲੇ ਲੋਕਾਂ ਨੂੰ 14 ਦਿਨ ਤੱਕ ਵੱਖਰੇ ਰੱਖਿਆ ਗਿਆ ਸੀ। ਸਾਰੀਆਂ ਜਨਤਕ ਇਮਾਰਤਾਂ ਵਿਚ ਹੈਂਡ ਸੈਨੀਟਾਈਜ਼ਰ ਅਤੇ ਬੁਖਾਰ ਚੈੱਕ ਕਰਨਾ ਲਾਜ਼ਮੀ ਕਰ ਦਿੱਤਾ ਗਿਆ। ਇਹੀ ਨਹੀਂ ਤਾਈਵਾਨ ਸੈਂਟਰਸ ਫੌਰ ਡਿਜੀਜ਼ ਕੰਟਰੋਲ ਅਤੇ ਹੋਰ ਏਜੰਸੀਆਂ ਨੇ ਕੋਰੋਨਾ ਦੇ ਨਵੇਂ ਮਾਮਲਿਆਂ ਅਤੇ ਉਹਨਾਂ ਵੱਲੋਂ ਯਾਤਰਾ ਕੀਤੀਆਂ ਥਾਵਾਂ ਦੀ ਜਾਣਕਾਰੀ ਨੂੰ ਲੈਕੇ ਨਿਯਮਿਤ ਤੌਰ 'ਤੇ ਲੋਕਾਂ ਨੂੰ ਮੋਬਾਇਲ ਫੋਨ ਐਲਰਟ ਭੇਜੇ।

ਪੜ੍ਹੋ ਇਹ ਅਹਿਮ ਖਬਰ - ਕਤਰ ਨੇ ਭਾਰਤ ਸਮੇਤ 14 ਦੇਸ਼ਾਂ ਦੇ ਯਾਤਰੀਆਂ ਲਈ ਐਂਟਰੀ ਕੀਤੀ ਰੱਦ

ਸਟੈਂਡਫੋਰਡ ਯੂਨੀਵਰਸਿਟੀ ਦੇ ਸੈਂਟਰ ਫੌਰ ਪਾਲਿਸੀ ਐਂਡ ਪ੍ਰੀਵੈਨਸ਼ਨ ਦੇ ਡਾਇਰੈਕਟਰ ਜੈਸਨ ਵਾਂਗ ਨੇ ਕਿਹਾ,''ਤਾਈਵਾਨ ਦੀ ਸਰਕਾਰ ਆਪਣੀ ਕਾਰਵਾਈ ਵਿਚ ਸੁਪਰ ਐਲਰਟ ਸੀ। ਜਦੋਂ ਇਹ ਸਾਫ ਹੋ ਗਿਆ ਕਿ ਕੋਰੋਨਾ ਇਕ ਵੱਡੀ ਮਹਾਮਾਰੀ ਬਣਨ ਜਾ ਰਿਹਾ ਹੈ ਤਾਂ ਹੋਰ ਵੀ ਕਦਮ ਚੁੱਕੇ ਜਾਣ ਲੱਗੇ। ਉਹ ਪੂਰੀ ਤਰ੍ਹਾਂ ਨਾਲ ਤਿਆਰ ਸਨ।'' 

PunjabKesari

ਸਿੰਗਾਪੁਰ ਵੀ ਬਣਿਆ ਮਿਸਾਲ
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਤਾਈਵਾਨ ਦੀ ਹੀ ਤਰ੍ਹਾਂ ਸਿੰਗਾਪੁਰ ਵੀ ਇਕ ਮਿਸਾਲ ਹੈ। ਏਸ਼ੀਆ ਦਾ ਵਪਾਰਕ ਕੇਂਦਰ ਹੋਣ ਦੇ ਬਾਵਜੂਦ ਸਿੰਗਾਪੁਰ ਵਿਚ ਸਿਰਫ 100 ਮਾਮਲੇ ਹੀ ਸਾਹਮਣੇ ਆਏ। ਸ਼ੁਰੂਆਤੀ ਜਾਗਰੂਕਤਾ ਅਤੇ ਸਾਵਧਾਨੀ ਕਾਰਨ ਕੋਰੋਨਾਵਾਇਰਸ ਇੱਥੇ ਬੁਰੀ ਤਰ੍ਹਾਂ ਨਹੀਂ ਫੈਲਿਆ। ਸਿੰਗਾਪੁਰ ਨੇ ਵੀ ਜਨਵਰੀ ਮਹੀਨੇ ਵਿਚ ਹੀ ਚੀਨ ਦੇ ਯਾਤਰੀਆਂ ਲਈ ਆਪਣੇ ਬਾਰਡਰ ਬੰਦ ਕਰਨ ਤੋਂ ਪਹਿਲਾਂ ਹੈਲਥ ਚੈੱਕਅੱਪ ਲਾਜ਼ਮੀ ਕਰ ਦਿੱਤੇ ਸਨ। ਇਸ ਦੇ ਇਲਾਵਾ ਇਨਫੈਕਸ਼ਨ ਸ਼ੱਕੀਆਂ ਨੂੰ 14 ਦਿਨਾਂ ਤੱਕ ਵੱਖਰੇ ਰਹਿਣ ਦਾ ਆਦੇਸ਼ ਦਾ ਪਾਲਣ ਨਾ ਕਰਨ ਵਾਲਿਆਂ 'ਤੇ ਭਾਰੀ ਜ਼ੁਰਮਾਨਾ ਵੀ ਲਗਾਇਆ ਸੀ। 

PunjabKesari

ਸਿੰਗਾਪੁਰ ਨੇ ਸਕੂਲਾਂ ਅਤੇ ਯੂਨੀਵਰਸਿਟੀਆਂ ਨੂੰ ਵੀ ਬੰਦ ਕਰ ਦਿੱਤਾ ਸੀ। ਜਿੱਥੇ ਤਾਈਵਾਨ ਅਤੇ ਸਿੰਗਾਪੁਰ ਦੇ ਨੇਤਾਵਾਂ ਨੇ ਕੋਰੋਨਾਵਾਇਰਸ ਨੂੰ ਰੋਕਣ ਲਈ ਕਦਮ ਚੁੱਕਣ ਵਿਚ ਤੇਜ਼ੀ ਦਿਖਾਈ, ਉੱਥੇ ਕੋਰੋਨਾਵਾਇਰਸ ਨਾਲ ਬੁਰੀ ਤਰ੍ਹਾਂ ਜੂਝ ਰਹੇ ਦੇਸ਼ਾਂ ਨੇ ਜਾਂ ਤਾਂ ਕਾਰਵਾਈ ਕਰਨ ਵਿਚ ਸੁਸਤੀ ਦਿਖਾਈ ਜਾਂ ਫਿਰ ਸੰਭਾਵਿਤ ਖਤਰਿਆਂ ਦੇ ਬਾਵਜੂਦ ਇਨਫੈਕਟਿਡ ਲੋਕਾਂ ਨੂੰ ਆਉਣ ਦਿੱਤਾ। ਇੱਥੋਂ ਤੱਕ ਕਿ ਦੁਨੀਆ ਦੇ ਤਾਕਤਵਰ ਦੇਸ਼ ਅਮਰੀਕਾ ਨੇ ਵੀ ਕੋਰੋਨਾਵਾਇਰਸ ਨਾਲ ਨਜਿੱਠਣ ਵਿਚ ਦੇਰੀ ਕਰ ਦਿੱਤੀ।

ਪੜ੍ਹੋ ਇਹ ਅਹਿਮ ਖਬਰ - ਚੀਨ 'ਚ ਕੋਰੋਨਾ ਇਨਫੈਕਟਿਡ 100 ਸਾਲ ਦਾ ਬਜ਼ੁਰਗ ਪੂਰੀ ਤਰ੍ਹਾਂ ਹੋਇਆ ਠੀਕ


Vandana

Content Editor

Related News