ਵਿਸਥਾਪਿਤ ਸੀਰੀਆਈ ਲੋਕ ਮਸ਼ਰੂਮ ਉਗਾ ਕੇ ਕਰ ਰਹੇ ਗੁਜਾਰਾ

12/25/2019 11:11:53 AM

ਦਮਿਸ਼ਕ (ਭਾਸ਼ਾ): ਉੱਤਰੀ ਸੀਰੀਆ ਵਿਚ ਵਿਸਥਾਪਿਤਾਂ ਲਈ ਬਣੇ ਇਕ ਕੈਂਪ ਵਿਚ ਰਹਿ ਰਹੇ ਨਸਰੱਲਾਹ ਇਸ ਆਸ ਨਾਲ ਗਿੱਲੀ ਘਾਹ ਦੇ ਇਕ ਥੈਲੇ ਵਿਚ ਮਸ਼ਰੂਮ ਦੇ ਬੀਜ਼ਾਂ ਨੂੰ ਖਿਲਾਰਦੇ ਹਨ ਕਿ ਉਹ ਉੱਗਣਗੇ ਅਤੇ ਉਹਨਾਂ ਦੇ ਪਰਿਵਾਰ ਦਾ ਪੇਟ ਭਰ ਸਕੇਗਾ। ਨਸਰੱਲਾਹ ਨੇ ਕਿਹਾ,''ਮਸ਼ਰੂਮ ਮੀਟ ਦਾ ਮੁੱਖ ਵਿਕਲਪ ਬਣ ਗਿਆ ਹੈ ਕਿਉਂਕਿ ਮਾਂਸ ਬਹੁਤ ਮਹਿੰਗਾ ਆਉਂਦਾ ਹੈ।'' ਸੀਰੀਆ ਵਿਚ 8 ਸਾਲ ਪਹਿਲਾਂ ਗ੍ਰਹਿ ਯੁੱਧ ਸ਼ੁਰੂ ਹੋਣ ਦੇ ਬਾਅਦ 43 ਸਾਲਾ ਨਸਰੱਲਾਹ ਨੇ ਹਾਮਾ ਸੂਬੇ ਵਿਚ ਸਥਿਤ ਆਪਣੇ ਘਰ ਵਿਚ ਮਸ਼ਰੂਮ ਉਗਾਉਣਾ ਸ਼ੁਰੂ ਕੀਤਾ ਸੀ। ਕਲਾਤ ਅਲ ਮਦੀਕ ਵਿਚ ਸਥਾਨਕ ਪਰੀਸ਼ਦ ਵਿਚ ਇਕ ਸਮੇਂ ਕੰਮ ਕਰਨ ਵਾਲੇ ਨਸਰੱਲਾਹ ਨੇ ਦੱਸਿਆ,''ਅਸੀਂ ਇਹਨਾਂ ਵਿਚੋਂ ਕੁਝ ਖਾ ਲੈਂਦੇ ਸੀ ਅਤੇ ਕੁਝ ਦੋਸਤਾਂ ਨੂੰ ਦੇ ਦਿਆ ਕਰਦੇ ਸੀ ਪਰ ਇਸ ਸਾਲ ਦੀ ਸ਼ੁਰੂਆਤ ਵਿਚ ਹਮਾ ਖੇਤਰ ਵਿਚ ਸ਼ਾਸਨ ਵੱਲੋਂ ਹਮਲੇ ਵੱਧ ਜਾਣ ਕਾਰਨ ਉਹਨਾਂ ਨੂੰ ਆਪਣੇ ਪਰਿਵਾਰ ਨੂੰ ਤੁਰਕੀ ਸੀਮਾ ਵੱਲ ਲੈ ਕੇ ਭੱਜਣ ਲਈ ਮਜਬੂਰ ਹੋਣਾ ਪਿਆ।''

ਉਹਨਾਂ ਨੂੰ ਉੱਤਰ-ਪੱਛਮੀ ਸੂਬੇ ਇਦਲਿਬ ਦੇ ਹਾਰਿਮ ਨਗਰ ਵਿਚ ਇਕ ਕੈਂਪ ਵਿਚ ਸ਼ਰਨ ਤਾਂ ਮਿਲ ਗਈ ਪਰ ਉੱਥੇ ਨੌਕਰੀਆਂ ਦੀ ਕਮੀ ਸੀ। ਆਪਣੀ ਪਤਨੀ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਉਹਨਾਂ ਨੇ ਉੱਥੇ ਮਸ਼ਰੂਮ ਉਗਾਉਣ ਦਾ ਕੰਮ ਸ਼ੁਰੂ ਕੀਤਾ। ਇਹਨਾਂ ਵਿਚੋਂ ਕੁਝ ਨੂੰ ਉਹ ਖਾ ਲੈਂਦੇ ਹਨ ਅਤੇ ਕੁਝ ਨੂੰ ਵੇਚ ਕੇ ਪੈਸੇ ਕਮਾਉਂਦੇ ਹਨ। ਮਸ਼ਰੂਮ ਦੇ ਬੀਜ਼ ਲਗਾਉਣ ਤੋਂ ਪਹਿਲਾਂ ਉਹ ਇਸ ਨੂੰ ਪਾਣੀ ਵਿਚ ਉਬਾਲਦੇ ਹਨ। ਉਸ ਦੇ ਬਾਅਦ ਇਕ ਥੈਲੇ ਵਿਚ ਗਿੱਲੀ ਘਾਹ ਦੀ ਪਰਤ ਬਣਾਉਂਦੇ ਹਨ ਅਤੇ ਹਰੇਕ ਵਿਚ 5 ਤੋਂ 10 ਗ੍ਰਾਮ ਬੀਜ਼ ਖਿਲਾਰਦੇ ਹਨ। ਥੈਲੇ ਵਿਚ ਕੱਸ ਕੇ ਗੱਠ ਬੰਨ੍ਹ ਕੇ ਉਹ ਉਸ ਨੂੰ ਹਨੇਰੇ, ਗਰਮ ਕਮਰੇ ਵਿਚ ਰੱਖ ਦਿੰਦੇ ਹਨ ਅਤੇ ਉਸ ਨੂੰ 20 ਦਿਨ ਦੇ ਲਈ ਉੱਥੇ ਛੱਡ ਦਿੰਦੇ ਹਨ। 

ਥੈਲਾ ਸਫੇਦ ਹੋ ਜਾਣ ਦੇ ਬਾਅਦ ਉਹ ਉਸ ਨੂੰ ਥੋੜ੍ਹੀ ਰੋਸ਼ਨੀ ਵਾਲੇ ਕਮਰੇ ਵਿਚ ਲਿਆਉਂਦੇ ਹਨ, ਖੋਲ੍ਹਦੇ ਹਨ ਅਤੇ ਉੱਪਰੀ ਪਰਤ ਵਿਚ ਨਿਯਮਿਤ ਰੂਪ ਨਾਲ ਹਲਕਾ-ਹਲਕਾ ਪਾਣੀ ਪਾਉਂਦੇ ਹਨ ਜਦੋਂ ਤੱਕ ਕਿ ਉਹ ਉੱਗ ਨਾ ਜਾਣ। ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਮਸ਼ਰੂਮ ਨਹੀਂ ਉਗਾਉਂਦੇ ਪਰ ਕੈਂਪਾਂ ਵਿਚ ਰਹਿ ਰਹੇ ਲੋਕ ਹੁਣ ਹੌਲੀ-ਹੌਲੀ ਇਸ ਵੱਲ ਰੁੱਖ਼ ਕਰ ਰਹੇ ਹਨ। ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਸੀਰੀਆਈ ਲੋਕਾਂ ਨੇ ਯੁੱਧ ਦੇ ਦੌਰਾਨ ਮਸ਼ਰੂਮ ਉਗਾਉਣ ਦਾ ਕੰਮ ਕੀਤਾ ਹੈ। ਸੀਰੀਆ ਵਿਚ ਕਰੀਬ 65 ਲੱਖ ਲੋਕਾਂ ਨੂੰ ਜਾਂ ਤਾਂ ਖਾਣਾ ਠੀਕ ਢੰਗ ਨਾਲ ਨਹੀਂ ਮਿਲ ਪਾਉਂਦਾ ਜਾਂ ਲੋੜੀਂਦੇ ਪੋਸ਼ਣ ਵਾਲੇ ਭੋਜਨ ਤੱਕ ਉਹਨਾਂ ਦੀ ਪਹੁੰਚ ਨਹੀਂ ਹੁੰਦੀ। 


Vandana

Content Editor

Related News