ਸਿਡਨੀ ''ਚ ਛਾਏ ਧੂੰਏਂ ਦੇ ਗੁਬਾਰ, ਕਈ ਇਮਾਰਤਾਂ ਕਰਵਾਈਆਂ ਗਈਆਂ ਖਾਲੀ
Tuesday, Dec 10, 2019 - 03:21 PM (IST)

ਸਿਡਨੀ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੀ ਜੰਗਲੀ ਅੱਗ ਦੇ ਖਤਰਨਾਕ ਧੂੰਏਂ ਕਾਰਨ ਮੰਗਲਵਾਰ ਨੂੰ ਸਿਡਨੀ 'ਚ ਹੁਣ ਤਕ ਦਾ ਸਭ ਤੋਂ ਖਤਰਨਾਕ ਦਿਨ ਰਿਹਾ। ਇਮਾਰਤਾਂ 'ਚ ਧੂੰਆਂ ਭਰਨ ਕਾਰਨ ਲੋਕਾਂ ਲਈ ਮੁਸ਼ਕਲਾਂ ਵਧ ਗਈਆਂ ਤੇ ਕਈ ਇਲਾਕਿਆਂ 'ਚ ਧੂੰਏਂ ਦੀ ਮੋਟੀ ਚਾਦਰ ਫੈਲ ਗਈ। ਫਾਇਰ ਫਾਈਟਰਜ਼ ਦੀਆਂ ਗੱਡੀਆਂ ਦੇ ਅਲਾਰਮ ਸ਼ਹਿਰ 'ਚ ਵਾਰ-ਵਾਰ ਵੱਜਦੇ ਸੁਣਾਈ ਦਿੱਤੇ। 'ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼' ਅਤੇ 'ਯੂਨੀਵਰਸਿਟੀ ਆਫ ਸਿਡਨੀ' ਸਣੇ ਕਈ ਇਮਾਰਤਾਂ ਨੂੰ ਖਾਲੀ ਕਰਵਾਇਆ ਗਿਆ। ਸ਼ਹਿਰ ਦੇ ਉੱਤਰੀ ਅਤੇ ਦੱਖਣੀ ਖੇਤਰ 'ਚ ਲੋਕਾਂ ਦੀ ਸਿਹਤ ਲਈ ਸੰਕਟ ਖੜ੍ਹਾ ਹੋ ਗਿਆ ਕਿਉਂਕਿ ਪ੍ਰਦੂਸ਼ਿਤ ਹਵਾ ਕਈ ਬੀਮਾਰੀਆਂ ਨੂੰ ਸੱਦਾ ਦੇ ਰਹੀ ਹੈ। ਬਜ਼ੁਰਗਾਂ ਦਾ ਸੈਰ ਕਰਨਾ ਤੇ ਬੱਚਿਆਂ ਦਾ ਪਾਰਕਾਂ 'ਚ ਘੁੰਮਣਾ-ਫਿਰਨਾ ਬੰਦ ਹੋ ਗਿਆ ਹੈ। ਵਿਦਿਆਰਥੀਆਂ ਨੂੰ ਲੰਚ ਟਾਈਮ ਵੀ ਸਕੂਲਾਂ ਦੇ ਅੰਦਰ ਰੱਖਿਆ ਜਾਂਦਾ ਹੈ ਤਾਂ ਕਿ ਬਾਹਰ ਘੁੰਮਣ ਸਮੇਂ ਉਨ੍ਹਾਂ ਦੀ ਸਿਹਤ 'ਤੇ ਜ਼ਹਿਰੀਲੀ ਹਵਾ ਦਾ ਪ੍ਰਭਾਵ ਨਾ ਪਵੇ।
319,000 ਹੈਕਟੇਅਰ ਦਾ ਇਲਾਕਾ ਜੰਗਲੀ ਅੱਗ ਕਾਰਨ ਬਰਬਾਦ ਹੋ ਚੁੱਕਾ ਹੈ, ਜੋ ਭਾਰੀ ਨੁਕਸਾਨ ਹੈ। ਬਹੁਤ ਸਾਰੇ ਘਰ ਵੀ ਇਸ ਦੀ ਲਪੇਟ 'ਚ ਆ ਚੁੱਕੇ ਹਨ। ਭਾਰੀ ਧੂੰਏਂ ਕਾਰਨ ਹਾਰਬਰ ਬ੍ਰਿਜ ਅਤੇ ਓਪੇਰਾ ਹਾਊਸ ਕਾਫੀ ਧੁੰਦਲੇ ਦਿਖਾਈ ਦੇ ਰਹੇ ਹਨ। ਜੰਗਲੀ ਅੱਗ ਕਾਰਨ ਹਵਾ ਪ੍ਰਦੂਸ਼ਣ ਬਹੁਤ ਵਧ ਗਿਆ ਤੇ ਮੰਗਲਵਾਰ ਨੂੰ ਬਹੁਤ ਮੁਸ਼ਕਲ ਭਰਿਆ ਦਿਨ ਰਿਹਾ।
ਅਮਰੀਕਾ ਅਤੇ ਕੈਨੇਡਾ ਦੇ ਫਾਇਰ ਫਾਈਟਰਜ਼ ਆਸਟ੍ਰੇਲੀਅਨ ਜੰਗਲੀ ਅੱਗ 'ਤੇ ਕਾਬੂ ਪਾਉਣ 'ਚ ਜੁਟੇ ਹੋਏ ਹਨ। ਵੱਡੀ ਗਿਣਤੀ 'ਚ ਫਾਇਰ ਫਾਈਟਰਜ਼ ਮੁਸ਼ੱਕਤ ਕਰ ਰਹੇ ਹਨ ਪਰ ਅਜੇ ਸਥਿਤੀ ਕਾਬੂ 'ਚ ਨਹੀਂ ਹੋਈ।