ਅਲਮਾਰੀ ਡਿੱਗਣ ਨਾਲ ਹੋਈ ਬੱਚੇ ਦੀ ਮੌਤ, ਹੁਣ ਕੰਪਨੀ ਦੇਵੇਗੀ 350 ਕਰੋੜ ਰੁਪਏ ਮੁਆਵਜ਼ਾ

01/07/2020 5:26:14 PM

ਸਟਾਕਹੋਲਮ/ਵਾਸ਼ਿੰਗਟਨ (ਬਿਊਰੋ): ਸਵੀਡਨ ਦੀ ਦਿੱਗਜ਼ ਹੋਮ ਫਰਨਿਸ਼ਿੰਗ ਕੰਪਨੀ ਆਈਕੀਆ (Ikea) 2 ਸਾਲ ਦੇ ਬੱਚੇ ਦੇ ਮਾਤਾ-ਪਿਤਾ ਨੂੰ 4.6 ਕਰੋੜ ਡਾਲਰ (ਕਰੀਬ 350 ਕਰੋੜ ਰੁਪਏ) ਦਾ ਹਰਜ਼ਾਨਾ ਦੇਣ ਲਈ ਸਹਿਮਤ ਹੋ ਗਈ ਹੈ। ਕੰਪਨੀ ਵੱਲੋਂ ਬਣਾਈ ਗਈ 32 ਕਿਲੋ ਦੀ ਅਲਮਾਰੀ ਡਿੱਗਣ ਨਾਲ ਸਾਲ 2017 ਵਿਚ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਬਿਊਨਾ ਪਾਰਕ ਰਹਿੰਦੇ 2 ਸਾਲ ਦੇ ਬੱਚੇ ਜੋਜੇਫ ਡੁਡੇਕ ਦੀ ਮੌਤ ਹੋ ਗਈ ਸੀ। ਉਸ ਦੇ ਮਾਤਾ-ਪਿਤਾ ਨੇ 2018 ਵਿਚ ਫਿਲਾਡੇਲਫੀਆ ਵਿਚ ਕੰਪਨੀ ਦੇ ਵਿਰੁੱਧ ਮੁਕੱਦਮਾ ਦਰਜ ਕਰਵਾਇਆ ਸੀ।

ਬੱਚੇ ਦੇ ਮਾਤਾ-ਪਿਤਾ ਨੇ ਦੋਸ਼ ਲਗਾਇਆ ਸੀ ਕਿ ਕੰਪਨੀ ਵੱਲੋਂ ਬਣਾਈਆਂ ਗਈਆਂ ਅਲਮਾਰੀਆਂ ਡਿੱਗਣ ਨਾਲ ਕਈ ਬੱਚੇ ਜ਼ਖਮੀ ਹੋ ਚੁੱਕੇ ਹਨ। ਇਹਨਾਂ ਵਿਚੋਂ ਕੁਝ ਬੱਚਿਆਂ ਦੀ ਮੌਤ ਤੱਕ ਹੋ ਗਈ। ਇਸ ਦੇ ਬਾਵਜੂਦ ਕੰਪਨੀ ਖਪਤਕਾਰਾਂ ਨੂੰ ਇਹ ਦੱਸਣ ਵਿਚ ਅਸਫਲ ਰਹੀ ਕਿ ਬਿਨਾਂ ਕੰਧਾਂ 'ਤੇ ਫਿੱਟ ਕੀਤੇ ਇਸ ਅਲਮਾਰੀ ਦੀ ਵਰਤੋਂ ਨਾ ਕਰੋ। ਲਗਾਤਾਰ ਆ ਰਹੀਆਂ ਸ਼ਿਕਾਇਤਾਂ ਦੇ ਬਾਅਦ ਕੰਪਨੀ ਨੇ ਇਹਨਾਂ ਅਲਮਾਰੀਆਂ ਨੂੰ 2016 ਵਿਚ ਵਾਪਸ ਲੈ ਲਿਆ ਸੀ। ਸਮਝੌਤੇ ਦੇ ਤਹਿਤ ਆਈਕੀਆ ਨੂੰ ਨਾ ਸਿਰਫ ਕਰੀਬ 350 ਕਰੋੜ ਰੁਪਏ ਦਾ ਹਰਜ਼ਾਨਾ ਦੇਣਾ ਪਵੇਗਾ ਸਗੋਂ ਆਮ ਲੋਕਾਂ ਨੂੰ ਕੰਪਨੀ ਵੱਲੋਂ ਅਲਮਾਰੀ ਵਾਪਸ ਲੈਣ ਦੇ ਬਾਰੇ ਵਿਚ ਦੱਸਣਾ ਵੀ ਹੋਵੇਗਾ।

ਡੁਡੇਕ ਪਰਿਵਾਰ ਮਿਲਣ ਵਾਲੇ ਹਰਜ਼ਾਨੇ ਵਿਚੋਂ 10 ਲੱਖ ਡਾਲਰ (ਕਰੀਬ 7 ਕਰੋੜ ਰੁਪਏ) ਉਹਨਾਂ ਸੰਗਗਨਾਂ ਨੂੰ ਦਾਨ ਕਰੇਗਾ ਜਿਹਨਾਂ ਨੇ ਇਸ ਲਈ ਆਵਾਜ਼ ਚੁੱਕੀ। ਪੂਰੇ ਮਾਮਲੇ 'ਤੇ ਕੰਪਨੀ ਨੇ ਕਿਹਾ ਹੈ ਕਿ ਕੋਈ ਵੀ ਹਰਜ਼ਾਨਾ ਹੋਣ ਵਾਲੀਆਂ ਦੁਖਦਾਈ ਘਟਨਾਵਾਂ ਨੂੰ ਰੋਕ ਨਹੀਂ ਸਕਦਾ। ਸਾਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਇਸ ਮੁੱਦੇ 'ਤੇ ਚੱਲ ਰਹੀ ਅਦਾਲਤੀ ਕਾਰਵਾਈ ਕਿਸੇ ਮੰਜ਼ਿਲ ਤੱਕ ਪਹੁੰਚੀ।


Vandana

Content Editor

Related News