ਭਾਰਤ ਵਲੋਂ ਫੜੇ ਸ਼ੱਕੀ ਅੱਤਵਾਦੀ ਨਹੀਂ ਬਲਕਿ ਕਿਸਾਨ ਹਨ: ਪਾਕਿ
Sunday, Sep 08, 2019 - 03:04 PM (IST)

ਇਸਲਾਮਾਬਾਦ— ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਨੇ ਮਾਮਲੇ ਦੇ ਅੰਤਰਰਾਸ਼ਟਰੀਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਦੁਨੀਆ ਦੇ ਦੇਸ਼ਾਂ ਨੂੰ ਦਖਲ ਦੀ ਅਪੀਲ ਕੀਤੀ ਤੇ ਨਾਲ ਹੀ ਪਾਕਿਸਤਾਨ ਨੇ ਮਾਮਲੇ ਨੂੰ ਸੰਯੁਕਤ ਰਾਸ਼ਟਰ ਸੰਘ 'ਚ ਵੀ ਚੁੱਕਿਆ। ਇਸ ਦੌਰਾਨ ਉਸ ਨੇ ਮੁਸਲਿਮ ਰਾਗ ਵੀ ਗਾਇਆ ਪਰ ਹਰ ਮੰਚ ਤੋਂ ਉਸ ਨੂੰ ਨਾਂਹ ਹੀ ਸੁਣਨੀ ਪਈ।
ਹੁਣ ਪਾਕਿਸਤਾਨੀ ਫੌਜ ਨੇ ਭਾਰਤੀ ਫੌਜ 'ਤੇ ਝੂਠੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਹਨ। ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਕਿ ਭਾਰਤੀ ਫੌਜ ਜਾਣਬੁੱਝ ਕੇ ਪਾਕਿਸਤਾਨ ਦੇ ਕਿਸਾਨਾਂ ਨੂੰ ਅੱਤਵਾਦੀ ਐਲਾਨ ਕਰ ਰਹੀ ਹੈ। ਪਾਕਿਸਤਾਨੀ ਫੌਜ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਭਾਰਤੀ ਫੌਜ ਜਿਨ੍ਹਾਂ ਨੂੰ ਇਕ ਅੱਤਵਾਦੀ ਸੰਗਠਨ ਦੇ ਰੂਪ 'ਚ ਪ੍ਰਸਤੁਤ ਕਰ ਰਹੀ ਹੈ, ਉਹ ਦੋ ਕਿਸਾਨ ਗਲਤੀ ਨਾਲ ਕੰਟਰੋਲ ਲਾਈਨ ਪਾਰ ਕਰਕੇ ਭਾਰਤੀ ਸਰਹੱਦ 'ਚ ਦਾਖਲ ਹੋ ਗਏ ਸਨ।
ਜ਼ਿਕਰਯੋਗ ਹੈ ਕਿ ਭਾਰਤੀ ਫੌਜ ਦੀ 15 ਕਾਪਸ ਦੇ ਜਨਰਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਕੇ.ਜੇ.ਐੱਸ. ਢਿੱਲਣ ਨੇ ਚਾਰ ਸਤੰਬਰ ਨੂੰ ਦੋ ਅੱਤਵਾਦੀਆਂ ਨੂੰ ਜ਼ਿੰਦਾ ਫੜਨ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪੰਜ ਅਗਸਤ ਨੂੰ ਜੰਮੂ-ਕਸ਼ਮੀਰ 'ਚ ਲਾਗੂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਲਈ ਬੇਤਾਬ ਹੈ। ਲੈਫਟੀਨੈਂਟ ਜਨਰਲ ਢਿੱਲਣ ਨੇ ਕਿਹਾ ਸੀ ਕਿ ਘੁਸਪੈਠ ਦੀਆਂ ਅਜਿਹੀਆਂ ਹੀ ਕੋਸ਼ਿਸ਼ਾਂ ਨੂੰ ਅਸਫਲ ਕਰਦੇ ਹੋਏ ਫੌਜ ਨੇ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਨੂੰ ਜ਼ਿੰਦਾ ਫੜਿਆ ਹੈ। ਦੱਸ ਦਈਏ ਕਿ ਅਜੇ ਇਕ ਦਿਨ ਪਹਿਲਾਂ ਹੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਵੀ ਪਾਕਿਸਤਾਨ 'ਤੇ ਘਾਟੀ 'ਚ ਅਸਥਿਰਤਾ ਫੈਲਾਉਣ ਦੇ ਲਈ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਸੀ।