ਰਾਤ ਨੂੰ 2 ਵਜੇ ਵੀ ਪਰਵਾਸੀਆਂ ਦੀ ਮਦਦ ਕਰਦੀ ਹੈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ
Monday, Jun 26, 2017 - 10:59 AM (IST)

ਵਾਸ਼ਿੰਗਟਨ— ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਰਾਤ ਨੂੰ 2 ਵਜੇ ਵੀ ਉੱਠ ਕੇ ਮੁਸ਼ਕਿਲ ਵਿਚ ਫਸੇ ਪਰਵਾਸੀ ਭਾਰਤੀਆਂ ਦੀ ਮਦਦ ਕਰਦੀ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਦੀ ਹੈ। ਇਹ ਕਹਿਣਾ ਹੈ ਕਿ ਅਮਰੀਕਾ ਦੇ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ। ਮੋਦੀ ਨੇ ਕਿਹਾ ਕਿ ਸੁਸ਼ਮਾ ਨੇ ਆਪਣੇ ਮੰਤਰਾਲੇ ਦਾ ਕਾਰਜਭਾਰ ਪੂਰੀ ਜ਼ਿੰਮੇਵਾਰੀ ਨਾਲ ਸੰਭਾਲਿਆ ਹੈ ਅਤੇ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਫਸੇ ਭਾਰਤੀਆਂ ਦੀ ਮਦਦ ਲਈ ਸੋਸ਼ਲ ਮੀਡੀਆ ਦਾ ਪ੍ਰਭਾਵੀ ਤਰੀਕੇ ਨਾਲ ਇਸਤੇਮਾਲ ਕੀਤਾ ਹੈ।
ਵਰਜੀਨੀਆ ਵਿਚ ਭਾਈਚਾਰਕ ਸਮਾਗਮ ਦੌਰਾਨ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੋਸ਼ਲ ਮੀਡੀਆ ਅੱਜ ਦੇ ਸਮੇਂ ਵਿਚ ਬੇਹੱਦ ਸ਼ਕਤੀਸ਼ਾਲੀ ਹੋ ਗਿਆ ਹੈ। ਉਨ੍ਹਾਂ ਨੇ ਇਸ ਦੀ ਵਰਤੋਂ ਨਾਲ ਰਣਨੀਤਿਕ ਸੰਬੰਧਾਂ ਨੂੰ ਵੀ ਮਨੁੱਖਤਾ ਦਾ ਰੂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਗਰੀਬ ਤੋਂ ਗਰੀਬ ਵਿਅਕਤੀ ਵਿਦੇਸ਼ ਮੰਤਰਾਲੇ ਨਾਲ ਜੁੜਿਆ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਕਿਸੇ ਕੋਨੇ ਵਿਚ ਵੀ ਮੁਸ਼ਕਿਲ ਵਿਚ ਫਸਿਆ ਕੋਈ ਭਾਰਤੀ ਜੇਕਰ ਵਿਦੇਸ਼ ਮੰਤਰਾਲੇ ਨੂੰ ਟਵੀਟ ਕਰਦਾ ਹੈ ਤਾਂ ਸੁਸ਼ਮਾ ਸਵਰਾਜ 15 ਮਿੰਟਾਂ ਦੇ ਅੰਦਰ ਉਸ ਨੂੰ ਜਵਾਬ ਦਿੰਦੀ ਹੈ। ਫਿਰ ਚਾਹੇ ਰਾਤ ਦੇ 2 ਹੀ ਕਿਉਂ ਨਾ ਵੱਜੇ ਹੋਣ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿਚ 80,000 ਤੋਂ ਜ਼ਿਆਦਾ ਭਾਰਤੀ ਕਿਸੇ ਨਾ ਕਿਸੀ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਸਨ ਪਰ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸੁਰੱਖਿਅਤ ਭਾਰਤ ਲਿਆਉਣ ਵਿਚ ਸਫਲ ਰਹੀ ਹੈ। ਮੋਦੀ ਨੇ ਪਾਕਿਸਤਾਨ ਵਿਚ ਫਸੀ ਭਾਰਤੀ ਕੁੜੀ ਉਜ਼ਮਾ ਅਹਿਮਦ ਦੇ ਮਾਮਲੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੀ ਇਹ ਬੇਟੀ ਸੁਸ਼ਮਾ ਦੀਆਂ ਕੋਸ਼ਿਸ਼ਾਂ ਸਦਕਾ ਦੀ ਮੌਤ ਦੇ ਮੂੰਹ 'ਚੋਂ ਵਾਪਸ ਆ ਸਕੀ।