ਸੁਸ਼ਮਾ ਸਵਰਾਜ ਨੇ ਲਕਜ਼ਮਬਰਗ ਦੇ ਪੀ. ਐੱਮ. ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ ''ਤੇ ਹੋਈ ਚਰਚਾ
Wednesday, Jun 20, 2018 - 05:06 PM (IST)
ਲਕਜ਼ਮਬਰਗ ਸਿਟੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੁੱਧਵਾਰ ਨੂੰ ਲਕਜ਼ਮਬਰਗ ਦੇ ਪ੍ਰਧਾਨ ਮੰਤਰੀ ਜੇਵੀਅਰ ਬੇਟੈਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਵਪਾਰ ਅਤੇ ਨਿਵੇਸ਼, ਪੁਲਾੜ, ਡਿਜ਼ੀਟਲ ਭਾਰਤ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਮੇਲ-ਮਿਲਾਪ ਵਰਗੇ ਖੇਤਰਾਂ 'ਚ ਦੋ-ਪੱਖੀ ਸਹਿਯੋਗ ਵਧਾਉਣ ਦੇ ਤੌਰ-ਤਰੀਕਿਆਂ 'ਤੇ ਚਰਚਾ ਕੀਤੀ। 4 ਦੇਸ਼ਾਂ ਦੀ ਆਪਣੀ ਯਾਤਰਾ ਦੇ ਤੀਜੇ ਪੜਾਅ ਵਿਚ ਕੱਲ ਇੱਥੇ ਪਹੁੰਚੀ ਸੁਸ਼ਮਾ ਲਕਜ਼ਮਬਰਗ ਦੀ ਯਾਤਰਾ ਕਰਨ ਵਾਲੀ ਭਾਰਤ ਦੀ ਪਹਿਲੀ ਵਿਦੇਸ਼ ਮੰਤਰੀ ਬਣ ਗਈ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ, ''ਬਹੁਤ ਹੀ ਦੋਸਤਾਨਾ ਮਾਹੌਲ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਾਰਤ ਦੇ ਦੋਸਤ ਲਕਜ਼ਮਬਰਗ ਦੇ ਪ੍ਰਧਾਨ ਮੰਤਰੀ ਜੇਵੀਅਰ ਬੇਟੈਲ ਨਾਲ ਮੁਲਾਕਾਤ ਕੀਤੀ। ਰਵੀਸ਼ ਕੁਮਾਰ ਮੁਤਾਬਕ ਉਨ੍ਹਾਂ ਨੇ ਲਕਜ਼ਮਬਰਗ ਦੇ ਗ੍ਰਾਂਡ ਡਿਊਕ (ਸ਼ਾਹੀ ਪਰਿਵਾਰ ਦੇ ਮੁਖੀ) ਹੈਨਰੀ ਗੈਬ੍ਰੀਅਲ ਫੇਲੀਕਸ ਮੈਰੀ ਗੁਈਲੌਮੇ ਨਾਲ ਵੀ ਮੁਲਾਕਾਤ ਕੀਤੀ। ਸੁਸ਼ਮਾ ਨੇ ਉਨ੍ਹਾਂ ਨਾਲ ਭਾਰਤ ਅਤੇ ਲਕਜ਼ਮਬਰਗ ਵਿਚਾਲੇ 70 ਸਾਲ ਪੁਰਾਣੇ ਕੂਟਨੀਤਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਆਪਣੇ ਦੋ-ਪੱਖੀ ਸੰਬੰਧ ਨੂੰ ਨਵੀਂ ਉੱਚਾਈ ਪ੍ਰਦਾਨ ਕਰਨ 'ਤੇ ਚਰਚਾ ਕੀਤੀ। ਦੱਸਣਯੋਗ ਹੈ ਕਿ ਭਾਰਤ ਅਤੇ ਲਕਜ਼ਮਬਰਗ ਆਪਣੇ ਕੂਟਨੀਤਕ ਰਿਸ਼ਤੇ ਦਾ 70ਵਾਂ ਸਾਲ ਮਨਾ ਰਹੇ ਹਨ। ਸੁਸ਼ਮਾ ਸਵਰਾਜ ਇਟਲੀ, ਫਰਾਂਸ, ਲਕਜ਼ਮਬਰਗ ਅਤੇ ਬੈਲਜੀਅਮ 4 ਦੇਸ਼ਾਂ ਦੀ ਯਾਤਰਾ 'ਤੇ 7 ਦਿਨਾਂ ਦੇ ਦੌਰੇ 'ਤੇ ਹੈ। ਸੁਸ਼ਮਾ ਸਵਰਾਜ ਇਟਲੀ ਅਤੇ ਫਰਾਂਸ ਦਾ ਦੌਰਾ ਕਰ ਚੁੱਕੀ ਹੈ। ਆਪਣੀ ਯਾਤਰਾ ਦੇ ਆਖਰੀ ਪੜਾਅ ਵਿਚ ਉਹ 20-23 ਜੂਨ ਨੂੰ ਬੈਲਜੀਅਮ ਵਿਚ ਰਹੇਗੀ।
