ਕਲਾਸਾਂ ’ਚ ਨੀਂਦ ਪੂਰੀ ਕਰਦੇ ਨੇ 60 ਫੀਸਦੀ ਚੀਨੀ ਵਿਦਿਆਰਥੀ
Monday, Mar 18, 2019 - 09:22 AM (IST)

ਪੇਈਚਿੰਗ, (ਯੂ. ਐੱਨ. ਆਈ.)— ਇਲੈਕਟ੍ਰਾਨਿਕਸ ਉਪਕਰਣਾਂ ਦੀ ਵੱਧ ਵਰਤੋਂ ਤੇ ਹੋਮਵਰਕ ਦੇ ਭਾਰੀ ਬੋਝ ਹੇਠ ਦੱਬੇ ਚੀਨ ਦੇ 60 ਫੀਸਦੀ ਤੋਂ ਵੱਧ ਵਿਦਿਆਰਥੀ ਰਾਤ ਨੂੰ ਪੂਰੀ ਨੀਂਦ ਨਾ ਲੈਣ ਕਾਰਨ ਕਲਾਸਾਂ ’ਚ ਸੌਂਦੇ ਹਨ। ਚਾਈਨਾ ਡੇਲੀ ਅਨੁਸਾਰ ‘ਚੇਨੀਜ਼ ਸਲੀਪ ਰਿਸਰਚ ਸੋਸਾਇਟੀ’ ਦੀ ਜਾਰੀ ਰਿਪੋਰਟ ’ਚ ਇਹ ਖੁਲਾਸਾ ਕੀਤਾ। ਰਿਪੋਰਟ ’ਚ ਕਿਹਾ ਹੈ ਕਿ ਪਿਛਲੇ ਸਾਲ ਦੇ ਅੰਤ ਵਿਚ ਅਤੇ ਇਸ ਸਾਲ ਜਨਵਰੀ ’ਚ ਹਾਂਗਕਾਂਗ, ਮਕਾਊ ਤੇ ਤਾਇਵਾਨ ਸਮੇਤ ਪੂਰੇ ਦੇਸ਼ ’ਚ 6 ਤੋਂ 17 ਸਾਲ ਉਮਰ ਵਰਗ ਦੇ ਕਰੀਬ 70 ਹਜ਼ਾਰ ਵਿਦਿਆਰਥੀਆਂ ਅਤੇ ਲੜਕਿਆਂ ’ਤੇ ਇਹ ਸਰਵੇ ਕੀਤਾ ਗਿਆ, ਜਿਸ ਵਿਚ ਇਹ ਨਤੀਜਾ ਆਇਆ ਹੈ।
ਵੱਧ ਰਹੀ ਅਲਜ਼ਾਈਮਰ ਦੀ ਸ਼ੰਕਾ-
ਰਿਪੋਰਟ ਅਨੁਸਾਰ ਹੋਮਵਰਕ ਦਾ ਤਣਾਅ ਤੇ ਇਲੈਕਟ੍ਰਾਨਿਕਸ ਉਪਰਕਰਣਾਂ ਦੀ ਵਰਤੋਂ ਨੀਂਦ ’ਚ ਰੁਕਾਵਟ ਬਣਨ ਦੇ ਦੋ ਅਹਿਮ ਕਾਰਨ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਨੀਂਦ ਪੂਰੀ ਨਾ ਹੋਣ ਨਾਲ ਅਲਜ਼ਾਈਮਰ ਦੀ ਲਪੇਟ ’ਚ ਆਉਣ ਦੀ ਸ਼ੰਕਾ ਵਧ ਜਾਂਦੀ ਹੈ। ਪੂਰੀ ਤੇ ਡੂੰਘੀ ਨੀਂਦ ਦੌਰਾਨ ਹੀ ਮਨੁੱਖ ਦੇ ਦਿਮਾਗ ’ਚ ਡਾਟਾ ਇਕੱਠਾ ਹੁੰਦਾ ਹੈ ਤੇ ਇਸ ਨੂੰ ਯਾਦ ਕਰਨਾ ਆਸਾਨ ਹੋ ਜਾਂਦਾ ਹੈ। ਡਾਕਟਰ ਪ੍ਰੀਖਿਆ ਦੇ ਸਮੇਂ ਰਾਤ ਨੂੰ ਪੜ੍ਹਨ ਦੀ ਬਜਾਏ ਚੰਗੀ ਨੀਂਦ ਲੈਣ ਦੀ ਸਲਾਹ ਦਿੰਦੇ ਹਨ।