ਮਹਿੰਗਾਈ ਨਾਲ ਜੂਝ ਰਹੇ ਇਸ ਦੇਸ਼ ਨੇ ਬਦਲੀ ਕਰੰਸੀ, 10 ਲੱਖ ਦਾ ਨੋਟ ਬਣਿਆ ਸਿਰਫ 1 ਰੁਪਿਆ
Friday, Aug 06, 2021 - 07:20 PM (IST)
ਇੰਟਰਨੈਸ਼ਨਲ ਡੈਸਕ : ਬਹੁਤ ਜ਼ਿਆਦਾ ਮਹਿੰਗਾਈ ਨਾਲ ਜੂਝ ਰਹੇ ਦੇਸ਼ ਵੈਨੇਜ਼ੁਏਲਾ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਸਥਾਨਕ ਕਰੰਸੀ ਨੂੰ 10 ਲੱਖ ਤੋਂ ਬਦਲਦਿਆਂ ਸਿਰਫ 1 ਬੋਲੀਵਰ ਕਰ ਰਿਹਾ ਹੈ। ਇਹ ਬਦਲਾਅ 1 ਅਕਤੂਬਰ ਤੋਂ ਲਾਗੂ ਹੋ ਜਾਵੇਗਾ। ਨਵੀਂ ਕਰੰਸੀ ਵਿਵਸਥਾ ਕਾਰਨ ਮੌਜੂਦਾ ਸਮੇਂ ’ਚ 10 ਲੱਖ ਬੋਲੀਵਰ ਦੀ ਕੀਮਤ 1 ਬੋਲੀਵਰ ਹੋ ਜਾਵੇਗੀ। ਬਹੁਤ ਜ਼ਿਆਦਾ ਮਹਿੰਗਾਈ ਨਾਲ ਜੂਝ ਰਹੇ ਦੱਖਣੀ ਅਮਰੀਕੀ ਦੇਸ਼ ਦੀ ਕਰੰਸੀ ’ਚ ਸਾਲਾਂ ਤੋਂ ਗਿਰਾਵਟ ਆ ਰਹੀ ਹੈ। ਵੈਨੇਜ਼ੁਏਲਾ ਡਿਜੀਟਲ ਕਾਇਨ ‘ਰਿਜ਼ਰਵ’ ਉੱਤੇ ਆਧਾਰਿਤ ਇਕ ਕ੍ਰਿਪਟੋ ਕਰੰਸੀ ਕ੍ਰਾਂਤੀ ਰਾਹੀਂ ਹਾਲਾਤ ਨੂੰ ਆਮ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ : ਅਫਗਾਨਿਸਤਾਨ : ਤਾਲਿਬਾਨ ਨੇ ਸਰਕਾਰੀ ਮੀਡੀਆ ਵਿਭਾਗ ਦੇ ਮੁਖੀ ਦਾ ਕੀਤਾ ਕਤਲ
ਡਿਜੀਟਲ ਕਰੰਸੀ ਮਾਰਚ 2020 ਤੋਂ ਹੀ ਪ੍ਰਚਲਨ ’ਚ ਹੈ। ਨਵੀਂ ਕਰੰਸੀ ਵਿਵਸਥਾ ਦਾ ਮੁੱਖ ਮਕਸਦ ਦੇਸ਼ ਦੀ ਅਰਥਵਿਵਸਥਾ ਨੂੰ ਮੰਦੀ ਤੋਂ ਉਭਾਰਨਾ ਹੈ। 10 ਲੱਖ ਬੋਲੀਵਰ ਦੇ ਨੋਟਾਂ ਨੂੰ ਖਤਮ ਕਰਨ ਦਾ ਫ਼ੈਸਲਾ ਦੇਸ਼ ਵੱਲੋਂ ਲਾਗੂ ਕੀਤੀਆਂ ਗਈਆਂ ਕਰੰਸੀ ਤਬਦੀਲੀਆਂ ਦਾ ਇਕ ਹੋਰ ਪ੍ਰਯੋਗ ਹੋਵੇਗਾ। ਇਕ ਨਵਾਂ 100 ਬੋਲੀਵਰ ਦਾ ਨੋਟ ਨਵੀਆਂ ਤਬਦੀਲੀਆਂ ਤੋਂ ਬਾਅਦ ਸਭ ਤੋਂ ਵੱਡਾ ਨੋਟ ਹੋਵੇਗਾ। ਸੰਚਾਰ ਮੰਤਰੀ ਫ੍ਰੇਡੀ ਨਾਨੇਜ ਨੇ ਟਵੀਟ ਕਰ ਕੇ ਕਿਹਾ ਕਿ ਦੇਸ਼ ਦਾ ਕੇਂਦਰੀ ਬੈਂਕ 5, 10, 20, 50 ਤੇ 100 ਬੋਲੀਵਰ ਦੇ ਅੰਕਿਤ ਮੁੱਲ ਤੇ 1 ਬੋਲੀਵਰ ਦੇ ਸਿੱਕੇ ਨਾਲ ਨਵੇਂ ਨੋਟ ਜਾਰੀ ਕਰੇਗਾ। ਇਹ ਤਬਦੀਲੀ 1 ਅਕਤੂਬਰ ਤੋਂ ਨਵੇਂ ਨੋਟ ਜਾਰੀ ਹੋਣ ਦੇ ਨਾਲ ਹੀ ਲਾਗੂ ਹੋ ਜਾਵੇਗੀ।
ਜ਼ਿਕਰਯੋਗ ਹੈ ਕਿ ਵੈਨੇਜ਼ੁਏਲਾ ਪਿਛਲੇ 5 ਸਾਲਾਂ ਤੋਂ ਆਰਥਿਕ ਮੰਦੀ ਨਾਲ ਜੂਝ ਰਿਹਾ ਹੈ। ਅਮਰੀਕੀ ਡਾਲਰ ਦੇ ਵਧਦੇ ਮੁੱਲ ਕਾਰਨ ਖਾਣ-ਪੀਣ ਵਾਲੀਆਂ ਕੀਮਤਾਂ ਆਸਮਾਨ ’ਤੇ ਚੜ੍ਹ ਗਈਆਂ ਹਨ ਤੇ ਲੱਖਾਂ ਲੋਕ ਗਰੀਬ ਹੋ ਗਏ ਹਨ। ਇਸ ਸਾਲ ਮਈ ’ਚ ਵੀ ਉਪਭੋਗਤਾ ਕੀਮਤਾਂ ’ਚ 28.5 ਫੀਸਦੀ ਦਾ ਵਾਧਾ ਹੋਇਆ ਸੀ ਤੇ ਸਾਲਾਨ ਮੁਦਰਾਸਫਿਤੀ ਦੀ ਦਰ 2,729 ਫੀਸਦੀ ਨੂੰ ਪਾਰ ਕਰ ਗਈ ਸੀ। ਇਸ ਤੋਂ ਇਲਾਵਾ ਵੈਨੇਜ਼ੁਏਲਾ ਦੀ ਮਾਸਿਕ ਘੱਟੋ-ਘੱਟ ਤਨਖਾਹ 3 ਡਾਲਰ ਰਹੀ। ਵੈਨੇਜ਼ੁਏਲਾ ’ਚ ਮਹਿੰਗਾਈ ਸਿਖਰਾਂ ’ਤੇ ਪਹੁੰਚੀ ਹੋਈ ਹੈ, ਜਿਸ ਕਾਰਨ ਪੰਜ ਲੀਟਰ ਪਾਣੀ ਦੀ ਬੋਤਲ ਖਰੀਦਣ ਲਈ 74 ਲੱਖ ਬੋਲੀਵਰ ਦੀ ਲੋੜ ਪੈਂਦੀ ਹੈ, ਜੋ 1.84 ਡਾਲਰ ਦੇ ਬਰਾਬਰ ਹੈ। ਇਸ ਤੋਂ ਵੈਨੇਜ਼ੁਏਲਾ ਦੀ ਵਿਗੜੀ ਹੋਈ ਆਰਥਿਕ ਹਾਲਤ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਸਕਦਾ ਹੈ।