ਪੈਰਿਸ ''ਚ ਹੜਤਾਲ ਕਾਰਨ ਭਾਰੀ ਟ੍ਰੈਫਿਕ ਜਾਮ, ਖੱਜਲ ਹੋ ਰਹੇ ਨੇ ਲੋਕ

Friday, Sep 13, 2019 - 06:03 PM (IST)

ਪੈਰਿਸ ''ਚ ਹੜਤਾਲ ਕਾਰਨ ਭਾਰੀ ਟ੍ਰੈਫਿਕ ਜਾਮ, ਖੱਜਲ ਹੋ ਰਹੇ ਨੇ ਲੋਕ

ਪੈਰਿਸ (ਏ.ਪੀ.)- ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ਸਰਕਾਰ ਵਲੋਂ ਪੈਨਸ਼ਨ ਵਿਚ ਵਿਸਥਾਰਤ ਪੈਮਾਨੇ 'ਤੇ ਕੀਤੇ ਗਏ ਸੁਧਾਰਾਂ ਖਿਲਾਫ ਵਿਰੋਧ ਜਤਾਉਣ ਲਈ ਕੀਤੀ ਗਈ ਵਿਆਪਕ ਹੜਤਾਲ ਨੇ ਪੈਰਿਸ ਦੇ ਜਨਤਕ ਟਰਾਂਸਪੋਰਟ ਦੀ ਸ਼ੁੱਕਰਵਾਰ ਨੂੰ ਰਫਤਾਰ ਰੋਕ ਦਿੱਤੀ। ਪੈਰਿਸ ਜਨਤਕ ਟਰਾਂਸਪੋਰਟ ਕੰਪਨੀ ਆਰ.ਏ.ਟੀ.ਪੀ. ਨੇ ਕਿਹਾ ਕਿ ਮੈਟਰੋ ਦੀਆਂ 10 ਲਾਈਨਾਂ ਬੰਦ ਰਹੀਆਂ ਅਤੇ ਆਰ.ਈ.ਆਰ. ਉਪਨਗਰੀ ਰੇਲ ਸਣੇ ਕਈ ਹੋਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਰਹੀਆਂ। ਬੱਸ ਅਤੇ ਟ੍ਰਾਮ ਸੇਵਾਵਾਂ ਵੀ ਪ੍ਰਭਾਵਿਤ ਰਹੀਆਂ। ਪਲੇਟਫਾਰਮਾਂ 'ਤੇ ਫਰੈਂਚ ਅਤੇ ਅੰਗਰੇਜ਼ੀ ਵਿਚ ਸੰਦੇਸ਼ ਲਿੱਖੇ ਹੋਏ ਸਨ ਜਿਨ੍ਹਾਂ ਵਿਚ ਯਾਤਰੀਆਂ ਨੂੰ ਹੜਤਾਲ ਪ੍ਰਤੀ ਸੁਚੇਤ ਕੀਤਾ ਗਿਆ ਸੀ। 2007 ਤੋਂ ਬਾਅਦ ਤੋਂ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਹੜਤਾਲ ਹੈ।

ਹੜਤਾਲ ਦੇ ਬਾਵਜੂਦ ਜੋ ਟ੍ਰੇਨਾਂ ਚੱਲ ਰਹੀਆਂ ਸਨ ਉਨ੍ਹਾਂ ਵਿਚ ਆਮ ਦਿਨਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਭੀੜ ਦੇਖਣ ਨੂੰ ਮਿਲੀ ਕਿਉਂਕਿ ਅਧਿਕਾਰੀਆਂ ਨੇ ਪੈਰਿਸ ਖੇਤਰ ਵਿਚ ਰਹਿਣ ਵਾਲੇ ਲੋਕਾਂ ਨੂੰ ਘਰੋਂ ਕੰਮ ਕਰਵਾਉਣ ਜਾਂ ਆਵਾਜਾਈ ਦੇ ਹੋਰ ਸਾਧਨਾਂ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਸੀ। ਸੜਕਾਂ 'ਤੇ ਨਜ਼ਰ ਰੱਖ ਰਹੀ ਸਰਕਾਰੀ ਵੈਬਸਾਈਟ ਨੇ ਫ੍ਰੈਂਚ ਰਾਜਧਾਨੀ ਵਿਚ ਅਤੇ ਉਸ ਦੇ ਨੇੜੇ-ਤੇੜੇ ਭਿਆਨਕ ਟ੍ਰੈਫਿਕ ਜਾਮ ਦਿਖਾਇਆ। ਆਰ.ਏ.ਟੀ.ਪੀ. ਦੇ ਮੁਲਾਜ਼ਮ ਪੈਨਸ਼ਨ ਸੁਧਾਰ ਦਾ ਵਿਰੋਧ ਕਰ ਰਹੇ ਹਨ, ਜਿਸ ਨੂੰ ਅਗਲੇ ਸਾਲ ਤੋਂ ਲਾਗੂ ਕਰਨ ਦੀ ਯੋਜਨਾ ਹੈ। ਇਸ ਤਹਿਤ ਸੇਵਾਮੁਕਤੀ ਦੀ ਉਮਰ ਵਧਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਨ੍ਹਾਂ ਸੁਧਾਰਾਂ ਨੂੰ ਅਗਲੇ ਸਾਲ ਬਹਿਸ ਲਈ ਰਸਮੀ ਰੂਪ ਨਾਲ ਸੰਸਦ ਵਿਚ ਪੇਸ਼ ਕੀਤਾ ਜਾਵੇਗਾ।


author

Sunny Mehra

Content Editor

Related News