ਚੀਨ: ਸ਼ੰਘਾਈ ''ਚ ਤਬਾਹੀ ਮਚਾਉਣ ਮਗਰੋਂ ਪੂਰਬੀ ਤੱਟ ਵੱਲ ਵਧਿਆ ਤੂਫਾਨ ''ਮੁਈਫਾ''
Thursday, Sep 15, 2022 - 02:00 PM (IST)
ਬੀਜਿੰਗ (ਏਜੰਸੀ)- ਤੂਫਾਨ 'ਮੁਈਫਾ' ਵੀਰਵਾਰ ਨੂੰ ਚੀਨ ਦੇ ਪੂਰਬੀ ਤੱਟ ਵੱਲ ਵੱਧ ਰਿਹਾ ਹੈ। ਇਸ ਤੋਂ ਪਹਿਲਾਂ ਬੀਤੀ ਰਾਤ ਤੂਫ਼ਾਨ ਕਾਰਨ ਸ਼ੰਘਾਈ ਸ਼ਹਿਰ ਵਿੱਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪਿਆ। ਚੀਨ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਬੁੱਧਵਾਰ ਦੇਰ ਰਾਤ ਤੂਫਾਨ ਦੇ ਤੱਟ ਨਾਲ ਟਕਰਾਉਣ ਤੋਂ ਬਾਅਦ ਵੱਧ ਤੋਂ ਵੱਧ 125 ਕਿਲੋਮੀਟਰ (77 ਮੀਲ) ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਪਰ ਸਵੇਰ ਤੱਕ ਇਹ ਤੂਫਾਨ ਕਮਜ਼ੋਰ ਹੋ ਕੇ ਇੱਕ ਗਰਮ ਚੱਕਰਵਾਤ ਵਿੱਚ ਬਦਲ ਗਿਆ।
ਵੀਰਵਾਰ ਨੂੰ ਇਸ ਦੇ ਜਿਆਂਗਸੂ ਸੂਬੇ ਦੇ ਪੂਰਬੀ ਹਿੱਸਿਆਂ ਵੱਲ ਵਧਣ ਅਤੇ ਕਮਜ਼ੋਰ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਸ਼ੰਘਾਈ ਖੇਤਰ 'ਚ ਤੂਫਾਨ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਜਨਤਕ ਆਵਾਜਾਈ ਸੇਵਾਵਾਂ ਵੀਰਵਾਰ ਨੂੰ ਮੁੜ ਸ਼ੁਰੂ ਹੋ ਗਈਆਂ। ਇਸ ਤੋਂ ਪਹਿਲਾਂ ਤੂਫਾਨ ਦੇ ਖੇਤਰ 'ਚੋਂ ਲੰਘਣ ਸਮੇਂ ਇਨ੍ਹਾਂ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਸੋਸ਼ਲ ਮੀਡੀਆ 'ਤੇ ਦੱਖਣੀ ਸ਼ੰਘਾਈ ਸ਼ਹਿਰ ਨਿੰਗਬੋ 'ਚ ਪਾਣੀ ਭਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਬੀਤੀ ਰਾਤ ਹੋਈ ਭਾਰੀ ਬਾਰਿਸ਼ ਤੋਂ ਬਾਅਦ ਕਈ ਸਕੂਟਰ ਅਤੇ ਕਾਰਾਂ ਪਾਣੀ 'ਚ ਡੁੱਬੀਆਂ ਨਜ਼ਰ ਆ ਰਹੀਆਂ ਹਨ।